ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸ਼ਨਿਕ ਸਰਗਰਮੀਆਂ ਤੇਜ
- ਆਰ.ਓ ਵਲੋਂ ਸਿਆਸੀ ਪਾਰਟੀਆਂ, ਸੁਪਰਵਾਈਜ਼ਰਾਂ ਨਾਲ ਮੀਟਿੰਗ
ਪਰਦੀਪ ਕਸਬਾ ,ਸੰਗਰੂਰ, 11 ਜਨਵਰੀ:2022
ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜਿ਼ਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਸੰਗਰੂਰ ਸ਼੍ਰੀ ਚਰਨਜੋਤ ਸਿੰਘ ਵਾਲੀਆ ਵੱਲੋ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸੁਪਰਵਾਇਜ਼ਰ ਅਤੇ ਸੈਕਟਰ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ ।ਜਿਸ ਵਿੱਚ ਰਿਟਰਨਿੰਗ ਅਫ਼ਸਰ ਵੱਲੋਂ ਰਾਜਨੀਤਿਕ ਪਾਰਟੀਆਂ, ਸੂਪਰਵਾਇਜ਼ਰ ਅਤੇ ਸੈਕਟਰ ਅਫ਼ਸਰਾਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਜ਼ਾਬਤੇ ਸਬੰਧੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਰਿਟਰਨਿੰਗ ਅਫ਼ਸਰ ਵੱਲੋਂ ਸੈਕਟਰ ਅਫ਼ਸਰ ਅਤੇ ਵੱਖ-ਵੱਖ ਚੋਣ ਅਮਲੇ ਨੂੰ ਚੋਣ ਜਾਬਤੇ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਮਾਨਦਾਰੀ ਅਤੇ ਆਪਸੀ ਤਾਲਮੇਲ ਨਾਲ ਡਿਊਟੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਰਿਟਰਨਿੰਗ ਅਫ਼ਸਰ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ ਵੱਧ ਤੋਂ ਵੱਧ 40 ਲੱਖ ਰੁਪਏ ਦਾ ਖਰਚਾ ਕਰਨ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਅਤੇ ਉਮੀਦਵਾਰਾਂ ਦੁਆਰਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਨਾਲ ਹੀ ਉਮੀਦਵਾਰਾਂ ਲਈ ਚੋਣ ਖਰਚਿਆਂ ਦਾ ਸਹੀ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਚੋਣ ਕਮਿਸ਼ਨ ਵੱਲੋਂ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।