ਹਰਿੰਦਰ ਨਿੱਕਾ ,ਬਰਨਾਲਾ , 22 ਨਵੰਬਰ 2021
ਪੀਆਰਟੀਸੀ ਬੱਸ ਵਿੱਚ ਚੜ੍ਹੇ ਕੁੱਝ ਨੌਜਵਾਨਾਂ ਨੂੰ ਜਦੋਂ ਬੱਸ ਡਰਾਈਵਰ ਨੇ ਸਵਾਰੀਆਂ ਨਾਲ ਸ਼ਰਾਰਤੀ ਲਹਿਜੇ ਵਿੱਚ ਅਵਾਜਾਂ ਕੱਢਣ ਤੋਂ ਰੋਕਿਆ ਤਾਂ, ਉਨਾਂ ਰਾਹ ਵਿੱਚ ਬੱਸ ਘੇਰ ਕੇ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ, ਉਸ ਦੀ ਵਰਦੀ ਫਾੜ ਦਿੱਤੀ ਅਤੇ ਕੰਡਕਟਰ ਦਾ ਮੋਬਾਇਲ ਵੀ ਸੜ੍ਹਕ ਤੇ ਸੁੱਟ ਕੇ ਭੰਨ੍ਹ ਦਿੱਤਾ। ਧਨੌਲਾ ਥਾਣੇ ਦੀ ਪੁਲਿਸ ਨੇ ਡਰਾਈਵਰ ਦੇ ਬਿਆਨ ਪਰ 5 ਵਿਅਕਤੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਮਨਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਤੋਲਾਵਾਲ, ਜਿਲ੍ਹਾ ਸੰਗਰੂਰ ਨੇ ਕਿਹਾ ਕਿ ਉਹ ਪੀਆਰਟੀਸੀ ਬੁਢਲਾਡਾ ਡਿੱਪੂ ਦੀ ਬੱਸ ਤੇ ਬਤੌਰ ਡਰਾਈਵਰ ਨੌਕਰੀ ਕਰਦਾ ਹੈ। ਲੰਘੀ ਕੱਲ੍ਹ ਸਵੇਰੇ ਕਰੀਬ 8:40 ਵਜੇ ਉਹ ਬੱਸ ਸਟੈਂਡ ਬਰਨਾਲਾ ਵਿਖੇ ਮੌਜੂਦ ਸੀ ਤਾਂ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਗਲਤ ਲਹਿਜੇ ਵਿੱਚ ਤਰਾਂ ਤਰਾਂ ਦੇ ਤੰਜ ਕਸ ਰਹੇ ਸਨ। ਮੁਦਈ ਨੇ ਉਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਗਾਲ੍ਹਾਂ ਕੱਢਦੇ ਹੋਏ, ਉੱਥੋਂ ਖਿਸਕ ਗਏ।
ਪਰੰਤੂ ਜਦੋਂ ਉਸ ਦੀ ਬੱਸ ਕਰੀਬ ਸਾਢੇ 9 ਵਜੇ ਪਿੰਡ ਕਾਲੇਕੇ ਪੁੱਜੀ ਤਾਂ ਕੁਲਵਿੰਦਰ ਸਿੰਘ ਉਰਫ ਕਿੰਦੀ ਵਾਸੀ ਕਾਲੇਕੇ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਅਸਪਾਲ ਖੁਰਦ ਨੇ ਆਪਣੇ 2/3 ਹੋਰ ਅਣਪਛਾਤੇ ਸਾਥੀਆਂ ਸਣੇ, ਬੱਸ ਨੂੰ ਘੇਰ ਕੇ ਉਸ ਨੂੰ ਹੇਠਾਂ ਉਤਾਰ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਸਿਰ ਵਿੱਚ ਇੱਟ ਮਾਰੀ ਅਤੇ ਗੁਪਤ ਅੰਗ ਤੇ ਠੁੱਡੇ ਮਾਰੇ,ਕੁੱਟਮਾਰ ਦੌਰਾਨ , ਮੇਰੀ ਸੋਨੇ ਦੀ ਅੰਗੂਠੀ ਡਿੱਗ ਪਈ ਅਤੇ ਵਰਦੀ ਫਾੜ ਕੇ ਸਰਕਾਰੀ ਡਿਊਟੀ ਵਿੱਚ ਅੜਿੱਕਾ ਪਾਇਆ।
ਮੁਦਈ ਨੇ ਇਹ ਵੀ ਦੱਸਿਆ ਕਿ ਉਕਤ ਨੌਜਵਾਨਾਂ ਨੇ ਬੱਸ ਕੰਡਕਟਰ ਦਾ ਮੋਬਾਇਲ ਵੀ ਖੋਹ ਕੇ ਸੜ੍ਹਕ ਤੇ ਸੁੱਟਕੇ ਭੰਨ੍ਹ ਦਿੱਤਾ। ਨਾਮਜ਼ਦ ਦੋਸ਼ੀਆਂ ਨੇ ਉਸ ਦੀ ਬੱਸ ਦਾ ਟਾਈਮ ਵੀ ਮਿਸ ਕਰਵਾ ਦਿੱਤਾ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕਾ ਵਾਰਦਾਤ ਤੋਂ ਫਰਾਰ ਹੋ ਗਏ।
ਥਾਣਾ ਧਨੌਲਾ ਦੇ ਐਸਐਚਉ ਇੰਸਪੈਕਟਰ ਹਰਸਮਿਰਨ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਦੇ ਬਿਆਨ ਪਰ ਕੁਲਵਿੰਦਰ ਸਿੰਘ ਉਰਫ ਕਿੰਦੀ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਅਤੇ ਉਨਾਂ ਦੇ 2/3 ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜ਼ੁਰਮ 332 /341 / 353 /186 / 427 / 506 / 148 /149 ਆਈ.ਪੀ. ਸੀ. ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ। ਮਾਮਲੇ ਦੀ ਤਫਤੀਸ਼ ਏ.ਐਸ.ਆਈ. ਨਿਰਮਲ ਸਿੰਘ ਨੂੰ ਸੌਂਪ ਦਿੱਤੀ। ਉਨਾਂ ਕਿਹਾ ਕਿ ਦੋਸ਼ੀਆਂ ਦੀ ਤਲਾਸ਼ ਅਤੇ ਅਣਪਛਾਤਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।