ਹਲਕਾ ਫਤਹਿਗੜ੍ਹ ਸਾਹਿਬ ਦੀਆਂ ਪੰਚਾਇਤਾਂ ਨੇ ਵਿਕਾਸ ਪੱਖੋਂ ਰਚਿਆ ਇਤਿਹਾਸ
- ਪੰਚਾਇਤਾਂ ਦੇ ਤਿੰਨ ਸਾਲ ਪੂਰੇ ਹੋਣ ਉੱਤੇ ਵਿਧਾਇਕ ਨਾਗਰਾ ਨੇ ਪੰਚਾਇਤਾਂ ਦਾ ਕੀਤਾ ਸਨਮਾਨ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 30 ਦਸੰਬਰ 2021
ਹਲਕਾ ਫਤਹਿਗੜ੍ਹ ਸਾਹਿਬ ਦੀਆਂ ਪੰਚਾਇਤਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਵਿਕਾਸ ਪੱਖੋਂ ਇਤਿਹਾਸ ਰਚਿਆ ਹੈ, ਜਿਸ ਲਈ ਹਲਕੇ ਦੀਆਂ ਪੰਚਾਇਤਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਪੰਡਰਾਲੀ ਦੇ ਕਮਿਊਨਿਟੀ ਸੈਂਟਰ ਵਿਖੇ ਹਲਕੇ ਦੀਆਂ ਪੰਚਾਇਤਾਂ ਦੇ ਸਨਮਾਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ. ਨਾਗਰਾ ਨੇ ਕਿਹਾ ਕਿ ਪੰਚਾਇਤਾਂ ਨੂੰ ਹਾਲੇ ਤਿੰਨ ਸਾਲ ਹੀ ਹੋਏ ਹਨ ਤੇ ਕਈ ਪੰਚਾਇਤਾਂ ਨੇ ਆਪਣੇ ਪਿੰਡਾਂ ਦੇ ਸਾਰੇ ਵਿਕਾਸ ਕਾਰਜ ਨੇਪਰੇ ਚਾੜ੍ਹ ਦਿੱਤੇ ਹਨ ਤੇ ਬਾਕੀਆਂ ਪੰਚਾਇਤਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਚੰਗੀ ਕਾਰਗੁਜ਼ਾਰੀ ਲਈ ਕਈ ਪੰਚਾਇਤਾਂ ਦਾ ਕੌਮੀ ਪੱਧਰ ਉੱਤੇ ਸਨਮਾਨ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨਾ ਵਿਕਾਸ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਦਾ ਹੋਇਆ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਹਲਕੇ ਦੇ ਪਿੰਡਾਂ ਦਾ ਹੋਇਆ ਹੋਵੇ। ਉਹਨਾਂ ਨੇ ਦਿਨ ਰਾਤ ਇੱਕ ਕਰ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਹਨ ਤੇ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਤੇ ਨਾਂ ਹੀ ਘੱਟ ਆਉਣ ਦੇਣਗੇ।
ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ। ਪਿੰਡਾਂ ਦੇ ਕਰਵਾਏ ਜਾਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਸ. ਨਾਗਰਾ ਨੇ ਕਿਹਾ ਕਿ ਉਹ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਦੁਨੀਆਂ ਦੇ ਨਕਸ਼ੇ ਉਤੇ ਉਭਾਰਨ ਲਈ ਵਚਨਬੱਧ ਹਨ ਤੇ ਇਹ ਕਾਰਜ ਸਿਰੇ ਚੜ੍ਹਾਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਜਿੱਥੇ ਵਿਧਾਇਕ ਨਾਗਰਾ ਨੇ ਪੰਚਾਇਤਾਂ ਦੇ ਮੈਂਬਰਾਂ ਦਾ ਸਨਮਾਨ ਕੀਤਾ, ਓਥੇ ਪੰਚਾਇਤਾਂ ਵਲੋਂ ਵਿਧਾਇਕ ਨਾਗਰਾ ਦਾ ਵੀ ਉਚੇਚੇ ਤੌਰ ਉਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਕੰਵਲਜੀਤ ਸਿੰਘ, ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਮੈਂਬਰ, ਪਿੰਡਾਂ ਦੇ ਪੰਚ ਸਰਪੰਚ ਤੇ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰ, ਪਤਵੰਤੇ ਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।