ਬੇਰੁਜ਼ਗਾਰ ਬੀਐਡ ਅਧਿਆਪਕ ਕਰਨਗੇ 24 ਨੂੰ ਚੰਨੀ ਦੀ ਕੋਠੀ ਦਾ ਘਿਰਾਓ , ਖੋਲ੍ਹਿਆ ਮੋਰਚਾ
ਸੰਗਰੂਰ ਮੋਰਚੇ ਜਾਰੀ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 19 ਸਤੰਬਰ 2021
ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਚਾਰ ਸਾਲ ਤੋ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਮੋਰਚਾ ਖੋਲ ਦਿੱਤਾ ਹੈ।
ਬੇਰੁਜ਼ਗਾਰ ਟੈਟ ਪਾਸ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਮੁੱਕਰੀ ਕਾਂਗਰਸ ਸਰਕਾਰ ਦੇ ਪਿਛਲੇ ਮੁੱਖ ਮੰਤਰੀ ਨੇ ਇਕ ਵਾਰ ਵੀ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ,ਸਗੋ ਮੋਤੀ ਮਹਿਲ ਅੱਗੇ ਅਨੇਕਾ ਵਾਰ ਭਿਆਨਕ ਲਾਠੀਚਾਰਜ ਕਰਕੇ ਪਰਚੇ ਦਰਜ਼ ਕੀਤੇ ਹਨ। ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਨੇ ਭਰਤੀ ਕਰਨ ਦੀ ਬਜਾਏ ਭੱਦੀ ਸ਼ਬਦਾਵਲੀ ਵਰਤੀ ਹੈ।
ਉਹਨਾਂ ਦੱਸਿਆ ਕਿ 31 ਦਸੰਬਰ ਤੋ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪੱਕਾ ਮੋਰਚਾ ਜਾਰੀ ਹੈ ਅਤੇ ਦੂਜੇ ਪਾਸੇ ਸੰਗਰੂਰ ਵਿਖੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਮੁਨੀਸ਼ ਕੁਮਾਰ ਨਾਮ ਦਾ ਬੇਰੁਜ਼ਗਾਰ ਚੜ ਕੇ ਬੈਠਾ ਹੋਇਆ ਹੈ।
ਇਸ ਮੌਕੇ ਯੂਨੀਅਨ ਆਗੂਆਂ ਗਗਨਦੀਪ ਕੌਰ ਭਵਾਨੀਗੜ੍ਹ,ਅਮਨ ਸੇਖਾ ਪਟਿਆਲਾ,ਬਲਰਾਜ ਫਰੀਦਕੋਟ,ਗੁਰਪ੍ਰੀਤ ਸਿੰਘ ਬਠਿੰਡਾ,ਬਲਕਾਰ ਸਿੰਘ ਮਾਨਸਾ,ਸੰਦੀਪ ਸਿੰਘ ਗਿੱਲ,ਜਗਜੀਤ ਸਿੰਘ ਜੱਗੀ ਜੋਧਪੁਰ,ਕੁਲਵੰਤ ਸਿੰਘ ਲੌਂਗੋਵਾਲ,ਨਿਰਮਲ ਸਿੰਘ ਮੋਗਾ,ਕਿਰਨ ਕੌਰ ਮਲੇਰਕੋਟਲਾ,ਅਮਰਜੀਤ ਸਿੰਘ ਰੋਪੜ,ਨਰਿੰਦਰ ਫਾਜਲਿਕਾ,ਲਖਵਿੰਦਰ ਸਿੰਘ ਮੁਕਤਸਰ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਬਦਲਣ ਨਾਲ ਕਾਂਗਰਸ ਸੁਰਖ਼ਰੂ ਨਹੀਂ ਹੋ ਸਕੇਗੀ।ਬੇਰੁਜ਼ਗਾਰਾਂ ਦੀ ਲੜਾਈ ਕਾਂਗਰਸ ਖਿਲਾਫ ਰੁਜ਼ਗਾਰ ਦੇ ਵਾਅਦੇ ਪੂਰੇ ਕਰਵਾਉਣ ਤੱਕ ਜਾਰੀ ਰਹੇਗੀ।
ਇਸ ਮੌਕੇ ਰਾਜਬੀਰ ਕੌਰ, ਰਾਜ ਕਿਰਨ,ਤਾਹਿਰਾ,ਹਰਦੀਪ ਕੌਰ ਆਦਿ ਵੀ ਹਾਜ਼ਰ ਸਨ।