ਚੋਰੀ ਦੀਆਂ ਵਾਰਦਾਤਾਂ ਦੇ 6 ਦਿਨ ਬਾਅਦ ਤਿੰਨੋਂ ਘਟਨਾਵਾਂ ਦੀ 1 ਐਫ.ਆਈ.ਆਰ. ਦਰਜ਼
ਹਰਿੰਦਰ ਨਿੱਕਾ, ਬਰਨਾਲਾ 22 ਸਤੰਬਰ 2021
ਸ਼ਹਿਰ ਅੰਦਰ ਚੋਰਾਂ ਦਾ ਦਬਦਬਾ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਬੇਖੌਫ ਚੋਰ ਇੱਕੋ ਹੀ ਦਿਨ ਵਿੱਚ ਕਚਿਹਰੀਆਂ ਦੇ ਇੱਕ ਗੇਟ ਦੇ ਕੋਲੋਂ ਹੀ 3 ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਨੇ ਮੋਟਰਸਾਈਕਲ ਚੋਰੀ ਦੀਆਂ ਤਿੰਨੋਂ ਘਟਨਾਵਾਂ ਸਬੰਧੀ ਥਾਣਾ ਸਿਟੀ 2 ਬਰਨਾਲਾ ਵਿਖੇ ਚੋਰੀ ਦੀਆਂ ਘਟਨਾਵਾਂ ਤੋਂ 6 ਦਿਨ ਬਾਅਦ ਇੱਕ ਐਫ.ਆਈ.ਆਰ. ਦਰਜ਼ ਕਰਕੇ ਹੀ ਬੁੱਤਾ ਸਾਰ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਗੁਰਮੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਜੰਡਾ ਵਾਲਾ ਰੋਡ ਬਰਨਾਲਾ ਨੇ ਦੱਸਿਆ ਕਿ 16 ਸਤੰਬਰ ਨੂੰ ਉਹ ਕਚਿਹਰੀ ਆਇਆ ਹੋਇਆ ਸੀ ਤੇ ਆਪਣਾ ਹੀਰੋ ਸਪਲਾਇੰਡਰ ਮੋਟਰ ਸਾਈਕਲ ਨੰਬਰ PB 19 ਪੀ- 4802 ਕਚਿਹਰੀ ਦੇ ਗੇਟ ਨੰਬਰ ਇੱਕ ਕੋਲ ਖੜ੍ਹਾ ਕਰਕੇ ਅਦਾਲਤ ਵਿੱਚ ਚਲਾ ਗਿਆ। ਜਦੋਂ ਵਾਪਿਸ ਆਇਆ ਤਾਂ ਉਸ ਦਾ ਮੋਟਰ ਸਾਈਕਲ ਗਾਇਬ ਸੀ। ਉਸ ਨੂੰ ਉਦੋਂ ਪਤਾ ਲੱਗਿਆ ਕਿ ਜਗਦੀਪ ਸਿੰਘ ਵਾਸੀ ਪਿੰਡ ਫਰਵਾਹੀ ਦਾ ਹੀਰੋ ਸਪਲਾਇੰਡਰ ਮੋਟਰ ਸਾਈਕਲ ਨੰਬਰ PB 57 ਬੀ- 5596 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਲਖਵੀਰ ਸਿੰਘ ਦਾ ਸੀ.ਡੀ. ਡੀਲੈਕਸ ਹੀਰੋ ਮੋਟਰ ਸਾਈਕਲ ਨੰਬਰ PB 10 ਯੂ- 7655 ਵੀ ਕਚਿਹਰੀਆਂ ਦੇ ਗੇਟ ਨੰਬਰ 1 ਤੋਂ ਹੀ ਗਾਇਬ ਹੋ ਗਏ ਹਨ।
ਆਪਣੇ ਪੱਧਰ ਤੇ ਤਲਾਸ਼ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਕਤ ਤਿਨੋਂ ਮੋਟਰ ਸਾਈਕਲ ਅਣਪਛਾਤੇ ਚੋਰ ਚੁਰਾ ਕੇ ਫਰਾਰ ਹੋ ਗਏ ਹਨ। ਤਿੰਨੋਂ ਮੋਟਰ ਸਾਈਕਲਾਂ ਦੀ ਬਾਜ਼ਾਰੀ ਕੀਮਤ ਕਰੀਬ 75 ਹਜ਼ਾਰ ਰੁਪਏ ਬਣਦੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਲਾਭ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਤਿੰਨੋਂ ਹੀ ਮੋਟਰ ਸਹ.ਕਲ ਚੋਰੀ ਦੀਆਂ ਘਟਨਾਵਾਂ ਸਬੰਧੀ ਅਣਪਛਾਤੇ ਚੋਰਾਂ ਦੇ ਖਿਲਾਫ ਚੋਰੀ ਦਾ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਚੋਰਾਂ ਦੀ ਸ਼ਨਾਖਤ ਕਰ,ਉਨਾਂ ਨੂੰ ਕਾਬੂ ਕਰਕੇ, ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾ ਲਏ ਜਾਣਗੇ।
ਫੋਟੋ-ਕਾਰਟੂਨ ਮੋਟਰ ਸਾਈਕਲ ਚੋਰੀ ਕਰਦਾ ਹੋਇਆ ਚੋਰ।