ਸ਼ਹਿਰ ‘ਚ ਪ੍ਰੇਮ ਪ੍ਰਸੰਗ ਦੀ ਚਰਚਾ ਛਿੜੀ ,ਦਲਿਤ ਮੁੰਡਾ ਤੇ ਧਨਾਢਾਂ ਦੀ ਕੁੜੀ
ਪੁਲਿਸ ਕੋਲ ਪਹੁੰਚੀ ਸ਼ਕਾਇਤ , ਦਲਿਤ ਪਰਿਵਾਰ ਦਾ ਦੋਸ਼, ਗੈਰਕਾਨੂੰਨੀ ਹਿਰਾਸਤ ‘ਚ ਰੱਖ ਕੇ ਕਰਵਾਏ ਖਾਲੀ ਕਾਗਜ਼ਾਂ ਤੇ ਦਸਤਖਤ
ਹਰਿੰਦਰ ਨਿੱਕਾ , ਬਰਨਾਲਾ 27 ਦਸੰਬਰ 2021
ਸ਼ਹਿਰ ਦੇ ਇੱਕ ਵੱਡੇ ਸ਼ਾਹੂਕਾਰ ਤੇ ਰਸੂਖਦਾਰ ਪਰਿਵਾਰ ਦੀ ਚੰਡੀਗੜ੍ਹ ਪੜ੍ਹਦੀ ਕੁੜੀ ਅਤੇ ਗਰੀਬ ਦਲਿਤ ਪਰਿਵਾਰ ਦੇ ਮੁੰਡੇ ਦੀ ਆਸ਼ਿਕੀ ਦਾ ਕਿੱਸਾ ਹਰ ਕਿਸੇ ਦੀ ਜੁਬਾਨ ਤੇ ਹੈ। ਸ਼ਾਹੂਕਾਰ ਪਰਿਵਾਰ ਦਾ ਦੋਸ਼ ਹੈ ਕਿ ਸ਼ਹਿਰ ਦੇ ਇੱਕ ਦਲਿਤ ਨੌਜਵਾਨ ਨੇ ਉਨ੍ਹਾਂ ਦੀ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਕਰੀਬ 115 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 10 ਲੱਖ ਰੁਪਏ ਕੈਸ਼ ਖੁਰਦ ਬੁਰਦ ਕਰ ਦਿੱਤੇ। ਜਦੋਂਕਿ ਦਲਿਤ ਨੌਜਵਾਨ ਦੇ ਪਰਿਵਾਰ ਦਾ ਦੋਸ਼ ਹੈ ਕਿ ਧਨਾਢ ਪਰਿਵਾਰ ਆਪਣੇ ਰਸੂਖ ਅਤੇ ਰੁਤਬੇ ਦੇ ਜ਼ੋਰ ਤੇ ਉਨ੍ਹਾਂ ਨੂੰ ਪੁਲਿਸ ਤੋਂ ਪ੍ਰੇਸ਼ਾਨ ਕਰਵਾ ਰਿਹਾ ਹੈ, ਉਨ੍ਹਾਂ ਪੁਲਿਸ ਉੱਪਰ ਆਪਣੇ ਪਰਿਵਾਰ ਦੇ ਤਿੰਨ ਜਣਿਆਂ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਕੇ ,ਬਲਾਤਕਾਰ ਦਾ ਝੂਠਾ ਕੇਸ ਪਾਉਣ ਦਾ ਭੈਅ ਦਿਖਾ ਕੇ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ ਹਨ। ਹੁਣ ਪੁਲਿਸ ਵਾਲੇ ਪਰਿਵਾਰ ਪਰ ਧਨਾਢ ਵਿਅਕਤੀ ਨੂੰ ਲੱਖਾਂ ਰੁਪਏ ਜਬਰਦਸਤੀ ਦਿਵਾਉਣ ਲਈ ਦਬਾਅ ਪਾ ਰਹੇ ਹਨ।
ਇੱਕ ਪੱਖ ਹੋਰ ਵੀ ਉੱਭਰ ਕੇ ਆਇਆ ਹੈ ਕਿ ਪੁਲਿਸ ਨੇ ਸ਼ਹਿਰ ਦੇ ਉਸ ਸੁਨਿਆਰੇ ਨੂੰ ਵੀ ਹਿਰਾਸਤ ਵਿੱਚ ਲੈ ਕੇ ਛੱਡ ਦਿੱਤਾ ਗਿਆ ਹੈ, ਜਿਸ ਨੂੰ ਸ਼ਾਹੂਕਾਰ ਦੀ ਕੁੜੀ ਵੱਲੋਂ ਆਪਣੇ ਆਸ਼ਿਕ ਰਾਹੀਂ ਕਰੀਬ 20/25 ਤੋਲੇ ਸੋਨਾ ਕੌੜੀਆਂ ਦੇ ਭਾਅ ਵੇਚਿਆ ਸੀ। ਸੁਨਿਆਰੇ ਵੱਲੋਂ ਕਥਿਤ ਚੋਰੀ ਦਾ ਸੋਨਾ ਖਰੀਦਣ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਵੀ ਪੁਲਿਸ ਨੇ, ਉਸਨੂੰ ਮਾਫੀ ਦੇ ਕੇ ਕਿਵੇਂ ਛੱਡ ਦਿੱਤਾ, ਇਹ ਵੀ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ। ਬੇਸ਼ੱਕ ਧਨਾਢ ਕੁੜੀ ਤੇ ਗਰੀਬ ਮੁੰਡੇ ਦੇ ਇਸ਼ਕ ਦੀ ਚਰਚਾ 10 ਦਸੰਬਰ ਦੀ ਬਾਅਦ ਦੁਪਹਿਰ ਉਦੋਂ ਛਿੜੀ ਸੀ, ਜਦੋਂ ਪੁਲਿਸ ਨੇ ਸ਼ਾਹੂਕਾਰ ਦੀ ਸ਼ਿਕਾਇਤ ਪਰ ਆਸ਼ਿਕ ਭਾਜ਼ੀ ਨੂੰ ਪਹਿਲੀ ਵਾਰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਸੀ । ਫਿਰ ਪੁਲਿਸ ਨੇ ਲੜਕੇ ਦੇ ਪਿਉ ਤੇ ਵੱਡੇ ਭਰਾ ਨੂੰ ਵੀ, ਦੇਰ ਰਾਤ ਤੱਕ ਨਜਾਇਜ਼ ਹਿਰਾਸਤ ਵਿੱਚ ਰੱਖੀ ਰੱਖਿਆ ਸੀ, ਉਕਤ ਤਿੰਨ੍ਹਾਂ ਨੂੰ ਉਦੋਂ ਹੀ ਛੱਡਿਆ ਗਿਆ ਸੀ, ਜਦੋਂ ਉਨ੍ਹਾਂ ਸ਼ਾਹੂਕਾਰ ਦੇ ਬੈਂਕ ਲੌਕਰ ਵਿਚੋਂ ਗਾਇਬ ਸੋਨੇ ਅਤੇ ਲੱਖਾਂ ਰੁਪਏ ਦੀ ਰਾਸ਼ੀ ਦੇਣ ਲਈ ਸਹਿਮਤੀ ਦੇ ਦਿੱਤੀ ਸੀ।
ਆਸ਼ਿਕੀ ਦੀ ਇਸ ਅਜਬ ਕਹਾਣੀ ਬਾਰੇ ਹਰ ਦਿਨ ਨਵੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਦਲਿਤ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਘਰੋਂ ਲਾਪਤਾ ਹੈ, ਜਦੋਂਕਿ ਉਸ ਦਾ ਪਰਿਵਾਰ ਸ਼ਾਹੂਕਾਰ ਦੀ ਉੱਚੀ ਪਹੁੰਚ ਕਾਰਣ ਕਿਸੇ ਸੰਭਾਵੀ ਉਲਝਣਤਾਣੀ ਤੋਂ ਸਹਿਮਿਆ ਹੋਇਆ ਹੈ।