26 ਅਕਤੂਬਰ ਨੂੰ ਸਕੂਲ ਗਈ, ਪਰ ਹਾਲੇ ਤੱਕ ਘਰ ਨਹੀਂ ਪਹੁੰਚੀ ਸਕੂਲੀ ਵਿਦਿਆਰਥਣ
ਹਰਿੰਦਰ ਨਿੱਕਾ , ਬਰਨਾਲਾ 28 ਅਕਤੂਬਰ 2021
ਸਰਕਾਰੀ ਕੰਨਿਆ ਹਾਈ ਸਕੂਲ ਦੀ 2 ਦਿਨ ਪਹਿਲਾਂ ਅਣਪਛਾਤਿਆਂ ਵੱਲੋਂ ਅਗਵਾ ਕੀਤੀ ਲੜਕੀ ਦਾ ਹਾਲੇ ਤੱਕ ਪਰਿਵਾਰ ਅਤੇ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੇ ਅਗਵਾ ਵਿਦਿਆਰਥਣ ਦੇ ਪਿਤਾ ਦੇ ਬਿਆਨ ਪਰ ਅਣਪਛਾਤੇ ਦੋਸ਼ੀਆਂ ਖਿਲਾਫ ਅਗਵਾ ਦਾ ਕੇਸ ਦਰਜ਼ ਕਰਕੇ ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਭੋਲਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬੱਬਰਾਂ ਵਾਲੇ ਕੋਠੇ ਬਰਨਾਲਾ ਨੇ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਮਨਪ੍ਰੀਤ ਕੌਰ ,ਸਰਕਾਰੀ ਕੰਨਿਆ ਹਾਈ ਸਕੂਲ ਬਰਨਾਲਾ ਵਿਖੇ ਪੜ੍ਹਦੀ ਹੈ। 26 ਅਕਤੂਬਰ ਨੂੰ ਉਹ ਘਰੋਂ ਸਕੂਲ ਆਈ, ਪਰੰਤੂ ਸਕੂਲ ਵਿੱਚੋਂ ਬਿਨਾਂ ਦੱਸੇ/ਪੁੱਛੇ ਹੀ ਚਲੀ ਗਈ। ਜਦੋਂ ਸਕੂਲ ਟਾਈਮ ਤੋਂ ਬਾਅਦ ਵੀ, ਉਹ ਘਰ ਨਾ ਪਹੁੰਚੀ ਤਾਂ ਪਰਿਵਾਰ ਨੇ ਉਸਦੀ ਤਲਾਸ਼ ਸ਼ੁਰੂ ਕੀਤੀ।
ਆਖਿਰ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਮਨਪ੍ਰੀਤ ਕੌਰ ਨੂੰ ਕੋਈ ਅਣਪਛਾਤੇ ਵਿਅਕਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਆਪਣੇ ਨਾਲ ਲੈ ਗਏ ਹਨ। ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 17 ਸਾਲ 11 ਮਹੀਨੇ 18 ਦਿਨ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਕਥਿਤ ਤੌਰ ਤੇ ਅਗਵਾ ਸਕੂਲ ਵਿਦਿਆਰਥਣ ਦੇ ਪਿਤਾ ਦੇ ਬਿਆਨ ਪਰ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਜੁਰਮ 363/366 ਏ ਆਈਪੀਸੀ ਤਹਿਤ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ. ਬਲੀ ਰਾਮ ਪਾਂਡੇ ਨੂੰ ਸੌਂਪ ਦਿੱਤੀ ਹੈ। ਉਨਾਂ ਕਿਹਾ ਕਿ ਪੁਲਿਸ ਅਣਪਛਾਤੇ ਦੋਸ਼ੀਆਂ ਦੀ ਸ਼ਨਾਖਤ ਅਤੇ ਭਾਲ ਵਿੱਚ ਲੱਗੀ ਹੋਈ ਹੈ, ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨਾਂ ਦੇ ਕਬਜ਼ੇ ਵਿੱਚੋਂ ਅਗਵਾ ਨਾਬਾਲਿਗ ਲੜਕੀ ਨੂੰ ਬਰਾਮਦ ਕਰਵਾ ਲਿਆ ਜਾਵੇਗਾ।