ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸੱਦੀ ਬਰਨਾਲਾ ‘ਚ ਸੂਬਾਈ ਮੀਟਿੰਗ
ਰਘਬੀਰ ਹੈਪੀ,ਬਰਨਾਲਾ, 25 ਦਸੰਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ 27 ਦਸੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਬੁਲਾਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬਰਜਗਿੱਲ,ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਸਵਾ ਸਾਲ ਦੇ ਕਰੀਬ ਚੱਲੇ ਸਾਂਝੇ ਕਿਸਾਨ ਅੰਦੋਲਨ, ਪੰਜਾਬ ਦੇ ਕਿਸਾਨਾਂ ਦੀਆਂ ਬੁਨਿਆਦੀ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਗੱਲਬਾਤ, ਸੰਘਰਸ਼ ਦੀ ਰੂਪਰੇਖਾ ਘੜਨ,ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਸੰਯੁਕਤ ਸਮਾਜ ਮੋਰਚੇ ਬਾਰੇ ਰਵੱਈਆ ਤੈਅ ਕਰਨ, ਸੰਘਰਸ਼ ਦੀ ਭੂਮਿਕਾ ਅਤੇ ਜਥੇਬੰਦਕ ਤਾਣੇਬਾਣੇ ਦੀ ਮਜਬੂਤੀ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਜਾਣਗੀਆਂ। ਆਗੂਆਂ ਕਿਹਾ ਕਿ ਖੇਤੀ ਕਾਲੇ ਕਾਨੰਨਾਂ ਵਿਰੁੱਧ ਚੱਲੇ ਸੰਘਰਸ਼ ਨੂੰ ਢੇਰ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਸਿਦਕ,ਸਿਰੜ,ਦਲੇਰੀ,ਕੁਰਬਾਨੀ,ਸੂਝ ਸਿਆਣਪ ਨਾਲ ਹਰ ਮੁਸ਼ਕਿਲ,ਹਰ ਸਾਜਿਸ਼ ਦਾ ਟਾਕਰਾ ਕਰਦਿਆਂ ਫਤਿਹ ਹਾਸਲ ਕੀਤੀ ਹੈ।ਕਿਸਾਨਾਂ ਦੀ ਲੜਾਈ ਅਜੇ ਮੁੱਕੀ ਨਹੀਂ, ਸਗੋਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਵਿਰੁੱਧ ਅਤੇ ਵਿਸ਼ਵ ਵਪਾਰ ਸੰਸਥਾ ਵਰਗੀ ਦਿਉ ਕੱਦ ਸੰਸਥਾ ਖਿਲਾਫ਼ ਵੱਡੀ ਲੜਾਈ ਜਾਰੀ ਰੱਖਣ ਦੀ ਲੋੜ ਵਜੋਂ ਤਿਆਰ ਰਹਿਣਾ ਹੋਵੇਗਾ। ਅਜਿਹੀ ਵੱਡੇ ਸੰਘਰਸ਼ ਦੀ ਤਿਆਰੀ ਲਈ ਹੁਣੇ ਤੋਂ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ। ਇਸ ਲਈ ਆਗੂਆਂ ਨੇ ਬੂਕੇਯੂ ਏਕਤਾ ਡਕੌਂਦਾ ਦੇ ਸਮੂਹ ਆਗੂਆਂ ਨੂੰ ਵਕਤ ਸਿਰ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।