ਮੁੱਖ ਮੰਤਰੀ ਚੰਨੀ ਵੱਲੋਂ ਮਹਿਲ ਕਲਾਂ ਵਿਖੇ ਬੋਲੀ ਗਈ JPIਗੱਲ ਵਿਰੋਧੀਆਂ ਲਈ ਬਣੀ ਮੁੱਦਾ
ਟੈਂਕੀਆਂ ਤੇ ਚੜ੍ਹਨ ਵਾਲਿਆਂ ਉੱਤੇ ਪਰਚਾ ਦਰਜ ਕਰਨ ਦੀ ਗੱਲ ਕਹਿ ਕੇ ਬੁਰੇ ਫਸੇ ਮੁੱਖ ਮੰਤਰੀ ਚੰਨੀ
ਇਸ ਰੈਲੀ ਨੇ ਕਈਆਂ ਚ ਭਰਿਆ ਜੋਸ਼ ਅਤੇ ਕਈਆਂ ਦੇ ਅਰਮਾਨ ਕੀਤੇ ਚੂਰੋ ਚੂਰ
ਮਹਿਲ ਕਲਾਂ 28 ਨਵੰਬਰ : 2021 (ਪਾਲੀ ਵਜੀਦਕੇ/ਗੁਰਸੇਵਕ ਸਹੋਤਾ
ਲੰਘੇ ਸ਼ਨੀਵਾਰ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਆਏ,ਪਹਿਲੀ ਵਾਰ ਮੁੱਖ ਮੰਤਰੀ ਦੇ ਤੌਰ ਤੇ ਆਉਣ ਕਰਕੇ ਹਲਕੇ ਦੇ ਲੋਕਾਂ ਨੇ ਭਰਵਾਂ ਸੁਆਗਤ ਕੀਤਾ। ਚੰਨੀ ਦਾ ਇਹ ਸਮਾਗਮ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਪੰਨ ਹੋਇਆ। ਇਸ ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ, ਇਕ ਪਾਸੇ ਜਿਥੇ ਚੰਨੀ ਦੇ ਸਵਾਗਤ ਲਈ ਕਾਂਗਰਸੀਆਂ ਵੱਲੋਂ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ, ਉਥੇ ਦੂਜੇ ਪਾਸੇ ਸਰਕਾਰਾਂ ਦੇ ਸਤਾਏ ਹੋਏ ਲੋਕ ਤੇ ਕੱਚੇ ਮੁਲਾਜ਼ਮ ਮੁਰਦਾਬਾਦ-ਮੁਰਦਾਬਾਦ ਕਰਦੇ ਪੰਜਾਬ ਪੁਲਿਸ ਦੀਆਂ ਸੋਟੀਆਂ ਦਾ ਸ਼ਿਕਾਰ ਹੁੰਦੇ ਰਹੇ। ਮਹਿਲ ਕਲਾਂ ਵਿਖੇ ਮੁੱਖ ਮੰਤਰੀ ਚੰਨੀ ਦੀ ਕਹੀ ਹੋਈ ਗੱਲ ਜਿੱਥੇ ਵਿਰੋਧੀਆਂ ਲਈ ਇੱਕ ਮੁੱਦਾ ਬਣ ਗਈ, ਉਥੇ ਆਮ ਲੋਕਾਂ ਦੇ ਮਨਾਂ ਤੇ ਵੀ ਵੱਡੀ ਸੱਟ ਮਾਰ ਗਈ। ਜਿਸ ਵਿੱਚ ਉਨ੍ਹਾਂ ਟੈਂਕੀਆਂ ਤੇ ਚੜ੍ਹਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਗੱਲ ਕਹਿ ਦਿੱਤੀ। ਇਹ ਗੱਲ ਉਨ੍ਹਾਂ ਉਦੋਂ ਕਹੀ ਜਦੋਂ ਅਨਾਜ ਮੰਡੀ ਮਹਿਲ ਕਲਾਂ ਦੇ ਪੰਡਾਲ ਚ ਇਕੱਠ ਵਿਚ ਬੈਠੇ ਕੁਝ ਧਰਨਾਕਾਰੀਆਂ ਨੇ “ਸਾਡੀਆਂ ਮੰਗਾਂ ਪੂਰੀਆਂ ਕਰੋ ਦੇ ਨਾਅਰੇ ਲਗਾ ਦਿੱਤੇ। ਮੁੱਖ ਮੰਤਰੀ ਚੰਨੀ ਦੀ ਕਹੀ ਹੋਈ ਇਸ ਗੱਲ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।ਚੰਨੀ ਆਪਣੇ ਉੜਣ-ਖਟੋਲੇ ਨਾਲ ਅਨਾਜ ਮੰਡੀ ਮਹਿਲ ਕਲਾਂ ਉੱਤਰਦੇ ਹਨ, ਜਿਥੋ ਕਿ ਉਹ ਇੱਕ ਨਿੱਜੀ ਕਾਲਜ ਵਿੱਚ ਠਹਿਰਾਅ ਕਰਦੇ ਹਨ। ਆਮ ਚਰਚਾ ਇਹ ਵੀ ਰਹੀ ਕਿ ਜਿੱਥੇ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਆਮ ਆਦਮੀ ਵਜੋਂ ਪੇਸ਼ ਕਰਦੇ ਹਨ, ਉਥੇ ਆਮ ਲੋਕਾਂ ਨੂੰ ਨੇੜੇ ਵੀ ਫਟਕਣ ਨਹੀਂ ਦਿੱਤਾ। ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਲੋਕ ਘਰਾਂ ਨੂੰ ਨਿਰਾਸ਼ ਪਰਤਦੇ ਦੇਖੇ ਗਏ। ਇਸ ਇਕੱਠ ਚ ਸਰਪੰਚਾਂ ਪੰਚਾਂ ਨੂੰ ਵੱਧ ਤੋਂ ਵੱਧ ਮਨਰੇਗਾ ਕਰਮੀ ਇਸ ਸਮਾਗਮ ਵਿਚ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਤਾਂ ਕਿ ਇਕੱਠ ਨੂੰ ਵਿਸ਼ਾਲ ਕੀਤਾ ਜਾਵੇ। ਭਾਵੇਂ ਕਿ ਕਿਸਾਨਾਂ, ਮਜ਼ਦੂਰਾਂ ਅਤੇ ਸੰਘਰਸ਼ਸ਼ੀਲ ਯੋਧਿਆਂ ਦੀ ਧਰਤੀ ਤੇ ਕਿਸੇ ਵੀ ਕਿਸਾਨ ਜਥੇਬੰਦੀ ਨੇ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਜਵਾਬ ਕਰਨੇ ਜ਼ਰੂਰੀ ਨਹੀਂ ਸਮਝੇ, ਪਰ ਕੱਚੇ ਮੁਲਾਜ਼ਮ ਆਪਣੇ ਹੱਕਾਂ ਲਈ ਪੁਲਿਸ ਮੁਲਾਜ਼ਮਾਂ ਨਾਲ ਖਹਿਬੜਦੇ ਰਹੇ। ਇਸ ਹਲਕੇ ਤੋਂ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਮੁੱਖ ਮੰਤਰੀ ਚੰਨੀ ਦੇ ਨਾਲ ਨਾਲ ਆ ਕੇ ਮੁੱਖ ਸਟੇਜ ਤੋਂ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਜ਼ਿਲ੍ਹਾ ਅਬਜ਼ਰਬਰ ਦੇ ਰੂਪ ਚ ਆਏ ਸੀਤਾ ਰਾਮ ਲਾਂਬਾ ਅਤੇ ਹਲਕਾ ਅਬਜ਼ਰਵਰ ਇਸਾਨ ਖ਼ਾਨ ਵੱਲੋਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਸਨ। ਇਹ ਮੀਟਿੰਗਾਂ ਧੜੇਬੰਦੀ ਨੂੰ ਸ਼ਾਂਤ ਕਰਨ ਲਈ ਇਕ ਵੱਡੀ ਤਿਆਰੀ ਦੇ ਤੌਰ ਤੇ ਵੀ ਦੇਖੀਆਂ ਜਾ ਸਕਦੀਆਂ ਹਨ ,ਕਿਉਂਕਿ ਸਾਬਕਾ ਵਿਧਾਇਕਾ ਦੇ ਵਿਰੋਧੀ ਧੜੇ ਵੱਲੋਂ ਆਪਣੇ ਰੋਸੇ ਦਰਜ ਕਰਾਏ ਗਏ ਸਨ। ਸੂਤਰਾਂ ਮੁਤਾਬਕ ਪਿਛਲੇ ਦੋ ਮਹੀਨਿਆਂ ਤੋਂ ਅਰਜ਼ਰਵਰ ਉਨ੍ਹਾਂ ਵਿਅਕਤੀਆਂ ਦੇ ਨਾਮ ਤਿਆਰ ਕਰ ਰਹੇ ਸਨ, ਜੋ ਚਰਨਜੀਤ ਸਿੰਘ ਚੰਨੀ ਦੀ ਹੋਣ ਵਾਲੀ ਰੈਲੀ ਚ ਕਿਸੇ ਤਰ੍ਹਾਂ ਦਾ ਵਿਵਾਦ ਖੜ੍ਹਾ ਨਾ ਕਰਨ। ਸੂਤਰ ਇਹ ਵੀ ਕਹਿੰਦੇ ਦੇਖੇ ਗਏ ਕਿ ਸਾਬਕਾ ਵਿਧਾਇਕਾ ਦੇ ਵਿਰੋਧੀ ਧੜੇ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਕਾਲਜ ਦੀ ਹਦੂਦ ਅੰਦਰ ਲਿਆਂਦਾ ਗਿਆ ਅਤੇ ਗੱਲਬਾਤ ਲਈ ਬੁਲਾਵਾ ਦੇ ਕੇ ਇਕੱਠੇ ਕੀਤਾ ਗਿਆ। ਇਸ ਮੌਕੇ ਦਰਜਨ ਦੇ ਕਰੀਬ ਵਿਅਕਤੀਆਂ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਗੱਲਬਾਤ ਕੀਤੀ ਅਤੇ ਫਿਰ ਚਲਦੇ ਬਣੇ। ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਚੰਨੀ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਸਟੇਜ ਤੇ ਆ ਗਏ, ਜਦਕਿ ਜਦੋਂ ਤੱਕ ਕਾਲਜ ਵਿੱਚ ਸ਼ਾਮਲ ਵਿਅਕਤੀ ਅਨਾਜ ਮੰਡੀ ਵਿਚ ਆਉਂਦੇ ਉਦੋਂ ਤੱਕ ਸਾਬਕਾ ਵਿਧਾਇਕਾ ਸੰਬੋਧਨ ਕਰ ਚੁੱਕੇ ਸਨ ਤੇ ਚਰਨਜੀਤ ਸਿੰਘ ਚੰਨੀ ਸੰਬੋਧਨ ਕਰ ਰਹੇ ਸਨ, ਮਹਿਲ ਕਲਾਂ ਤੋਂ ਉਮੀਦਵਾਰ ਦੀ ਦਾਅਵੇਦਾਰੀ ਜਤਾ ਰਹੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਅਤੇ ਕਾਲਜ ਵਿਚ ਸ਼ਾਮਲ ਕਾਂਗਰਸੀਆਂ ਨੇ ਵਿਚਾਲੇ ਬਣੇ ਰਸਤੇ ਵਿੱਚ ਖੜ੍ਹ ਕੇ ਚਰਨਜੀਤ ਸਿੰਘ ਚੰਨੀ ਦਾ ਭਾਸ਼ਣ ਸੁਣਿਆ। ਇਸ ਸਮਾਗਮ ਚ ਜਿੱਥੇ ਬੀਬੀ ਘਨੌਰੀ ਦੇ ਹੱਕ ਚ ਸਮਰਥਕਾਂ ਵੱਲੋਂ ਤਖ਼ਤੀਆਂ ਫੜ ਕੇ ਮੁੱਖ ਮੰਤਰੀ ਨੂੰ ਦਿਖਾਈਆਂ ਗਈਆਂ, ਉਥੇ ਯੂਥ ਆਗੂ ਬੰਨ੍ਹੀ ਖਹਿਰੇ ਨਾਲ ਆਏ ਹਜ਼ਾਰਾਂ ਨੌਜਵਾਨਾਂ ਨੇ ਬੰਨ੍ਹੀ ਖਹਿਰੇ ਦੇ ਹੱਕ ਵਿੱਚ ਮਾਣਯੋਗ ਮੁੱਖ ਮੰਤਰੀ ਚੰਨੀ ਵੱਲ ਤਖ਼ਤੀਆਂ ਸੇਧਤ ਕੀਤੀਆਂ। ਚਰਨਜੀਤ ਸਿੰਘ ਚੰਨੀ ਆਪਣੇ ਭਾਸ਼ਨ ਦੌਰਾਨ ਵਾਰ ਵਾਰ ਜਿੱਥੇ ਆਪਣੇ ਆਪ ਨੂੰ ਆਮ ਮੁੱਖ ਮੰਤਰੀ ਕਹਿੰਦੇ ਦਿਖੇ, ਉਥੇ ਉਨ੍ਹਾਂ ਦੀ ਸੁਰੱਖਿਆ ਅਧਿਕਾਰੀਆਂ ਦਾ ਘੇਰਾ ਕੁਝ ਹੋਰ ਹੀ ਬਿਆਨ ਕਰ ਰਿਹਾ ਸੀ। ਖਾਸ ਗੱਲ ਇਹ ਰਹੀ ਕਿ ਤਿੰਨੋਂ ਹੀ ਹਲਕਿਆਂ ਵਿੱਚ ਚਰਨਜੀਤ ਸਿੰਘ ਚੰਨੀ ਨੇ ਇੱਕੋ ਜਿਹੇ ਐਲਾਨ ਕੀਤੇ। ਇਹ ਸਮਾਗਮ ਭਾਵੇਂ ਕਿ ਗ਼ਰੀਬ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਰੱਖਿਆ ਗਿਆ ਸੀ, ਪਰ ਕਿਸੇ ਨੂੰ ਵੀ ਇਹ ਸਰਟੀਫਿਕੇਟ ਜਾਰੀ ਨਾ ਹੋਣ ਦੀ ਕੋਈ ਖ਼ਬਰ ਨਹੀਂ। ਮੁੱਖ ਸਟੇਜ ਜਿੱਥੇ ਸਾਬਕਾ ਵਿਧਾਇਕਾਂ ਨੂੰ ਬਿਠਾਇਆ ਗਿਆ, ਉਥੇ ਵਿਰੋਧੀ ਧੜੇ ਵੱਲੋਂ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ ਵੀ ਬੈਠੇ ਦਿਖਾਈ ਦਿੱਤੇ। ਇਸ ਪੂਰੇ ਸਮਾਗਮ ਨੂੰ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਆਪਣੇ ਹੱਕ ਵਿੱਚ ਕਰਨ ਲਈ ਸਫਲ ਰਹੀ। ਇਸ ਰੈਲੀ ਤੋਂ ਬਾਅਦ ਅੱਧੀ ਦਰਜਨ ਦੇ ਕਰੀਬ ਉਮੀਦਵਾਰੀ ਜਿਤਾ ਰਹੇ ਆਗੂ ਤਾਂ ਘਰਾਂ ਵਿੱਚ ਬੈਠਣਗੇ, ਉਥੇ ਵਿਰੋਧੀ ਧੜੇ ਦਾ ਕੀ ਪ੍ਰਤੀਕਰਮ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ? ਪਰ ਬੀਬੀ ਘਨੌਰੀ ਅਤੇ ਉਹਦੇ ਸਮਰਥਕ ਖੁਸ਼ ਦਿਖਾਈ ਦੇ ਰਹੇ ਹਨ। ਭਾਵੇਂ ਕਿ ਮਹਿਲ ਕਲਾਂ ਲਈ ਅਗਲਾ ਉਮੀਦਵਾਰ ਕੌਣ ਹੋਵੇਗਾ, ਇਹ ਅਜੇ ਇਸ ਰੈਲੀ ਤੋਂ ਸਿੱਧ ਨਹੀਂ ਹੋਇਆ ਪਰ ਇਹ ਰੈਲੀ ਕਈਆਂ ਵਿੱਚ ਜੋਸ਼ ਭਰ ਗਈ ਅਤੇ ਕਈਆਂ ਨੂੰ ਨਿਰਾਸ਼ ਕਰ ਗਈ।