ਰੱਸਿਆਂ ਨਾਲ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਬਣਾਇਆ ਘੇਰਾ, ਨਾਅਰੇਬਾਜ਼ੀ ਜ਼ਾਰੀ
ਪ੍ਰਦਰਸ਼ਨਕਾਰੀਆਂ ਦੀ ਗਿਰਫਤਾਰੀ ਦੀ ਪੁਲਿਸ ਨੇ ਖਿੱਚ ਲਈ ਤਿਆਰੀ
ਹਰਿੰਦਰ ਨਿੱਕਾ, ਬਰਨਾਲਾ 6 ਜਨਵਰੀ 2022
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸੁਰੱਖਿਅਤ ਰਾਹ ਦੇਣ ਵਿੱਚ ਅਸਮਰੱਥ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰ ਸਿੱਧੂ ਦੀ ਬਰਨਾਲਾ ਅਨਾਜ ਮੰਡੀ ਵਿਖੇ ਹੋਣ ਵਾਲੀ ਰਾਜਸੀ ਰੈਲੀ ਵੱਲ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਅੱਗੇ ਵੱਧਦੀਆਂ ਐਨਐਚਐਮ ਮੁਲਾਜ਼ਮਾਂ ਦਾ ਪੁਲਿਸ ਪ੍ਰਸ਼ਾਸ਼ਨ ਨੇ ਰੱਸਿਆਂ ਦਾ ਘੇਰਾ ਬਣਾ ਕੇ ਰਾਹ ਡੱਕ ਲਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਭੜਕੀਆਂ ਮੁਲਾਜਮਾਂ ਨੇ ਪੰਜਾਬ ਸਰਕਾਰ, ਪੰਜਾਬ ਪੁਲਿਸ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀ ਰੈਲੀ ਵੱਲ ਰੋਸ ਮਾਰਚ ਕਰਨ ਲਈ ਅੜੇ ਹੋਏ ਹਨ, ਜਦੋਂਕਿ ਪੁਲਿਸ ਆਪਣੇ ਆਕਾਂਵਾਂ ਦੇ ਹੁਕਮਾਂ ਤੇ ਫੁੱਲ ਚੜਾਉਣ ਲਈ ਪ੍ਰਦਰਸ਼ਨਕਾਰੀਆਂ ਨੂੰ ਗਿਰਫਤਾਰ ਕਰਨ ਲਈ ਕਾਹਲੀ ਜਾਪਦੀ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਲਈ ਇੱਕ ਬੱਸ ਲਿਆ ਕੇ ਉੱਥੇ ਖੜ੍ਹੀ ਕਰ ਦਿੱਤੀ ਹੈ। ਇਸ ਮੌਕੇ ਯੂਨੀਅਨ ਆਗੂ ਕਮਲਜੀਤ ਕੌਰ ਨੇ ਕਿਹਾ ਕਿ ਅਸੀਂ ਆਰਥਿਕ ਨੁਕਸਾਨ ਦੇ ਨਾਲ ਨਾਲ ‘ਕੱਚੇ’ ਹੋਣ ਦਾ ਸੰਤਾਪ ਹੰਢਾਉਣ ਕਾਰਨ ਸਮਾਜਿਕ ਤੇ ਮਾਨਸਿਕ ਸੰਤਾਪ ਵੀ ਹੰਢਾ ਰਹੇ ਹਾਂ। ਪਰੰਤੂ ਸਰਕਾਰ ਸਾਡੀ ਗੱਲ ਸੁਣਨ ਲਈ ਵੀ ਤਿਆਰ ਨਹੀਂ, ਅੱਜ ਜਦੋਂ ਅਸੀਂ ਆਪਣੀ ਮੰਗਾਂ ਤੋਂ ਜਾਣ ਕਰਵਾਉਣ ਲਈ ਨਵਜੋਤ ਸਿੱਧੂ ਦੀ ਰੈਲੀ ਵੱਲ ਜਾ ਰਹੇ ਹਾਂ, ਤਾਂ ਉੱਧਰ ਜਾਣ ਤੋਂ ਵੀ ਪੁਲਿਸ ਦੇ ਜ਼ੋਰ ਤੇ ਰੋਕਿਆ ਜਾ ਰਿਹਾ ਹੈ। ਇਸ ਮੌਕੇ ਯੂਨੀਅਨ ਦੀ ਜਿਲ੍ਹਾ ਆਗੂ ਸੰਦੀਪ ਕੌਰ ਸੀਐਚਓ ,ਨੀਰਜ ,ਹਰਜੀਤ ਸਿੰਘ,ਮਨਜਿੰਦਰ ਸਿੰਘ,ਨਵਦੀਪ ਸਿੰਘ,ਕਮਲਜੀਤ ਕੌਰ ਪੱਤੀ,ਲਖਵੰਤ ਸਿੰਘ,ਜਸਵਿੰਦਰ ਸਿੰਘ,,ਯਾਦਵਿੰਦਰ ਸਿੰਘ,ਵਿਪਨ,ਵੀਰਪਾਲ ਕੌਰ,ਨਰਿੰਦਰ ਸਿੰਘ,ਸੁਖਪਾਲ ਸਿੰਘ,ਰੁਪਿੰਦਰ ਕੌਰ ਆਦਿ ਨੇ ਕਿਹਾ ਕਿ ਅਸੀਂ ਆਪਣੀਆਂ ਅਸਾਮੀਆਂ ਦੀ ਯੋਗਤਾ ਪੂਰੀ ਕਰਦੇ ਹਾਂ ਪਰ ਸਰਕਾਰ ਵੱਲੋਂ ਸਾਨੂੰ ਰੈਗੂਲਰ ਨਾ ਕਰਕੇ ਸਾਡੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।