ਅਨਾਜ ਮੰਡੀ ਚ ਆਪੋ ਆਪਣੇ ਫਲੈਕਸ ਬੋਰਡ ਲਾਉਣ ਦੀ ਜੰਗ ਚ ਰੁੱਝੇ ਰਹੇ ਕਾਗਰਸੀ ਆਗੂ
*ਮੀਟਿੰਗ ਦਾ ਸਥਾਨ ਬਦਲੇ ਜਾਣ ਤੇ ਪ੍ਰਸ਼ਾਸਨ ਤੇ ਆਗੂ ਦੁਚਿੱਤੀ ਚ
ਮਹਿਲ ਕਲਾਂ 26 ਨਵੰਬਰ 2021
(ਪਾਲੀ ਵਜੀਦਕੇ/ਗੁਰਸੇਵਕ ਸਹੋਤਾ) 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਮਹਿਲ ਕਲਾਂ ਪੁੱਜ ਰਹੇ ਹਨ। ਇਸ ਸਮਾਗਮ ਨੂੰ ਲੈ ਕੇ ਜਿਥੇ ਸਾਬਕਾ ਵਿਧਾਇਕਾ ਵੱਲੋਂ ਹਲਕੇ ਦੇ ਸਰਪੰਚਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਜ਼ੋਰ ਅਜ਼ਮਾਇਸ਼ ਸ਼ੁਰੂ ਕੀਤੀ ਹੋਈ ਹੈ, ਉਥੇ ਮੁੱਖ ਮੰਤਰੀ ਚੰਨੀ ਵੱਲੋਂ ਜਾਰੀ ਹੋਣ ਵਾਲੀ ਗਰਾਂਟ ਚੋਂ ਵੱਡੇ ਹਿੱਸੇ ਦੇਣ ਦੇ ਲਾਲਚ ਵੀ ਦਿੱਤੇ ਜਾ ਰਹੇ ਹਨ। ਜਦਕਿ ਜਾਰੀ ਹੋਈ ਗ੍ਰਾਂਟ ਦਾ ਪੈਸਾ ਪ੍ਰਸ਼ਾਸਨ ਅਧਿਕਾਰੀਆਂ ਰਾਹੀਂ ਖਰਚੇ ਜਾਣ ਦੇ ਆਦੇਸ਼ ਹਨ। ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਜਾਣ ਵਾਲੀ ਰਾਸ਼ੀ ਚੋਂ ਵੱਡਾ ਹਿੱਸਾ ਪ੍ਰਾਪਤ ਕਰਨ ਲਈ ਪਿੰਡਾਂ ਦੇ ਸਰਪੰਚ ਹਰ ਪੱਧਰ ਤੇ ਬੀਬੀ ਘਨੌਰੀ ਨਾਲ ਅੱਗੇ ਹੋ ਕੇ ਕੰਮ ਕਰਨ ਦਾ ਦਿਖਾਵਾ ਕਰਦੇ ਦਿਖਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕਾਂ ਵੱਲੋਂ ਅਨਾਜ ਮੰਡੀ ਮਹਿਲ ਕਲਾਂ ਚ ਹੋਣ ਵਾਲੀ ਮੀਟਿੰਗ ਸਬੰਧੀ ਸਰਪੰਚਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ, ਤੇ ਵੱਡੇ ਵੱਡੇ ਹੋਰਡਿੰਗ ਵੀ ਹਲਕਾ ਮਹਿਲ ਕਲਾਂ ਅੰਦਰ ਲਗਾਏ ਜਾ ਚੁੱਕੇ ਸਨ। ਇਹ ਸਮਾਗਮ ਕਿਸ ਦੀ ਅਗਵਾਈ ਚ ਹੋਵੇਗਾ ਇਹ ਅਜੇ ਤਕ ਪੂਰਾ ਸਾਫ ਨਹੀਂ ਹੋਇਆ, ਜਦਕਿ ਇੱਕਾ ਦੁੱਕਾ ਆਪਣੇ ਆਪ ਨੂੰ ਉਮੀਦਵਾਰ ਕਹਾਉਣ ਵਾਲੇ ਆਗੂ ਹੀ ਸਰਗਰਮ ਦਿਖਾਈ ਦੇ ਰਹੇ ਹਨ। ਰੈਲੀ ਚ ਸਰਪੰਚਾਂ ਵੱਲੋਂ ਆਮ ਲੋਕਾਂ ਨੂੰ ਅੱਗੇ ਲਿਆ ਕੇ ਹੀ ਬੀਬੀ ਘਨੌਰੀ ਦੇ ਹੱਕ ਚ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਸਮਾਗਮ ਚ ਸਾਬਕਾ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜ਼ਿਆਦਾਤਰ ਬਲਾਕ ਸੰਮਤੀ ਮੈਂਬਰ ਅਤੇ ਬੀਬੀ ਘਨੌਰੀ ਦੇ ਖਾਸਮਖਾਸ ਜਾਣੇ ਜਾਂਦੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਾਬਕਾ ਵਿਧਾਇਕਾ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ । ਅਨਾਜ ਮੰਡੀ ਮਹਿਲ ਕਲਾਂ ਚ ਸਾਰੇ ਹੀ ਉਮੀਦਵਾਰਾਂ ਵੱਲੋਂ ਆਪੋ ਆਪਣੇ ਫਲੈਕਸ ਬੋਰਡ ਲਗਾਉਣ ਦੀ ਜੰਗ ਤੇਜ਼ ਹੋਈ ਦਿਖਾਈ ਦੇ ਰਹੀ ਹੈ। ਬਲਾਕ ਮਹਿਲ ਕਲਾਂ ਦੇ ਹੀ 20 ਤੋਂ ਵੱਧ ਸਰਪੰਚ ਸਿੱਧੇ ਰੂਪ ਵਿਚ ਸਾਬਕਾ ਵਿਧਾਇਕਾਂ ਦੇ ਵਿਰੋਧੀ ਧੜੇ ਨਾਲ ਡਟ ਕੇ ਖੜ੍ਹੇ ਹੋਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਦੀ ਇਸ ਮੀਟਿੰਗ ਚ ਮੁੱਖ ਮੰਤਰੀ ਚੰਨੀ ਸਾਹਮਣੇ ਪਾਰਟੀ ਦੀ ਧੜੇਬੰਦੀ ਵੀ ਵੱਡੀ ਪੱਧਰ ਤੇ ਉੱਭਰ ਕੇ ਸਾਹਮਣੇ ਆਵੇਗੀ, ਕਿਉਂਕਿ ਪਹਿਲਾਂ ਵੀ ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ ਅਤੇ ਹਲਕਾ ਅਬਜ਼ਰਵਰ ਇਸ਼ਾਨ ਖਾਨ ਵੱਲੋਂ ਕੀਤੀਆਂ ਮੀਟਿੰਗਾਂ ਚ ਆਗੂਆਂ ਦੀ ਸ਼ਬਦੀ ਜੰਗ ਦੀਆਂ ਖ਼ਬਰਾਂ ਅਤੇ ਵੀਡੀਓਜ਼ ਵਾਇਰਲ ਹੋਈਆਂ ਸਨ। ਸਾਬਕਾ ਵਿਧਾਇਕਾ ਵੱਲੋਂ ਜਿਸ ਤਰ੍ਹਾਂ ਸਰਪੰਚਾਂ ਤੇ ਦਬਾਅ ਬਣਾ ਕੇ ਮੁੱਖ ਮੰਤਰੀ ਚੰਨੀ ਅੱਗੇ ਪੇਸ਼ ਕਰਨ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ। ਸਾਬਕਾ ਵਿਧਾਇਕਾ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਖੀ ਹੋਣ ਕਰਕੇ ਮਹਿਲ ਕਲਾਂ ਤੋਂ ਉਨ੍ਹਾਂ ਦੀ ਟਿਕਟ ਕੱਟੇ ਜਾਣ ਦੀਆਂ ਖ਼ਬਰਾਂ ਵੀ ਹਨ ਪਰ ਚੰਨੀ ਦੀ ਆਮਦ ਤੇ ਹੋਣ ਵਾਲੇ ਸਮਾਗਮ ਚ ਆਪਣੇ ਆਪ ਨੂੰ ਮਹਿਲ ਕਲਾਂ ਤੋਂ ਉਮੀਦਵਾਰ ਐਲਾਨਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸਾਬਕਾ ਵਿਧਾਇਕਾ ਦੇ ਵਿਰੋਧੀ ਧੜੇ ਵੱਲੋਂ ਵੀ ਸਮਾਗਮ ਲਈ ਵੱਡੀ ਰਣਨੀਤੀ ਉਲੀਕੀ ਗਈ ਹੈ। ਅਨਾਜ ਮੰਡੀ ਮਹਿਲ ਕਲਾਂ ਚ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਰੱਖੀ ਗਈ ਇਸ ਮੀਟਿੰਗ ਚ ਸਾਬਕਾ ਵਿਧਾਇਕਾ ਅਤੇ ਵਿਰੋਧੀ ਧੜੇ ਚ ਸਬਦੀ ਕਮਰਕਸ ਜ਼ੋਰ ਸ਼ੋਰ ਨਾਲ ਉੱਭਰ ਕੇ ਸਾਹਮਣੇ ਆਵੇਗੀ। ਆਪਣੇ ਆਪ ਨੂੰ ਮਹਿਲ ਕਲਾਂ ਤੋਂ ਉਮੀਦਵਾਰ ਦੇ ਦਾਅਵੇਦਾਰ ਦੱਸਣ ਵਾਲੇ ਕਈ ਆਗੂ ਕੱਲ੍ਹ ਦੇ ਇਸ ਸਮਾਗਮ ਚ ਸਾਬਕਾ ਵਿਧਾਇਕਾ ਖ਼ਿਲਾਫ਼ ਇਕੱਠੇ ਕੀਤੇ ਸਬੂਤਾਂ ਨੂੰ ਵੀ ਜਨਤਕ ਕਰ ਸਕਦੇ ਹਨ। ਪਿਛਲੇ ਦਿਨੀਂ ਸ਼ਗਨ ਪੈਲੇਸ ਮਹਿਲ ਕਲਾਂ ਵਿਖੇ ਜ਼ਿਲ੍ਹਾ ਪਰ ਜਬਰ ਸੀਤਾ ਰਾਮ ਲਾਂਬਾ ਅਤੇ ਹਲਕਾ ਅਬਜ਼ਰਬਰ ਇਸ਼ਾਨ ਖਾਨ ਵੱਲੋਂ ਰੱਖੀ ਮੀਟਿੰਗ ਚ ਵੀ ਜ਼ਿਆਦਾਤਰ ਆਗੂਆਂ ਤੇ ਵਰਕਰਾਂ ਨੇ ਨਵੇਂ ਉਮੀਦਵਾਰ ਨੂੰ ਭੇਜੇ ਜਾਣ ਦੀ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ, ਤੇ ਹੁਣ ਵੀ ਇਹੋ ਨਜ਼ਾਰਾ ਦੇਖਣ ਨੂੰ ਮਿਲੇਗਾ। ਕੁਝ ਕਾਂਗਰਸੀ ਆਗੂਆਂ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਸਾਬਕਾ ਵਿਧਾਇਕਾਂ ਨਾਲ ਚੱਲ ਰਹੇ ਸਰਪੰਚ ਵੀ ਨਹੀਂ ਚਾਹੁੰਦੇ ਕਿ ਅੱਜ ਦੇ ਹੋਣ ਵਾਲੇ ਸਮਾਗਮ ਚ ਸਾਬਕਾ ਵਿਧਾਇਕਾ ਦੇ ਨਾਮ ਤੇ ਮੋਹਰ ਲੱਗੇ। ਮੁੱਖ ਮੰਤਰੀ ਚੰਨੀ ਹਲਕੇ ਲਈ ਕੀ ਐਲਾਨ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਜਿਸ ਤਰ੍ਹਾਂ ਕਾਂਗਰਸ ਦੀ ਧੜੇਬੰਦੀ ਉੱਭਰ ਕੇ ਸਾਹਮਣੇ ਆ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਸਾਬਕਾ ਵਿਧਾਇਕਾਂ ਨੂੰ ਵੀ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ