ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦਾ ਵੱਡਾ ਫ਼ੈਸਲਾ
- ਵਿਧਾਨ ਸਭਾ ਚੋਣਾਂ ‘ਚ ਨਹੀਂ ਲੈਣਗੇ ਹਿੱਸਾ
- ‘ਸੰਯੁਕਤ ਸਮਾਜ ਮੋਰਚੇ’ ਦਾ ਵੀ ਨਹੀਂ ਕੀਤਾ ਜਾਵੇਗਾ ਸਮਰਥਨ
- ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਸੋਨੀ ਪਨੇਸਰ.ਬਰਨਾਲਾ 27 ਦਸੰਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਜਾਂ ਧੜੇ ਦੀ ਹਮਾਇਤ ਨਹੀਂ ਕਰੇਗੀ। ਇਹ ਫੈਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬੂਟਾ ਸਿੰਘ ਬਰਜਗਿੱਲ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਅੱਜ ਪੂਰੇ ਪੰਜਾਬ ਵਿੱਚੋਂ ਜਿਲ੍ਹਿਆਂ ਦੇ ਪ੍ਰਧਾਨ ਸਕੱਤਰਾਂ ਨੇ ਖੁੱਲਕੇ ਵਿਚਾਰ ਚਰਚਾ ਕੀਤੀ। ਲੰਬੀ ਵਿਚਾਰ ਚਰਚਾ ਤੋਂ ਬਾਅਦ ਸਰਬਸੰਮਤੀ ਨਾਲ ਬੀਕੇਯੂ ਏਕਤਾ ਡਕੌਂਦਾ ਦੇ ਸੰਵਿਧਾਨ ਅਨੁਸਾਰ ਫੈਸਲਾ ਕੀਤਾ ਜਥੇਬੰਦੀ ‘ਵਿਧਾਨ ਸਭਾ ਚੋਣਾਂ ‘ਚ ਨਹੀਂ ਲਵੇਗੀ,ਸੰਯੁਕਤ ਸਮਾਜ ਮੋਰਚੇ’ ਦਾ ਵੀ ਸਮਰਥਨ ਨਹੀਂ ਕੀਤਾ ਜਾਵੇਗਾ। ਆਗੂਆਂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਗੁਰਮੀਤ ਭੱਟੀਵਾਲ ਨੇ ਕਿਹਾ ਕਿ ਜਥੇਬੰਦੀ ਦਾ ਪ੍ਰਾੜ ਵਿਸ਼ਵਾਸ ਹੈ ਕਿ ਪ੍ਰਾੜ ਸੰਘਰਸ਼ਾਂ ਦੇ ਜੋਰ ਹੀ ਕਿਸਾਨੀ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਕਾਲੇ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਜੇਤੂ ਅੰਦੋਲਨ ਵਿੱਚ ਆਗੂ ਟੀਮਾਂ ਵੱਲੋਂ ਨਿਭਾਈ ਭੂਮਿਕਾ ਦੀ ਜੋਰਦਾਰ ਸਰਾਹਨਾ ਕੀਤੀ। ਪੰਜਾਬ ਸਰਕਾਰ ਨਾਲ ਕਰਜ਼ਾ ਸਮੇਤ ਬੁਨਿਆਦੀ ਮੰਗਾਂ ਉੱਪਰ ਹੋਈ ਵਿਸਥਾਰ ਮੀਟਿੰਗ ਬਾਰੇ ਵੀ ਭਰਵੀਂ ਚਰਚਾ ਹੋਈ ਅਤੇ 10 ਜਨਵਰੀ 2021 ਨੂੰ ਦਾਣਾ ਮੰਡੀ ਬਰਨਾਲਾ ਵਿਖੇ ਪੰਜਾਬ ਪੱਧਰੀ”ਜੁਝਾਰ ਰੈਲੀ” ਕਰਨ ਦਾ ਫੈਸਲਾ ਕੀਤਾ ਗਿਆ। ਅੱਜ ਮੀਟਿੰਗ ਵਿੱਚ ਰਾਮ ਸਿੰਘ ਮਟੋਰੜਾਂ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ, ਹਰਨੇਕ ਸਿੰਘ ਮਹਿਮਾ, ਹਰੀਸ਼ ਨੱਢਾ, ਪਰਮਿੰਦਰ ਮੁਕਤਸਰ, ਦਰਸ਼ਨ ਸਿੰਘ ਉੱਗੋਕੇ, ਬਲਦੇਵ ਸਿੰਘ ਭਾਈਰੂਪਾ,ਮਹਿੰਦਰ ਸਿੰਘ ਦਿਆਲਪੁਰਾ, ਜਗਜੀਤ ਸਿੰਘ ਕਰਾਲਾ, ਮਹਿੰਦਰ ਸਿੰਘ ਕਮਾਲਪੁਰ, ਜਗਮੇਲ ਸਿੰਘ ਪਟਿਆਲਾ, ਕਰਮ ਸਿੰਘ ਬਲਿਆਲ, ਧਰਮਿੰਦਰ ਕਪੂਰਥਲਾ, ਗੁਰਮੀਤ ਗੁਰਦਾਸਪੁਰ,ਸੁਖਚੈਨ ਸਿੰਘ ਰਾਜੂ, ਧਰਮਪਾਲ ਸਿੰਘ ਰੋੜੀਕਪੂਰਾ, ਗੁਰਦੇਵ ਸਿੰਘ ਮਾਂਗੇਵਾਲ ਆਦਿ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਵੀ ਵਿਚਾਰ ਰੱਖੇ।