ਪਟਿਆਲਾ ਪੁਲਿਸ ਵੱਲੋਂ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੀਆਂ ਚਾਰ ਔਰਤਾਂ ਗ੍ਰਿਫ਼ਤਾਰ
ਬਲਵਿੰਦਰਪਾਲ ਪਟਿਆਲਾ, 1 ਦਸੰਬਰ 2021
ਪਟਿਆਲਾ ਪੁਲਿਸ ਵੱਲੋਂ ਮੇਲਿਆਂ, ਧਾਰਮਿਕ ਇਕੱਠਾ, ਗੁਰਦੁਆਰਿਆਂ ਅਤੇ ਬੱਸਾਂ ਵਿੱਚੋਂ ਔਰਤਾਂ ਅਤੇ ਮਰਦਾਂ ਦੇ ਗਲੇ, ਹੱਥਾਂ ਅਤੇ ਕੰਨਾਂ ਵਿੱਚ ਪਾਏ ਹੋਏ ਸੋਨੇ ਦੇ ਗਹਿਣਿਆਂ ਨੂੰ ਕੱਟਣ ਅਤੇ ਪਰਸਾਂ ਦੀਆਂ ਚੋਰੀਆਂ ਕਰਨ ਵਾਲੇ ਗਿਰੋਹ ਦੀਆਂ ਚਾਰ ਮਹਿਲਾਵਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਗਹਿਣਿਆਂ ਅਤੇ ਪਰਸਾਂ ਆਦਿ ਨੂੰ ਕੱਟਣ ਲਈ ਵਰਤੇ ਜਾਂਦੇ ਕਟਰ ਅਤੇ ਹੋਰ ਔਜ਼ਾਰਾਂ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਪੀ. (ਡੀ) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ (ਡੀ) ਅਜੈਪਾਲ ਸਿੰਘ ਦੀ ਨਿਗਰਾਨੀ ਹੇਠ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਅਗਵਾਈ ਵਿੱਚ ਕਾਰਵਾਈ ਕਰਦਿਆ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਨੇ 30-11-2021 ਨੂੰ ਮੁਖ਼ਬਰੀ ਦੇ ਆਧਾਰ ‘ਤੇ ਸੀਮਾ ਰਾਣੀ ਉਰਫ਼ ਰਾਣੋ, ਦੇਬੋ, ਸੁਖਵੰਤ ਕੌਰ ਉਰਫ਼ ਸੁੱਖੋ ਅਤੇ ਸੀਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋਕਿ ਭੀੜ ਭੜਕੇ ਵਾਲੀਆਂ ਥਾਵਾਂ ਅਤੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਮਰਦਾਂ ਅਤੇ ਔਰਤਾਂ ਵਿੱਚ ਕਿਸੇ ਨੂੰ ਟਾਰਗੈਟ ਬਣਾ ਲੈਂਦੇ ਹਨ ਅਤੇ ਮੌਕਾ ਵੇਖਕੇ ਉਸਦਾ ਪਰਸ ਜਾਂ ਗਲੇ ਅਤੇ ਕੰਨਾ ਵਿੱਚ ਪਾਏ ਹੋਏ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਕਟਰ ਅਤੇ ਹੋਰ ਔਜ਼ਾਰਾਂ ਦੀ ਮਦਦ ਨਾਲ ਸਨੈਚ ਕਰ ਲੈਂਦੇ ਹਨ।
ਗੁਪਤ ਸੂਚਨਾ ਦੇ ਅਧਾਰ ਤੇ ਮੁਕੱਦਮਾ ਨੂੰ 279 ਮਿਤੀ 30-11-2021 ਅ/ਧ 379,356,511 ਆਈ.ਪੀ.ਸੀ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋਂ ਮਿਤੀ 30-11-2021 ਨੂੰ ਸਰਹਿੰਦ ਰੋਡ ਪਟਿਆਲਾ ਬਾਈਪਾਸ ਤੋਂ ਉਕਤ ਦੋਸ਼ਣਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਖਿਲਾਫ ਪਹਿਲਾਂ ਵੀ ਪੰਜਾਬ, ਹਰਿਆਣਾ, ਹਿਮਾਚਲ ਆਦਿ ਰਾਜਾਂ ਵਿੱਚ ਚੋਰੀ, ਸਨੈਚਿੰਗ ਅਤੇ ਐਨ.ਡੀ.ਪੀ.ਐਸ ਐਕਟ ਅਧੀਨ ਦਰਜਨਾਂ ਮੁਕੱਦਮੇ ਦਰਜ ਹਨ ਅਤੇ ਇਹ ਪਹਿਲਾਂ ਜੇਲ੍ਹ ਵੀ ਜਾ ਚੁੱਕੀਆਂ ਹਨ। ਜੋ ਇਨ੍ਹਾਂ ਔਰਤਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ।