ਮੁੱਖ ਮੰਤਰੀਆਂ ਦੀ ਕੁਰਸੀ-ਖੇਡ ‘ਚ ਨਾ ਉਲਝੋ ; ਖੇਤੀ ਕਾਨੂੰਨਾਂ ‘ਤੇ ਆਪਣੀ ਸ਼ਿਸਤ ਢਿੱਲੀ ਨਾ ਪੈਣ ਦਿਉ: ਕਿਸਾਨ ਆਗੂ
*ਭਾਰਤ ਬੰਦ ਦੇ ਸਮਰਥਨ ਦਾ ਘੇਰਾ ਵਿਸ਼ਾਲ ਹੋ ਰਿਹੈ ; ਵਧੇਰੇ ਵਰਗਾਂ, ਜਥੇਬੰਦੀਆਂ ਤੇ ਪਾਰਟੀਆਂ ਦਾ ਸਮਰਥਨ ਮਿਲਣਾ ਜਾਰੀ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 20 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 355 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਚੱਲ ਰਹੇ ਕਾਟੋ ਕਲੇਸ਼ ਬਾਰੇ ਕਿਸਾਨ ਮੋਰਚੇ ਦਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦਾ ਇਸ ਕੁਰਸੀ-ਖੇਡ ਨਾਲ ਕੋਈ ਲਾਗਾ-ਦੇਗਾ ਨਹੀਂ।
ਇਨ੍ਹਾਂ ਵੋਟਾਂ ਵਟੋਰੂ ਸਿਆਸੀ ਪਾਰਟੀਆਂ ਦਾ ਲੋਕ-ਮੁੱਦਿਆਂ ਨਾਲ ਕੋਈ ਸਰੋਕਾਰ ਹੈ। ਇਹ ਸਾਰਾ ਰੌਲਾ ਰੱਪਾ ਲੋਕਾਂ ਦੇ ਨੱਕੋਂ-ਬੁੱਲੋਂ ਲਹਿ ਚੁੱਕੇ ਚਿਹਰੇ ਬਦਲ ਕੇ ਨਵੇਂ ਚਿਹਰਿਆਂ ਸਹਾਰੇ ਚੋਣਾਂ ਜਿੱਤਣ ਦੀ ਸਾਜਿਸ਼ੀ ਚਾਲ ਦਾ ਹਿੱਸਾ ਹੈ। ਲੋਕ-ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਲੋਕਾਂ ਦੀ ਆਰਥਿਕ ਹਾਲਤ ਦਿਨ-ਬਦਿਨ ਨਿਘਰ ਰਹੀ ਹੈ ਅਤੇ ਸਿਆਸੀ ਨੇਤਾਵਾਂ ਕੋਲ ਲੋਕ-ਮੁੱਦਿਆਂ ਦਾ ਕੋਈ ਹੱਲ ਨਹੀਂ।ਕੁੱਝ ਲੋਕਾਂ ਤੇ ਵਰਗਾਂ ਨੂੰ ਇਹ ਸਿਆਸੀ ਕਵਾਇਦ ਲੋਕ-ਪੱਖੀ ਹੋਣ ਦੇ ਭਰਮ ਵਿੱਚ ਪਾ ਸਕਦੀ ਹੈ। ਪਰ ਅਸੀਂ ਇਨ੍ਹਾਂ ਸਿਆਸੀ ਚਾਲਾਂ ਦਾ ਸ਼ਿਕਾਰ ਨਹੀਂ ਹੋਣਾ ਅਤੇ ਆਪਣੀ ਸ਼ਿਸਤ ਮੱਛੀ ਦੀ ਅੱਖ ਤੋਂ ਪਾਸੇ ਨਹੀਂ ਹੋਣ ਦੇਣੀ । ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੀ ਸਾਡੇ ਲਈ ਮੱਛੀ ਦੀ ਅੱਖ ਹੈ। ਸੋ ਇਸ ਕੁਰਸੀ-ਭੇਡ ਦੇ ਰੌਲੇ- ਰੱਪੇ ਆਪਣੀ ਊਰਜਾ ਖਾਰਜ ਨਾ ਕਰੋ ਅਤੇ ਅੰਦੋਲਨ ਨੂੰ ਹੋਰ ਮਜਬੂਤ ਕਰਨ ਵੱਲ ਪੂਰਾ ਧਿਆਨ ਕੇਂਦਰਿਤ ਕਰੋ।
ਅੱਜ ਮਨਜੀਤ ਧਨੇਰ ਨੇ ਧਰਨੇ ਨੂੰ ਸੰਬੋਧਨ ਕਰਕੇ ਧਰਨਾਕਾਰੀਆਂ ‘ਚ ਜੋਸ਼ ਭਰਿਆ ਅਤੇ ਭਾਰਤ ਬੰਦ ਦੀਆਂ ਤਿਆਰੀਆਂ ‘ਚ ਜੁਟ ਜਾਣ ਲਈ ਕਿਹਾ। ਉਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚਿਆਂ ‘ਤੇ 22 ਤਰੀਕ ਤੋਂ ਸ਼ੁਰੂ ਹੋਣ ਵਾਲੇ ਪੰਜ-ਰੋਜਾ ਕੌਮਾਂਤਰੀ ਕਬੱਡੀ ਟੂਰਨਾਮੈਂਟ ‘ਚ ਭਾਗ ਲੈਣ।
ਅੱਜ ਧਰਨੇ ਨੂੰ ਮਨਜੀਤ ਧਨੇਰ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਰਣਧੀਰ ਸਿੰਘ ਰਾਜਗੜ੍ਹ, ਜਸਵੰਤ ਕੌਰ ਬਰਨਾਲਾ, ਗੋਰਾ ਸਿੰਘ ਢਿੱਲਵਾਂ, ਪਰਮਜੀਤ ਕੌਰ ਠੀਕਰੀਵਾਲਾ, ਸੁਖਜੀਤ ਸਿੰਘ ਬਘੌਰਾ, ਗੁਰਵਿੰਦਰ ਸਿੰਘ ਕਾਲੇਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿਉਂ ਜਿਉਂ ਭਾਰਤ ਬੰਦ ਦੀ ਤਰੀਕ ਨੇੜੇ ਆ ਰਹੀ ਹੈ, ਬੰਦ ਦਾ ਸਮਰਥਨ ਕਰਨ ਵਾਲੇ ਵਰਗਾਂ, ਜਥੇਬੰਦੀਆਂ ਤੇ ਪਾਰਟੀਆਂ ਦੀ ਗਿਣਤੀ ਵਧ ਰਹੀ ਹੈ। ਮੁਲਾਜ਼ਮਾਂ, ਮਜਦੂਰਾਂ, ਕਿਰਤੀਆਂ, ਪੱਤਰਕਾਰਾਂ, ਵਿਦਿਆਰਥੀਆਂ ਵਕੀਲਾਂ ਤੇ ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਆਦਿ ਵਰਗਾਂ ਦੀਆਂ ਜਥੇਬੰਦੀਆਂ ਭਾਰਤ ਬੰਦ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆ ਰਹੀਆਂ ਹਨ। ਹਰ ਆਏ ਦਿਨ ਵਧੇਰੇ ਤੋਂ ਵਧੇਰੇ ਲੋਕਾਂ ਨੂੰ ਸਮਝ ਪੈ ਰਹੀ ਹੈ ਕਿ ਕਿਸਾਨ ਸਿਰਫ ਆਪਣੀ ਨਹੀਂ ਸਗੋਂ ਸਾਰੇ ਆਮ ਲੋਕਾਂ ਦੀ ਲੜਾਈ ਲੜ ਰਹੇ ਹਨ। 27 ਸਤੰਬਰ ਦਾ ਭਾਰਤ ਬੰਦ ਇਤਿਹਾਸਕ ਹੋਵੇਗਾ। ਸਾਨੂੰ ਹੋਰ ਵਧੇਰੇ ਜੋਸ਼ ਤੇ ਹੋਸ਼ ਨਾਲ ਇਸ ਬੰਦ ਦੀਆਂ ਤਿਆਰੀਆਂ ਵਿੱਚ ਜੁਟ ਜਾਣਾ ਚਾਹੀਦਾ ਹੈ।
ਅੱਜ ਬਹਾਦਰ ਸਿੰਘ ਕਾਲਾ ਧਨੌਲਾ ਨੇ ਆਪਣੇ ਇਨਕਲਾਬੀ ਗੀਤ ਨਾਲ ਪੰਡਾਲ ‘ਚੋਂ ਜੋਸ਼ ਭਰਿਆ।