*ਸ਼ਹੀਦ_ਭਗਤ_ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਹੋਣ ਵਾਲੀ ਸਾਮਰਾਜ_ਵਿਰੋਧੀ_ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਫੈਂਸਲਾ*
ਹਰਪ੍ਰੀਤ ਕੌਰ ਬਬਲੀ , 21 ਸੰਗਰੂਰ, ਸਤੰਬਰ 2021
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਅਤੇ ਨੌਜਵਾਨ ਭਾਰਤ ਸਭਾ ਵੱਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾਡ਼ੇ ਮੌਕੇ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੀਤੀ ਜਾ ਰਹੀ ‘ਸਾਮਰਾਜ ਵਿਰੋਧੀ ਕਾਨਫ਼ਰੰਸ’ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।
ਪੀ ਐੱਸ ਯੂ (ਸ਼ਹੀਦ ਰੰਧਾਵਾ) ਦੇ ਸੂਬਾ ਜਥੇਬੰਦਕ ਸਕੱਤਰ ਹੁਸ਼ਿਆਰ ਸਲੇਮਗੜ੍ਹ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਨੇ ਕਿਹਾ ਕਿ ਕੌਮੀ ਮੁਕਤੀ ਸੰਘਰਸ਼ ਦੇ ਮਹਿਬੂਬ ਸ਼ਹੀਦ ਭਗਤ ਸਿੰਘ ਵੱਲੋਂ ਚਿਤਵਿਆ
ਮਿਹਨਤਕਸ਼ ਲੋਕਾਂ ਦੀ ਮੁਕਤੀ ਦਾ ਸੁਪਨਾ ਅਜੇ ਅਧੂਰਾ ਹੈ। ਇਸ ਮੁਕਤੀ ਲਈ ਸਭ ਤੋਂ ਅਹਿਮ ਨੁਕਤਾ ਉਸ ਵੱਲੋਂ ਲਾਏ ‘ਸਾਮਰਾਜਵਾਦ ਮੁਰਦਾਬਾਦ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨੂੰ ਹਕੀਕੀ ਰੂਪ ਦੇਣਾ ਹੈ । ਅੱਜ ਵੀ ਸਾਡਾ ਮੁਲਕ ਸਾਮਰਾਜੀ ਚੋਰ ਗ਼ੁਲਾਮੀ ਵਿੱਚ ਨਰੜਿਆ ਹੋਇਆ ਹੈ। ਸਾਮਰਾਜੀ ਨੀਤੀਆਂ ਤਹਿਤ ਹੀ ਮੁਲਕ ਦੇ ਕੁੱਲ ਆਰਥਿਕ ਵਸੀਲੇ ਬਹੁਕੌਮੀ ਕੰਪਨੀਆਂ ਨੂੰ ਸੰਭਾਉਣ ਲਈ ਸਭਨਾ ਕੇਂਦਰੀ ਅਤੇ ਸੂਬਾਈ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਹੈ।
ਇਸੇ ਕਰਕੇ ਸਭਨਾਂ ਸਰਕਾਰੀ ਅਦਾਰਿਆਂ, ਕੰਪਨੀਆਂ ਅਤੇ ਕਾਰਪੋਰੇਸ਼ਨਾਂ ਦਾ ਭੋਗ ਪਾਇਆ ਜਾ ਰਿਹਾ ਹੈ। ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਨਾਫ਼ਿਆਂ ਨੂੰ ਜਰਬਾਂ ਦੇਣ ਹਿੱਤ ਨਾਮ ਨਿਹਾਦ ਲੇਬਰ ਕਾਨੂੰਨਾਂ ਨੂੰ ਬਦਲ ਕੇ ਕਾਰਪੋਰੇਟ ਪੱਖੀ ਲੇਬਰ ਕੋਡਾਂ ਦੇ ਵਿੱਚ ਬਦਲ ਦਿੱਤਾ ਗਿਆ ਹੈ । ਵਿਕਾਸ ਦੇ ਨਾਂ ‘ਤੇ ਮੁਲਕ ਦੇ ਮਾਲ- ਖਜ਼ਾਨੇ ਵੀ ਬਹੁਦੇਸ਼ੀ ਕਾਰਪੋਰੇਸ਼ਨਾਂ ਨੂੰ ਪਰੋਸਣ ਦਾ ਅਮਲ ਸਭਨਾਂ ਹੀ ਸਰਕਾਰਾਂ ਨੇ ਵਿੱਢਿਆ ਹੋਇਆ ਹੈ। ਮੌਜੂਦਾ ਸਮੇਂ ਦੁਨੀਆਂ ਦੀਆਂ ਵੱਡੀਆਂ ਕਾਰਪੋਰੇਸ਼ਨਾਂ ਦੀ ਅੱਖ ਸਾਡੇ ਮੁਲਕ ਦੇ ਕਿਸਾਨਾਂ ਦੀਆਂ ਉਪਜਾਂ ‘ਤੇ ਹੈ ।
ਕਿਸਾਨਾਂ ਦੀਆਂ ਉਪਜਾਂ ਸਸਤੇ ਭਾਅ ਲੁੱਟਣ ਲਈ ਹਾਬੜੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਰਾਹ ਦੇ ਸਾਰੇ ਅੜਿੱਕੇ ਦੂਰ ਕਰਨ ਲਈ ਹੀ ਮੋਦੀ ਹਕੂਮਤ ‘ਕਾਲੇ ਖੇਤੀ ਕਾਨੂੰਨ’ ਲੈ ਕੇ ਆਈ ਹੈ। ਆਪਣੇ ਸਾਮਰਾਜੀ ਪ੍ਰਭੂਆਂ ਨੂੰ ਖ਼ੁਸ਼ ਕਰਨ ਲਈ ਹੀ ਹਰ ਵਿਰੋਧ ਅਤੇ ਨਾਰਾਜ਼ਗੀ ਝੱਲ ਕੇ ਵੀ ਇਹ ਕਾਨੂੰਨ ਲਾਗੂ ਕਰਨ ਦੀ ਧੁੱਸ ਵੀ ਸਾਮਰਾਜੀ ਗੁਲਾਮੀ ਦੀ ਹੀ ਸੂਚਕ ਹੈ ।
ਮੁਲਕ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਜੜ੍ਹ ‘ਸਾਮਰਾਜ’ ਵੱਲ ਇਸ਼ਾਰਾ ਕਰਦਿਆਂ ਸਾਡੇ ਮਹਿਬੂਬ ਸ਼ਹੀਦ ਨੇ ਇਸ ਦਾ ਹੱਲ ਸੁਝਾਇਆ ਸੀ। ਮੁਲਕ ਦੇ ਸਭਨਾਂ ਕਿਰਤੀ ਲੋਕਾਂ ਦੇ ਇਕਜੁੱਟ ਜਥੇਬੰਦਕ ਸੰਘਰਸ਼, ਜੋ ਮੌਜੂਦਾ ਅੰਸ਼ਕ ਮੰਗਾਂ ਤੋਂ ਬੁਨਿਆਦੀ ਮੰਗਾਂ ਵੱਲ ਨੂੰ ਜਾਂਦੇ ਹਨ, ਹੀ ਉਨ੍ਹਾਂ ਦੀ ਅਸਲ ਮੁਕਤੀ ਦਾ ਸਬੱਬ ਬਣ ਸਕਦੇ ਹਨ। ਸਾਮਰਾਜੀ ਨੀਤੀਆਂ ਲਾਗੂ ਕਰਨ ਲਈ ਇਕਜੁੱਟ ਸਭਨਾਂ ਪਾਰਟੀਆਂ ਦੀ ਰਾਜ ਗੱਦੀ ਸਾਂਭਣ ਦੀ ਮਸ਼ਕ ਭਾਵ ਚੋਣਾਂ ਰਾਹੀਂ ਕਿਰਤੀ ਲੋਕਾਂ ਦੀ ਮੁਕਤੀ ਅਸੰਭਵ ਹੈ। ਮੁਲਕ ਦੀ ਅਖੌਤੀ ਆਜ਼ਾਦੀ ਤੋਂ ਬਾਅਦ ਅੱਜ ਤਕ ਆਈਆਂ ਸਭਨਾਂ ਸਰਕਾਰਾਂ ਨੇ ਲੋਕ ਦੋਖੀ ਨੀਤੀਆਂ ‘ਤੇ ਹੀ ਪਹਿਰਾ ਦਿੱਤਾ ਹੈ।
ਸ਼ਹੀਦ ਭਗਤ ਸਿੰਘ ਨੇ ਵੀ ਅਸੰਬਲੀ ਵਿਚ ਸੰਕੇਤਾਤਮਕ ਤੌਰ ‘ਤੇ ਬੰਬ ਸੁੱਟ ਕੇ ਇਸ ਦੀ ਲੋਕ ਵਿਰੋਧੀ ਕਾਨੂੰਨ ਘੜਨ ਦੀ ਖਸਲਤ ਵੱਲ ਇਸ਼ਾਰਾ ਕੀਤਾ ਸੀ। ਇਸ ਲਈ ਲੋਕਾਂ ਨੂੰ ਮੌਜੂਦਾ ਸਮੇਂ ਵੀ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਆਪਣੇ ਜਥੇਬੰਦਕ ਘੋਲ ਉਸਾਰਨੇ ਚਾਹੀਦੇ ਹਨ। ਇਨ੍ਹਾਂ ਘੋਲਾਂ ਦੀ ਸਾਮਰਾਜ ਵਿਰੋਧੀ ਧਾਰ ਤਿੱਖੀ ਕਰਨੀ ਚਾਹੀਦੀ ਹੈ। ਮੁਲਕ ਦੇ ਹਾਕਮਾਂ ਨੂੰ ਸਾਮਰਾਜੀ ਮੁਲਕਾਂ ਨਾਲ ਕੀਤੀਆਂ ਸੰਧੀਆਂ ਵਿੱਚੋਂ ਬਾਹਰ ਆਉਣ ਲਈ ਮਜਬੂਰ ਕਰਨਾ ਚਾਹੀਦਾ ਹੈ। ਇਹੋ ਸੁਨੇਹਾ ਹੀ 28 ਸਤੰਬਰ ਨੂੰ ਬਰਨਾਲੇ ਦੀ ਧਰਤੀ ਤੋਂ ਜ਼ੋਰਦਾਰ ਤਰੀਕੇ ਨਾਲ ਦਿੱਤਾ ਜਾਵੇਗਾ।
ਮੁਲਕ ਦੇ ਲੋਕਾਂ ਦੀ ਸਾਮਰਾਜ ਖ਼ਿਲਾਫ਼ ਜੂਝਣ ਦੀ ਵਿਰਾਸਤ ਦੇ ਚਿੰਨ੍ਹ ‘ਜੱਲ੍ਹਿਆਂਵਾਲੇ ਬਾਗ਼’ ਨੂੰ ਵੀ ਸੈਰਗਾਹ ਵਿਚ ਬਦਲਣ ਅਤੇ ਇਸ ਦੇ ਪੁਰਾਤਨ ਸਰੂਪ ਨੂੰ ਬਹਾਲ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਮਨਸ਼ਾ ਲੋਕਾਂ ਦੇ ਦਿਲਾਂ ਵਿੱਚੋਂ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਅਤੇ ਸਾਮਰਾਜੀ ਹਾਕਮਾਂ ਦੇ ਕਾਲੇ ਕਾਰਨਾਮੇ ਭੁਲਾਉਣ ਦਾ ਹੈ ਜੋ ਕਿ ਬਿਲਕੁਲ ਵੀ ਸਫ਼ਲ ਹੋਣ ਨਹੀਂ ਦਿੱਤਾ ਜਾਵੇਗਾ। ਪਹਿਲਾਂ ਅਜਿਹੀ ਹੀ ਅਸਫਲ ਕੋਸ਼ਿਸ਼ ਭਗਤ ਸਿੰਘ ਅਤੇ ਉਸ ਦੀ ਵਿਚਾਰਧਾਰਾ ਨੂੰ ਮੇਸਣ ਰਾਹੀਂ ਵੀ ਕੀਤੀ ਗਈ ਸੀ ਜੋ ਕਿ ਮੁਲਕ ਦੇ ਲੋਕਾਂ ਨੇ ਸਫਲ ਨਹੀਂ ਸੀ ਹੋਣ ਦਿੱਤੀ । ਹੁਣ ਵੀ ਮੁਲਕ ਦੇ ਮਿਹਨਤਕਸ਼ ਲੋਕ ਹਾਕਮਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਣਗੇ।
ਉਨ੍ਹਾਂ ਅੰਤ ਵਿਚ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ 28 ਸਤੰਬਰ ਨੂੰ ਬਰਨਾਲਾ ਰੈਲੀ ਵਿਚ ਸ਼ਮੂਲੀਅਤ ਕਰਨ ਦੇ ਨਾਲ ਨਾਲ ਪਿੰਡਾਂ ਅਤੇ ਵਿੱਦਿਅਕ ਸੰਸਥਾਵਾਂ ਵਿਚ ਮੀਟਿੰਗਾਂ, ਰੈਲੀਆਂ ਅਤੇ ਨਾਟਕ ਸਮਾਗਮਾਂ ਦੀ ਮੁਹਿੰਮ ਚਲਾਈ ਜਾਵੇਗੀ