ਕਾਲਾ ਢਿੱਲੋਂ ਨੇ ਕਿਹਾ, CM ਦੇ ਮਹਿਲ ਕਲਾਂ ਪ੍ਰੋਗਰਾਮ ਦੀ ਮਿਲੀ ਸੀ ਜਿੰਮੇਵਾਰੀ, ਸਿਆਸੀ ਜੰਗ ਰਹੂਗੀ ਜ਼ਾਰੀ
ਹਰਿੰਦਰ ਨਿੱਕਾ ,ਬਰਨਾਲਾ , 27 ਨਵੰਬਰ 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਧਾਨ ਸਭਾ ਹਲਕਾ ਬਰਨਾਲਾ ਦੀ ਪਹਿਲੀ ਫੇਰੀ ਮੌਕੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰੋਗਰਾਮ ਤੇ ਆਪਣਾ ਏਕਾਧਿਕਾਰ ਸਥਾਪਿਤ ਕਰਕੇ, ਇੱਕ ਵਾਰ ਆਪਣੇ ਰਾਜਸੀ ਵਿਰੋਧੀ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਪੂਰੀ ਤਰਾਂ ਦਰਕਿਨਾਰ ਕਰ ਦਿੱਤਾ। ਮੁੱਖ ਮੰਤਰੀ ਚੰਨੀ ਨੇ ਆਪਣੇ ਭਾਸ਼ਣ ਵਿੱਚ ਵੀ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਵੱਡਾ ਭਰਾ ਅਤੇ ਔਖੇ ਸਮੇਂ ਦਾ ਸਲਾਹੀਆ ਕਹਿ ਕੇ ਖੂਬ ਸਰਾਹਿਆ। ਮੁੱਖ ਮੰਤਰੀ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਸਮਾਂ, ਉਹ ਵੀ ਸੀ, ਜਦੋਂ ਕਾਂਗਰਸ ਪਾਰਟੀ ਮੇਰੀ ਟਿਕਟ ਕੱਟ ਰਹੀ ਸੀ, ਉਦੋਂ ਕੇਵਲ ਸਿੰਘ ਢਿੱਲੋਂ ਨੇ ਔਖੇ ਰਾਜਸੀ ਹਾਲਤ ਵਿੱਚ ਮੇਰੀ ਬਾਂਹ ਫੜ੍ਹਕੇ ਟਿਕਟ ਦਿਵਾਈ। ਮੈਂ ਢਿੱਲੋਂ ਦਾ ਇਹ ਅਹਿਸਾਨ ਕਦੇ ਵੀ ਭੁੱਲ ਨਹੀਂ ਸਕਦਾ। ਚੰਨੀ ਨੇ ਕਿਹਾ ਕਿ ਜਦੋਂ ਕਦੇ ਵੀ ਮੈਨੂੰ ਮੁਸ਼ਿਕਲ ਘੜੀ ਆਈ ਹੈ ਤਾਂ ਮੈਂ ਉਦੋਂ ਹਮੇਸ਼ਾ ਕੇਵਲ ਸਿੰਘ ਢਿੱਲੋਂ ਦੀ ਹੀ ਸਲਾਹ ਲਈ ਹੈ। ਜਿੰਨ੍ਹਾਂ ਨੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕੀਤਾ ਹੈ। ਉਨਾਂ ਕੇਵਲ ਸਿੰਘ ਢਿੱਲੋਂ ਵੱਲੋਂ ਹਲਕੇ ਦੇ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਦੇਣ ਦੀ ਮੰਗ ਤੇ ਆਪਣੇ ਭਾਸ਼ਣ ਵਿੱਚ ਕਿਹਾ ਕਿ, ਢਿੱਲੋਂ ਸਾਬ੍ਹ ਮੇਰੇ ਵੱਡੇ ਹਨ, ਇਸ ਲਈ, ਮੈਂ ਇਨਾਂ ਦੇ ਸਤਿਕਾਰ ਵਜੋਂ, ਇੱਨਾਂ ਮੰਗ ਤੋਂ ਵੱਧ ਕੇ 25 ਕਰੋੜ ਰੁਪਏ ਬਰਨਾਲਾ ਹਲਕੇ ਦੇ ਵਿਕਾਸ ਲਈ ਮੰਜੂਰ ਕਰਾਂਗਾ।
ਰਾਜਗੜ੍ਹ ਲਿੰਕ ਰੋਡ ਨੂੰ ਛੇਤੀ ਬਣਾਵਾਂਗੇ 22 ਫੁੱਟ ਚੌੜੀ ਸੜਕ
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਨੂੰ ਅੱਜ ਰਾਜਗੜ੍ਹ ਪਿੰਡ ਤੋਂ ਹੁੰਦਿਆਂ ਹੋਇਆਂ ਸਮਾਰੋਹ ਵਾਲੀ ਥਾਂ ਮੈਰੀਲੈਂਡ ਪੈਲਸ ਵਿੱਚ ਆਉਣ ਦਾ ਮੌਕਾ ਮਿਲਿਆ, ਸੜਕ ਬਹੁਤ ਟੁੱਟੀ ਹੋਈ ਵੇਖੀ, ਰਾਹ ਵਿੱਚ ਮਿਲੇ ਇੱਕ ਬਜੁਰਗ ਨੇ ਕਿਹਾ ਕਿ ਇਹ ਸੜਕ ਵੀ ਨਵੀਂ ਬਣਾ ਦਿਉ। ਇਸ ਲਈ ਮੈਂ ਰਾਜਗੜ੍ਹ ਰੋਡ ਨੂੰ ਬਣਾਉਣ ਦਾ ਫੈਸਲਾ ਕੀਤਾ ਹੈ। ਹਾਲੇ ਉਹ ਭਾਸ਼ਣ ਦੇ ਹੀ ਰਹੇ ਸਨ ਕਿ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਉਨਾਂ ਨੂੰ ਟੋਕਦਿਆਂ ਕਿਹਾ, ਮੁੱਖ ਮੰਤਰੀ ਸਾਬ੍ਹ, ਇਹ ਮੇਰਾ ਜੱਦੀ ਜਿਲ੍ਹਾ ਵੀ ਹੈ, ਸੜਕ ਹੁਣ 22 ਫੁੱਟ ਚੌੜੀ ਬਣਾ ਦਿਉ। ਚੰਨੀ ਨੇ ਤੁਰੰਤ ਕਿਹਾ ਆਹ ਲਉ ਜੀ, ਸਿੱਧੂ ਸਾਬ੍ਹ ਨੂੰ ਵੀ ਜਿਲ੍ਹੇ ਮੋਹ ਹਾਲੇ ਵੀ ਆਉਂਦਾ ਹੈ। ਉਨਾਂ ਕਿਹਾ ਕਿ ਚਿੰਤਾ ਨਾ ਕਰੋ, ਰਾਜਗੜ ਲਿੰਕ ਰੋਡ ਦਾ 22 ਫੁੱਟ ਚੌੜੀ ਦਾ ਹੀ ਐਸਟੀਮੇਟ ਲਗਵਾ ਕੇ ਭੇਜਾਂਗਾ। ਸੜਕ 22 ਫੁੱਟ ਚੌੜੀ ਹੀ ਬਣੇਗੀ।
ਮੁੱਖ ਮੰਤਰੀ ਚੰਨੀ ਨੇ ਕੀਤਾ ਹਨ੍ਹਰੇ ਘਰਾਂ ਵਿੱਚ ਚਾਣਨ-ਕੇਵਲ ਢਿੱਲੋਂ
ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਦੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਇਹ ਕਾਂਗਰਸ ਪਾਰਟੀ ਹੀ ਹੈ, ਜਿਸ ਨੇ ਆਮ ਲੋਕਾਂ ਚੋਂ ਉੱਠ ਕੇ ਰਾਜਨੀਤੀ ਵਿੱਚ ਆਏ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ। ਢਿੱਲੋਂ ਨੇ ਕਿਹਾ ਕਿ ਚੰਨੀ ਸਾਬ੍ਹ, ਉਹ ਲੀਡਰ ਹੈ, ਜਿਨਾਂ ਨੂੰ MC ਤੋਂ ਸਫਰ ਸ਼ੁਰੂ ਕਰਕੇ CM ਬਣਨ ਦਾ ਮੌਕਾ ਮਿਲਿਆ ਹੈ। ਢਿੱਲੋਂ ਨੇ ਜਿੱਥੇ ਕਾਂਗਰਸ ਸਰਕਾਰ ਸਮੇਂ ਜਿਲ੍ਹੇ ਅੰਦਰ ਹੋਏ ਵਿਕਾਸ ਕੰਮਾਂ ਨੂੰ ਗਿਣਵਾਇਆ, ਉੱਥੇ ਹੀ ਉਨਾਂ ਮੁੱਖ ਮੰਤਰੀ ਦੇ ਫੈਸਲਿਆਂ ਦਾ ਵੀ ਗੁਣਗਾਣ ਕੀਤਾ। ਢਿੱਲੋਂ ਨੇ ਕਿਹਾ ਕਿ ਚੰਨੀ, ਲੋਕਾਂ ਦੇ ਦਰਦ ਨੂੰ ਨੇੜਿਉਂ ਸਮਝਦੇ ਹਨ ਤੇ ਜਦੋਂ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਆਮ ਲੋਕਾਂ ਦੇ ਹਿੱਤ ਵਿੱਚ ਫੈਸਲੇ ਕਰਨ ਵਿੱਚ ਲੱਗੇ ਹੋਏ ਹਨ। ਉਨਾਂ ਬਿਲ ਨਾ ਭਰ ਸਕਣ ਵਾਲੇ ਖਪਤਕਾਰਾਂ ਦੇ ਬਿਲਾਂ ਦੇ ਬਕਾਇਆਂ ਦੀ ਮਾਫੀ ਦਾ ਜਿਕਰ ਕਰਦਿਆਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਦੇ ਬਕਾਇਆਂ ਕਾਰਣ ਮੀਟਰ ਕੱਟੇ ਜਾ ਚੁੱਕੇ ਸਨ, ਉਨਾਂ ਲੋਕਾਂ ਦੇ ਹਨ੍ਹੇਰੇ ਘਰਾਂ ਵਿੱਚ ਚੰਨੀ ਸਾਬ੍ਹ ਨੇ ਫਿਰ ਤੋਂ ਕੁਨੈਕਸ਼ਨ ਲਗਵਾ ਕੇ ਚਾਣਨ ਕਰ ਦਿੱਤਾ ਹੈ।
ਮਹਿਲ ਕਲਾਂ ਦੀ ਜਿੰਮੇਵਾਰੀ ਦੇਣ ਕਰਕੇ, ਨਹੀਂ ਪਹੁੰਚੇ ਬਰਨਾਲਾ-ਕਾਲਾ ਢਿੱਲੋਂ
ਕੇਵਲ ਸਿੰਘ ਢਿੱਲੋਂ ਦੀ ਅਗਵਾਈ ਖਿਲਾਫ ਝੰਡਾ ਬੁਲੰਦ ਕਰ ਰਹੇ, ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਉਨਾਂ ਦੇ ਸਮਰਥਕਾਂ ਦੀ ਬਰਨਾਲਾ ਦੇ ਪ੍ਰੋਗਰਾਮ ਵਿੱਚ ਗੈਰ ਹਾਜ਼ਿਰੀ ਹਰ ਕਿਸੇ ਨੂੰ ਰੜਕਦੀ ਰਹੀ। ਇਸ ਬਾਰੇ ਪੁੱਛਣ ਤੇ ਕਾਲਾ ਢਿੱਲੋਂ ਨੇ ਕਿਹਾ ਕਿ ਉਨਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵੱਲੋਂ ਮਹਿਲ ਕਲਾਂ ਦੇ ਪ੍ਰੋਗਰਾਮ ਦੀ ਜਿੰਮੇਵਾਰੀ ਦਿੱਤੀ ਗਈ ਸੀ। ਜਿਸ ਕਾਰਣ , ਉਹ ਬਰਨਾਲਾ ਨਹੀਂ ਪਹੁੰਚੇ, ਉਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਹਲਕਿਆਂ ਦੇ ਪ੍ਰੋਗਰਾਮ ਹਲਕਾ ਇੰਚਾਰਜਾਂ ਦੀ ਦੇਖਰੇਖ ਵਿੱਚ ਹੀ ਕੀਤੇ ਜਾਣੇ ਹਨ। ਇਸ ਤਰਾਂ ਮਹਿਲ ਕਲਾਂ ਵਿੱਚ ਵੀ ਸਾਬਕਾ ਵਿਧਾਇਕ ਹਰਚੰਦ ਕੌਰ ਘਨੌਰੀ ਦੀ ਅਗਵਾਈ ਵਿੱਚ ਹੀ ਪ੍ਰੋਗਰਾਮ ਹੋਇਆ ਹੈ। ਉਨਾਂ ਕਿਹਾ ਕਿ ਮੇਰੀ ਰਾਜਸੀ ਜੰਗ ਜ਼ਾਰੀ ਰਹੇਗੀ। ਆਗੇ ਆਗੇ ਦੇਖਿਏ, ਹੋਤਾ ਹੈ ਕਿਆ।