ਪਾਵਰਕਾਮ ਦੇ ਮੁਲਾਜਮ ਅਤੇ ਪੈਨਸ਼ਨਰਾਂ ਦੀ ਤਾਲਮੇਲ ਕਮੇਟੀ ਨੇ ਪਾਵਰਕੌਮ ਮਨੇਜਮੈਂਟ ਖਿਲਾਫ ਕੀਤਾ ਅਰਥੀ ਫੂਕ ਮੁਜ਼ਾਹਰਾ
ਪਰਦੀਪ ਕਸਬਾ , ਬਰਨਾਲਾ 20 ਸਤੰਬਰ 2021
ਪਾਵਰਕਾਮ ਦੇ ਮੁਲਾਜਮ ਅਤੇ ਪੈਨਸ਼ਨਰਾਂ ਦੀ ਤਾਲਮੇਲ ਕਮੇਟੀ ਸ਼ਹਿਰੀ ਅਤੇ ਦਿਹਾਤੀ ਮੰਡਲ ਵੱਲੋਂ ਪਾਵਰਕਾਮ ਦੇ ਚੇਅਰਮੈਨ/ਮਨੇਜਮੈਂਟ ਦੇ ਹੱਠੀ ਰਵੱਈਏ ਖਿਲਾਫ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਮੁਜਾਹਰਾ ਕਰਦਿਆਂ ਮੁੱਖ ਦਫਤਰ ਧਨੌਲਾ ਰੋਡ ਗੇਟ ਅੱਗੇ ਪਾਵਰਕਾਮ ਦੇ ਚੇਅਰਮੈਨ ਦਾ ਪੁਤਲਾ ਸਾੜ੍ਹਿਆ ਗਿਆ।
ਇਸ ਸਮੇਂ ਮਹਿੰਦਰ ਸਿੰਘ ਕਾਲਾ, ਹਰਨੇਕ ਸਿੰਘ ਸੰਘੇੜਾ,ਗੁਰਜੰਟ ਸਿੰਘ ਹਮੀਦੀ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਰਾਮਪਾਲ ਸਿੰਘ, ਮੋਹਣ ਸਿੰਘ,ਮੇਲਾ ਸਿੰਘ ਕੱਟੂ, ਨਰੈਣ ਦੱਤ ਨੇ ਕਿਹਾ ਕਿ ਪਾਵਰਕੌਮ ਦੀ ਮਨੇਜਮੈਂਟ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਮੰਨਣ ਤੋਂ ਇਨਕਾਰੀ ਹੋ ਰਹੀ ਹੈ।
ਦੂਜੇ ਪਾਸੇ ਪਾਵਰਕੌਮ ਅੰਦਰ ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਨੂੰ ਤੇਜ ਕਰਦੇ ਹੋਏ ਆਊਟਸੋਰਸਿੰਗ ਦੀ ਨੀਤੀ ਨੂੰ ਬਹੁਤ ਤੇਜੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪੱਕੀ ਭਰਤੀ ਉੱਪਰ ਇੱਕ ਤਰ੍ਹਾਂ ਦੀ ਪਾਬੰਦੀ ਹੀ ਮੜ੍ਹੀ ਹੋਈ ਹੈ। ਜੋ ਮਾਮੂਲੀ ਭਰਤੀ ਕੀਤੀ ਵੀ ਜਾ ਰਹੀ ਹੈ, ਉਨ੍ਹਾਂ ਕਾਮਿਆਂ ਦੀਆਂ ਸੇਵਾਂ ਸ਼ਰਤਾਂ ਵਿੱਚ ਸੋਧ ਕਰਦੇ ਹੋਏ, ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉੱਪਰ ਕੁਹਾੜਾ ਫੇਰਿਆ ਜਾ ਰਿਹਾ ਹੈ। ਜਦ ਕਿ ਨਵੀਂ ਭਰਤੀ ਅਧੀਨ ਕੰਮ ਕਰਦੇ ਸਲਮ ਵਜੋਂ ਅਤੇ ਠੇਕੇਦਾਰੀ ਪ੍ਰਬੰਧ ਅਧੀਨ ਕੰਮ ਕਾਮੇ ਬੇਹੱਦ ਖਤਰਨਾਕ ਹਾਲਤਾਂ ਵਿੱਚ ਜਾਨ ਜੋਖਮ ‘ਚ ਪਾਕੇ ਕੰਮ ਕਰ ਰਹੇ ਹਨ।
ਇਸ ਕਰਕੇ ਆਗੂਆਂ ਜੋਰਦਾਰ ਮੰਗ ਕੀਤੀ ਕਿ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ , ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਹੋਰ ਤੇਜ ਕੀਤਾ ਜਾਵੇਗਾ।ਬੁਲਾਰਿਆਂ ਹਰਜੀਤ ਸਿੰਘ, ਜੋਗਿੰਦਰ ਪਾਲ, ਸੁਖਜੰਟ ਸਿੰਘ, ਰੁਲਦੂ ਸਿੰਘ ਗੁੰਮਟੀ, ਕੁਲਵੀਰ ਸਿੰਘ ਅੋਲਖ, ਹਾਕਮ ਸਿੰਘ ਨੂਰ ਆਦਿ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ
ਕਿਸਾਨੀ ਅੰਦੋਲਨ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ 27 ਸਤੰਬਰ ਦੇ ਮੁਕੰਮਲ ਭਾਰਤ ਬੰਦ ਨੂੰ ਸਫਲ ਬਨਾਉਣ ਲਈ ਭਰਵਾਂ ਯੋਗਦਾਨ ਪਾਉਣ ਦੀ ਅਪੀਲ ਕੀਤੀ। 29 ਸਤੰਬਰ ਨੂੰ ਪਾਵਰਕੌਮ ਪੈਨਸ਼ਨਰ ਅਤੇ ਮੁਲਾਜਮ ਤਾਲਮੇਲ ਕਮੇਟੀ ਦੇ ਸੱਦੇ ਤੇ ਮੁੱਖ ਦਫਤਰ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਵਧ ਚੜ੍ਹਕੇ ਸ਼ਾਮਲ ਹੋਣ ਦੀ ਅਪੀਲ ਕੀਤੀ ।