ਕੇਂਦਰ ਸਰਕਾਰ ਸੰਕੇਤ ਭਾਸ਼ਾ ਨੂੰ ਵੀ ਹੋਰਨਾਂ ਭਾਸ਼ਾਵਾਂ ਦੀ ਤਰ੍ਹਾਂ ਭਾਰਤੀ ਸੰਵਿਧਾਨ ‘ਚ ਥਾਂ ਦੇਵੇ-ਮਨੀਸ਼ਾ ਗੁਲਾਟੀ
ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਨੇ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨਾਲ ਮਿਲਕੇ ‘ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ’ ਮਨਾਇਆ
ਬਲਵਿੰਦਰਪਾਲ , ਪਟਿਆਲਾ, 21 ਸਤੰਬਰ 2021
ਸੁਣਨ ਤੋਂ ਅਸਮਰਥ ਲੋਕਾਂ ਨਾਲ ਸੰਬੰਧਤ ਸੰਸਥਾ ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਨੇ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਚ ਸਥਿਤ ਦਿਵਿਆਂਗ ਜਨਾਂ ਲਈ ਤਕਨਾਲੌਜੀ ਵਿਕਾਸ ਖੋਜ ਕੇਂਦਰ ਦੀ ਸਾਂਝੇਦਾਰੀ ਨਾਲ ‘ਅੰਤਰਰਾਸ਼ਟਰੀ ਸੰਕੇਤ ਭਾਸ਼ਾ (ਆਈ. ਐੱਸ. ਐੱਲ) ਦਿਵਸ’ ਮਨਾਇਆ। ਇਸ ਮੌਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਜ਼ੋਰਦਾਰ ਢੰਗ ਨਾਲ ਮੰਗ ਉਠਾਈ ਕਿ ਕੇਂਦਰ ਸਰਕਾਰ ਹੋਰਨਾਂ ਆਮ ਭਾਸ਼ਾਵਾਂ ਵਾਂਗ ਸੰਕੇਤ ਭਾਸ਼ਾ ਨੂੰ ਭਾਰਤੀ ਸੰਵਿਧਾਨ ਵਿਚ ਵੀ ਜਗ੍ਹਾ ਦੇਵੇ। ਉਨ੍ਹਾਂ ਕਿਹਾ ਕਿ ਸਾਡੇ ਵਿੱਦਿਅਕ ਅਦਾਰਿਆਂ ਵਿਚ ਵੀ ਇਸ ਨੂੰ ਇਕ ਭਾਸ਼ਾ ਦੇ ਤੌਰ ‘ਤੇ ਪੜ੍ਹਾਇਆ ਜਾਣਾ ਚਾਹੀਦਾ ਹੈ ਅਤੇ ਇਸ ਭਾਸ਼ਾ ਵਿਚ ਹੋਰ ਵਿਸ਼ੇਸ਼ ਕੋਰਸ ਸ਼ੁਰੂ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਭ ਥਾਂ ਉੱਪਰ ਅਜਿਹੇ ਪ੍ਰਬੰਧ ਹੋਣ ਤਾਂ ਸੁਣਨ ਤੋਂ ਅਸਮਰਥ ਇਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਉਨ੍ਹਾਂ ਵੱਲੋਂ ਔਰਤਾਂ ਦੇ ਵਿਸ਼ੇਸ਼ ਪ੍ਰਸੰਗ ਵਿਚ ਬੋਲਦਿਆਂ ਕਿਹਾ ਗਿਆ ਕਿ ਅਜਿਹੇ ਕੇਸਾਂ ਵਿਚ ਔਰਤਾਂ ਨੂੰ ਹੋਰ ਵੀ ਵਧੇਰੇ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਸਾਨੂੰ ਇਸ ਸੰਕੇਤਕ ਭਾਸ਼ਾ ਦੇ ਮਾਮਲੇ ਵਿਚ ਅਡਵਾਂਸ ਪੱਧਰ ਦੀ ਤਕਨਾਲੌਜੀ ਦੀ ਖੋਜ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਹ ਤਕਨਾਲੌਜੀ ਇਸ ਪੱਧਰ ਦੀ ਹੋਵੇ ਕਿ ਹਰੇਕ ਆਮ ਵਿਅਕਤੀ ਦੇ ਮੋਬਾਈਲ ਵਿਚ ਪ੍ਰਾਪਤ ਸਾਫ਼ਟਵੇਅਰ ਦੀ ਮਦਦ ਨਾਲ ਹਰੇਕ ਗੱਲ ਦਾ ਸੰਕੇਤਕ ਭਾਸ਼ਾ ਵਿਚ ਤੁਰੰਤ ਅਨੁਵਾਦ ਸੰਭਵ ਹੋਵੇ। ਅਜਿਹਾ ਕਰਨ ਨਾਲ ਸੁਣਨ ਤੋਂ ਅਸਮਰਥ ਲੋਕਾਂ ਅਤੇ ਆਮ ਲੋਕਾਂ ਵਿਚਲੀ ਹਰ ਤਰ੍ਹਾਂ ਦੀ ਸੰਚਾਰ ਅੜਚਣ ਨੂੰ ਦੂਰ ਕੀਤਾ ਜਾ ਸਕਦਾ ਹੈ।
ਡਾ. ਅਰਵਿੰਦ ਨੇ ਕਿਹਾ ਕਿ ਜੇਕਰ ਅਜਿਹਾ ਸੰਭਵ ਹੁੰਦਾ ਹੈ ਤਾਂ ਇਸ ਦੇ ਬਹੁਤ ਚੰਗੇ ਸਿੱਟੇ ਸਾਹਮਣੇ ਆ ਸਕਦੇ ਹਨ। ਸੰਕੇਤਕ ਭਾਸ਼ਾ ਸੰਬੰਧੀ ਅਹਿਮ ਟਿੱਪਣੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਵੀ ਆਮ ਭਾਸ਼ਾਵਾਂ ਵਾਂਗ ਆਪਣੇ ਆਪ ਵਿਚ ਇਕ ਸੰਪੂਰਨ ਭਾਸ਼ਾ ਹੈ ਜਿਸ ਵਿਚ ਸੰਚਾਰ ਦੀਆਂ ਕੁੱਝ ਸੀਮਾਵਾਂ ਵੀ ਹੋਣਗੀਆਂ ਪਰ ਅਜਿਹੀਆਂ ਸੀਮਾਵਾਂ ਹਰੇਕ ਭਾਸ਼ਾ ਦੀਆਂ ਹੀ ਹੁੰਦੀਆਂ ਹਨ।
ਦਿਵਿਆਂਗ ਜਨਾਂ ਲਈ ਤਕਨਾਲੌਜੀ ਵਿਕਾਸ ਖੋਜ ਕੇਂਦਰ ਦੇ ਕੋਆਰਡੀਨੇਟਰ ਡਾ. ਵਿਸ਼ਾਲ ਗੋਇਲ ਅਤੇ ਕੋ-ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਜੋਸ਼ਨ ਨੇ ਇਸ ਕੇਂਦਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਤਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ ਆਦਿ ਉੱਪਰ ਹੋਣ ਵਾਲੀਆਂ ਅਨਾਊਂਸਮੈਂਟ ਨੂੰ ਸੰਕੇਤ ਭਾਸ਼ਾ ਵਿਚ ਉਪਲਬਧ ਕਰਵਾਉਣ ਜਿਹੇ ਵਿਸ਼ਿਆਂ ਉੱਪਰ ਇਸ ਕੇਂਦਰ ਵੱਲੋਂ ਬਹੁਤ ਸਾਰਾ ਕੰਮ ਹੋ ਰਿਹਾ ਹੈ।
ਇਸ ਮੌਕੇ ਸੁਣਨ ਤੋਂ ਅਸਮਰਥ ਬਹੁਤ ਸਾਰੇ ਬੱਚਿਆਂ ਵੱਲੋਂ ਵਖ-ਵਖ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਸੋਲੋ ਨ੍ਰਿਤ ਅਤੇ ਸਮੂਹ ਨ੍ਰਿਤ ਤੋਂ ਇਲਾਵਾ ਸੰਕੇਤ ਭਾਸ਼ਾ ਵਿਚ ਪੇਸ਼ ਕੀਤਾ ਗਿਆ ਰਾਸ਼ਟਰੀ ਗਾਨ ਵੀ ਸ਼ਾਮਿਲ ਸੀ। ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਸੰਸਥਾ ਦੇ ਪ੍ਰਧਾਨ ਜਗਦੀਪ ਸਿੰਘ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਆਯੋਜਨ ਮੁੱਖ ਰੂਪ ਵਿਚ ਸੰਕੇਤ ਭਾਸ਼ਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਹੈ ਤਾਂ ਕਿ ਆਮ ਲੋਕਾਂ ਤਕ ਇਹ ਸੁਨੇਹਾ ਭੇਜਿਆ ਜਾ ਸਕੇ ਕਿ ਸੁਣਨ ਤੋਂ ਅਸਮਰਥ ਲੋਕਾਂ ਕੋਲ ਵੀ ਸੰਚਾਰ ਦੀ ਮੁਹਾਰਤ ਅਤੇ ਸਮਰਥਾ ਉਪਲੱਭਧ ਹੁੰਦੀ ਹੈ।
ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੁਖਜੀਤ ਕੌਰ ਰਨਾਡੇ ਨੇ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਮੈਂਬਰ ਇੰਦਰਜੀਤ ਕੌਰ, ਸਕੱਤਰ ਵਿਜੇ ਕੁਮਾਰ ਅਤੇ ਕੌਂਸਲਰ ਲਵ ਸ਼ਰਮਾ ਅਤੇ ਹੋਰ ਵੀ ਹਾਜ਼ਰ ਰਹੇ।