ਜ਼ਿਲ੍ਹਾ ਬਰਨਾਲਾ ਦੇ ਵੋਟਰ 558 ਪੋਲਿੰਗ ਸਟੇਸ਼ਨਾਂ ‘ਤੇ ਆਪਣੀ ਵੋਟ ਪਾਉਣਗੇ : ਜ਼ਿਲ੍ਹਾ ਚੋਣ ਅਫ਼ਸਰ
- ਚੋਣਾਂ ਦੀ ਤਿਆਰੀ ਪੂਰੇ ਜ਼ੋਰਾਂ ‘ਤੇ, ਗਿਣਤੀ ਕੇਂਦਰ, ਸਟਰੌਂਗ ਰੂਮ ਬਣਾਏ ਗਏ
ਸੋਨੀ ਪਨੇਸਰ,ਬਰਨਾਲਾ, 22 ਦਸੰਬਰ 2021
ਜ਼ਿਲ੍ਹਾ ਬਰਨਾਲਾ ਵਿੱਚ 4,93,869 ਵੋਟਰ ਅਗਾਮੀ ਵਿਧਾਨ ਸਭਾ ਚੋਣਾਂ 2022 ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵੋਟਰਾਂ ਲਈ 558 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 4,93,869 ਵੋਟਰ ਹਨ ਜਿਨ੍ਹਾਂ ਵਿੱਚ 2,61,062 ਪੁਰਸ਼, 2,32,792 ਔਰਤਾਂ ਅਤੇ 15 ਟਰਾਂਸਜੈਂਡਰ ਹਨ।
ਜ਼ਿਲ੍ਹੇ ਦੀਆਂ ਚੋਣਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਰਾਜ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਤਿੰਨੋਂ ਹਲਕਿਆਂ ਲਈ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚ ਭਦੌੜ (102) ਆਰ.ਓ-ਕਮ-ਐਸ.ਡੀ.ਐਮ ਤਪਾ ਸ੍ਰੀਮਤੀ ਸਿਮਰਪ੍ਰੀਤ ਕੌਰ, ਬਰਨਾਲਾ (103) ਆਰ.ਓ-ਕਮ-ਐਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਵਾਲੀਆ ਅਤੇ ਮਹਿਲ ਕਲਾਂ ਆਰ.ਓ-ਕਮ-ਏ.ਡੀ.ਸੀ (ਜੀ) ਬਰਨਾਲਾ ਸ੍ਰੀ ਅਮਿਤ ਬੈਂਬੀ ਸ਼ਾਮਲ ਹਨ।
ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਦੀ ਵੰਡ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਰਾਜ ਨੇ ਦੱਸਿਆ ਕਿ ਭਦੌੜ ਵਿੱਚ 82,551 ਮਰਦ ਵੋਟਰ, 73,159 ਮਹਿਲਾ ਵੋਟਰ ਅਤੇ 9 ਟਰਾਂਸਜੈਂਡਰ। ਇਸੇ ਤਰ੍ਹਾਂ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ 94,510 ਮਰਦ ਵੋਟਰ, 84,676 ਮਹਿਲਾ ਵੋਟਰ ਅਤੇ 5 ਟਰਾਂਸਜੈਂਡਰ ਹਨ। ਮਹਿਲ ਕਲਾਂ ਵਿਧਾਨ ਸਭਾ ਹਲਕੇ ਵਿੱਚ 84,001 ਪੁਰਸ਼ ਵੋਟਰ, 74,957 ਮਹਿਲਾ ਵੋਟਰ ਅਤੇ ਇੱਕ ਟਰਾਂਸਜੈਂਡਰ ਹੈ।
ਉਨ੍ਹਾਂ ਦੱਸਿਆ ਕਿ ਭਦੌੜ ਵਿੱਚ 778 ਸਰਵਿਸ ਵੋਟਰ, ਬਰਨਾਲਾ ਵਿੱਚ 694 ਸਰਵਿਸ ਵੋਟਰ ਅਤੇ ਮਹਿਲ ਕਲਾਂ ਵਿੱਚ 1078 ਸਰਵਿਸ ਵੋਟਰ ਹਨ। ਇਸੇ ਤਰ੍ਹਾਂ ਅਪੰਗ ਵਿਅਕਤੀਆਂ (ਪੀ. ਡਬਲਯੂ. ਡੀ) ਵੋਟਰਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਭਦੌੜ ਵਿੱਚ 729 ਵੋਟਰ, ਬਰਨਾਲਾ ਵਿੱਚ 1331 ਵੋਟਰ ਅਤੇ ਮਹਿਲ ਕਲਾਂ ਵਿੱਚ 1022 ਅਜਿਹੇ ਵੋਟਰ ਹਨ।
ਪੋਲਿੰਗ ਬੂਥਾਂ ਅਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਦਾ ਜ਼ਿਕਰ ਕਰਦਿਆਂ ਸ੍ਰੀ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 558 ਪੋਲਿੰਗ ਸਟੇਸ਼ਨ ਹਨ। ਇਨ੍ਹਾਂ ਵਿੱਚ ਭਦੌੜ ਵਿਖੇ 169 ਪੋਲਿੰਗ ਸਟੇਸ਼ਨ, ਬਰਨਾਲਾ ਵਿੱਚ 212 ਪੋਲਿੰਗ ਸਟੇਸ਼ਨ ਅਤੇ ਮਹਿਲ ਕਲਾਂ ਵਿਖੇ 177 ਪੋਲਿੰਗ ਸਟੇਸ਼ਨ ਸ਼ਾਮਲ ਹਨ। ਤਿੰਨੋਂ ਵਿਧਾਨ ਸਭਾ ਹਲਕਿਆਂ ਲਈ ਸਟਰਾਂਗ ਰੂਮ ਅਤੇ ਗਿਣਤੀ ਕੇਂਦਰ ਐਸ.ਡੀ.ਕਾਲਜ ਬਰਨਾਲਾ ਵਿਖੇ ਬਣਾਏ ਗਏ ਹਨ।