ਹਰਿੰਦਰ ਨਿੱਕਾ , ਬਰਨਾਲਾ, 22 ਨਵੰਬਰ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੋਂ ਹੀ ਵਿਗਿਆਨ ਵਿਸ਼ੇ ਦੀ ਵਿਸਥਾਰਤ ਪੜਾਈ ਲਈ ਪ੍ਰੇਰਿਤ ਕਰਨ ਅਤੇ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ ਲਈ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਜ਼ਿਲੇ ਦੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਲਗਾਈਆਂ ਵਿਗਿਆਨ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਦੋ ਗਰੁੱਪਾਂ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਨੌਵੀ, ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਕੂਲ ਪੱਧਰੀ ਵਿਗਿਆਨ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਵਿਗਿਆਨ ਪ੍ਰਦਰਸ਼ਨੀਆਂ ਦਾ ਮਨੋਰਥ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਦੇ ਨਾਲ ਨਾਲ ਵਿਗਿਆਨ ਵਿਸ਼ੇ ਦੇ ਪਾਠਕ੍ਰਮ ਦੇ ਸੰਕਲਪਾਂ ਨੂੰ ਪ੍ਰਯੋਗੀ ਤਰੀਕੇ ਸਮਝ ਕੇ ਪਕੇਰਾ ਬਣਾਉਣਾ ਹੈ।
ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਮੂਹ ਸਕੂਲਾਂ ਦੇ ਮੁਖੀਆਂ ਅਤੇ ਵਿਗਿਆਨ ਅਧਿਆਪਕਾਂ ਵੱਲੋਂ ਆਯੋਜਿਤ ਵਿਗਿਆਨ ਪ੍ਰਦਰਸ਼ਨੀਆਂ ’ਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਪੰਚਾਇਤੀ ਨੁਮਾਇੰਦਿਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਕਲੱਬਾਂ ਤੇ ਹੋਰ ਮੋਹਤਬਰ ਸ਼ਖਸੀਅਤਾਂ ਵੱਲੋਂ ਵਿਗਿਆਨ ਪ੍ਰਦਰਸ਼ਨੀਆਂ ’ਚ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਗਿਆ। ਜ਼ਿਲਾ ਮੈਂਟਰ ਵਿਗਿਆਨ ਪਿ੍ਰੰਸੀਪਲ ਹਰੀਸ਼ ਬਾਂਸਲ ਨੇ ਦੱਸਿਆ ਕਿ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਕੂਲ ਪੱਧਰ ਦੀ ਵਿਗਿਆਨ ਪ੍ਰਦਰਸ਼ਨੀ ਦੇ ਜੇਤੂ ਵਿਦਿਆਰਥੀ ਬਲਾਕ ਪੱਧਰੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਣਗੇ। ਉਨਾਂ ਕਿਹਾ ਕਿ ਪੜੋ ਪੰਜਾਬ ਟੀਮ ਵਿਗਿਆਨ ਦੇ ਸਮੂਹ ਬਲਾਕ ਮੈਂਟਰ ਵਿਗਿਆਨ ਪ੍ਰਦਰਸ਼ਨੀਆਂ ਦੇ ਆਯੋਜਨ ਵਿੱਚ ਸਹਾਇਕ ਵਜੋਂ ਸਕੂਲਾਂ ਦਾ ਦੌਰਾ ਕੀਤਾ ਗਿਆ।