‘ਸਾਇਨ ਬੋਰਡ ’ ਮਾਮਲੇ ਦੇ ਸਪੱਸ਼ਟੀਕਰਣ ਦੇਣ ਲਈ ਨਗਰ ਕੌਂਸਲ ਨੇ ਲਿਆ ‘ਮੱਖਣ ਸਰਮਾ’ ਦਾ ਸਹਾਰਾ
ਜੇ.ਐਸ. ਚਹਿਲ , ਬਰਨਾਲਾ 16 ਸਤੰਬਰ 2021
ਪਿਛਲੇ ਕੁੱਝ ਦਿਨਾਂ ਤੋਂ ਨਗਰ ਕੌਂਸਲ ਬਰਨਾਲਾ ਦੁਆਰਾ ਲਾਏ ਸਾਇਨ ਬੋਰਡਾਂ ਦੇ ਮਾਮਲੇ ਨੂੰ ਠੱਲ੍ਹ ਪਾਉਣ ਲਈ ਆਖਿਰ ਨਗਰ ਕੌਂਸਲ ਵਲੋਂ ਟਕਸਾਲੀ ਕਾਂਗਰਸੀ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸਰਮਾ ਦੀ ਸਰਨ ਵਿੱਚ ਆ ਹੀ ਗਈ। ਵਰਣਯੌਗ ਹੈ ਕਿ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਲਗਾਏ ਸਾਇਨ ਬੋਰਡਾਂ ਦੇ ਮਾਮਲੇ ਵਿੱਚ ਕਥਿਤ ਵੱਡੇ ਘਪਲੇ ਦੀ ਮੀਡੀਆ ਚ ਚੱਲੀ ਚਰਚਾ ਨੇ ਜਿੱਥੇ ਨਗਰ ਕੌਂਸਲ ਬਰਨਾਲਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ , ਉੱਥੇ ਹੀ ਨਗਰ ਕੌਂਸਲ ਤੇ ਕਾਬਿਜ ਧਿਰ ਕਾਂਗਰਸ ਨੂੰ ਵੀ ਇਸ ਮਾਮਲੇ ਵਿੱਚ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਵੱਡੀ ਪੱਧਰ ਚੱਲ ਰਹੀ, ਇਸ ਚਰਚਾ ਦੌਰਾਨ ਬੇਸ਼ੱਕ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਵੀ ਸਹਿਰ ਅੰਦਰ ਮੌਜੂਦ ਰਹੇ । ਪਰ ਉਨ੍ਹਾਂ ਵੀ ਇਸ ਮਾਮਲੇ ਤੇ ਕੁਝ ਕਹਿਣ ਤੋਂ ਸੰਕੋਚ ਹੀ ਕੀਤਾ ਅਤੇ ਲਗਾਤਾਰ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ।
ਆਪਣੇ ਆਪ ਨੂੰ ਬਰਨਾਲਾ ਕਾਂਗਰਸ ਦੇ ਸਿਰਕੱਢ ਅਖਵਾਉਣ ਵਾਲੇ ਕਈ ਆਗੂ ਵੀ ਇਸ ਮਾਮਲੇ ਤੇ ਚੁਸਕੀਆਂ ਹੀ ਲੈਂਦੇ ਰਹੇ। ਕਰੀਬ ਪੰਜ ਦਿਨ ਬੀਤੇ ਜਾਣ ਤੋਂ ਬਾਅਦ ਮਸਲਾ ਹੱਲ ਨਾ ਹੁੰਦਾ ਦੇਖ ਆਖਿਰ ਬਰਨਾਲਾ ਨਗਰ ਕੌਂਸਲ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸਰਮਾ ਦੀ ਸ਼ਰਨ ਜਾ ਹੀ ਵੜੀ । ਮੱਖਣ ਸਰਮਾ ਦੀ ਅਗਵਾਈ ਵਿੱਚ ਅੱਜ ਬਰਨਾਲਾ ਦੇ ਸਮੂਹ ਕੌਂਸਲਰਾਂ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਈਨ ਬੋਰਡਾਂ ਸੰਬੰਧੀ 15 ਮਾਰਚ 2021 ਨੂੰ ਪ੍ਰਸ਼ਾਸ਼ਕ ਦੇ ਕਾਲ ਦੌਰਾਨ ਮਤਾ ਪਿਆ ਹੋਇਆ ਸੀ । ਇਸ ਦੇ ਰੇਟਾਂ ਬਾਰੇ ਪ੍ਰਧਾਨ ਨਗਰ ਕੌਂਸਲ ਨੂੰ ਜਾਣਕਾਰੀ ਨਾ ਹੋਣ ਕਾਰਨ ਉਹਨਾ ਤੋਂ ਭੁਲੇਖੇ ਨਾਲ ਬੋਰਡ ਦੀ ਕੀਮਤ 7400 ਰੁਪਏ ਰੇਟ ਦਾ ਬਿਆਨ ਦਿੱਤਾ ਗਿਆ ਸੀ। ਪਰ ਇਹਨਾ ਬੋਰਡਾਂ ਦਾ ਅਸਲ ਰੇਟ 3600 ਰੁਪਏ ਹੀ ਹੈ । ਪੂਰੇ ਸ਼ਹਿਰ ਅੰਦਰ 1000 ਬੋਰਡ ਲਾਏ ਜਾਣੇ ਹਨ । ਇਸ ਮੌਕੇ ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ, ਨਰਿੰਦਰ ਗਰਗ ਨੀਟਾ ਮੀਤ ਪ੍ਰਧਾਨ, ਅਸੋਕ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ ਆਦਿ ਵੀ ਹਾਜ਼ਰ ਸਨ।