ਕਿਰਤੀ ਕਿਸਾਨ ਯੂਨੀਅਨ ਨੇ ਬੰਗਾ ਤੇ ਔੜ ਇਲਾਕਿਆਂ ‘ਚ ਕੱਢਿਆ ਧੰਨਵਾਦ ਮਾਰਚ
ਖੱਟਕੜ ਕਲਾਂ ਤੋਂ ਚੱਲਕੇ ਸਕੋਹ ਪੁਰ ਵਿਚ ਹੋਇਆ ਸਮਾਪਤ
ਪਰਦੀਪ ਕਸਬਾ , ਬੰਗਾ 30 ਦਸੰਬਰ 2021
ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਬੰਗਾ ਅਤੇ ਔੜ ਇਲਾਕੇ ਦੇ ਪਿੰਡਾਂ ਵਿਚ ਧੰਨਵਾਦ ਮਾਰਚ ਕੱਢਿਆ ਗਿਆ ।ਟਰੈਕਟਰਾਂ ਦਾ ਕਾਫਲਾ ਸਵੇਰੇ 10 ਵਜੇ ਪਿੰਡ ਖੱਟਕੜ ਕਲਾਂ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੋਂ ਰਵਾਨਾ ਹੋਇਆ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਬੈਂਸ , ਭੁਪਿੰਦਰ ਸਿੰਘ ਵੜੈਚ , ਸੁਰਿੰਦਰ ਸਿੰਘ ਬੈਂਸ , ਸੋਹਣ ਸਿੰਘ ਅਟਵਾਲ , ਕਸ਼ਮੀਰੀ ਲਾਲ ਮੰਗੂਵਾਲ , ਸੁੱਚਾ ਸਿੰਘ ਬੈਂਸ , ਕਸ਼ਮੀਰ ਸਿੰਘ , ਬੂਟਾ ਸਿੰਘ ਮਹਿਮੂਦ ਪੁਰ , ਪਰਮਜੀਤ ਸ਼ਹਾਬਪੁਰ,ਜਰਨੈਲ ਸਿੰਘ ਕਾਹਮਾ , ਕਸ਼ਮੀਰ ਸਿੰਘ ਕਾਹਮਾ , ਸੁਰਿੰਦਰ ਸਿੰਘ ਮਹਿਰਮ ਪੁਰ , ਹਰੀ ਰਾਮ ਰਸੂਲਪੁਰੀ , ਕਾਲਾ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਬਹੁਤ ਵੱਡੀ ਜਿੱਤ ਹੈ।
ਇਹ ਪਹਿਲਾ ਘੋਲ ਹੈ ਜਿਸਨੇ ਮਨਮਰਜ਼ੀ ਕਰਨ ਵਾਲੀ ਹੈਂਕੜਬਾਜ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਹੈ।ਜਮੀਨ ਦੀ ਰਾਖੀ ਲਈ ਜਿਸ ਤਰ੍ਹਾਂ ਕਿਸਾਨਾਂ ਨੇ ਹਿੰਮਤ ਅਤੇ ਹੌਸਲਾ ਦਿਖਾਇਆ ਉਸਤੋਂ ਸਾਬਤ ਹੁੰਦਾ ਹੈ ਕਿ ਦੇਸ਼ ਵਿਚ ਜਮੀਨ ਦਾ ਸਵਾਲ ਬਹੁਤ ਅਹਿਮ ਸਵਾਲ ਹੈ।ਉਹਨਾਂ ਕਿਹਾ ਕਿ ਘੋਲ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਕੰਮ ਵਿਧਾਨ ਘਾੜੇ ਨਹੀਂ ਕਰ ਸਕਦੇ ਜੋ ਕੰਮ ਕਿਸਾਨਾਂ ਨੇ ਸੰਘਰਸ਼ ਵਿਚ ਪੈ ਕੇ ਕੀਤਾ ਹੈ।
ਇਸ ਘੋਲ ਵਿਚ ਮਜਦੂਰਾਂ, ਔਰਤਾਂ, ਵਪਾਰੀਆਂ, ਵਿਦਿਆਰਥੀਆਂ, ਨੌਜਵਾਨਾਂ ਨੇ ਵੀ ਅਹਿਮ ਹਿੱਸਾ ਪਾਇਆ ਹੈ।ਆਗੂਆਂ ਨੇ ਪਿੰਡਾਂ ਵਿਚ ਇਸ ਘੋਲ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ।ਪਿੰਡਾਂ ਵਿਚ ਲੋਕਾਂ ਨੇ ਇਸ ਮਾਰਚ ਦਾ ਭਰਵਾਂ ਸਵਾਗਤ ਕੀਤਾ।ਪਿੰਡ ਉੜਾਪੜ ਵਾਸੀਆਂ ਨੇ ਲੰਗਰ ਦੀ ਸੇਵਾ ਕੀਤੀ।ਇਹ ਮਾਰਚ ਖੱਟਕੜ ਕਲਾਂ ਤੋਂ ਚੱਲਕੇ ਬੰਗਾ,ਮੁਕੰਦਪੁਰ, ਚੱਕਦਾਨਾ, ਉੜਾਪੜ, ਔੜ,ਮਾਹਲ ਖੁਰਦ, ਕਰਿਆਮ ਪਿੰਡਾਂ ਵਿਚੋਂ ਹੁੰਦਾ ਹੋਇਆ ਸਕੋਹ ਪੁਰ ਵਿਖੇ ਸਮਾਪਤ ਹੋਇਆ।