ਭਾਰਤ ਬੰਦ ਮੌਕੇ ਦਿੱਲੀ ਅਤੇ ਪੰਜਾਬ ਭਰ ਵਿੱਚ ਮਨਾਇਆ ਜਾਏਗਾ ਇਨਕਲਾਬੀ ਰੰਗ ਮੰਚ ਦਿਹਾੜਾ : ਪਲਸ ਮੰਚ
ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ ਦੀ ਮੰਗ
ਪਰਦੀਪ ਕਸਬਾ, ਬਰਨਾਲਾ, 16 ਸਤੰਬਰ 2021
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਹਰ ਸਾਲ 27 ਸਤੰਬਰ ਨੂੰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ ਸਾਰੀ ਰਾਤ ਬਰਨਾਲਾ ਦੀ ਦਾਣਾ ਮੰਡੀ ਵਿੱਚ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਵਾਰ ਭਾਰਤ ਬੰਦ ਕਾਰਨ 27 ਸਤੰਬਰ ਨੂੰ ਦਿੱਲੀ ਅਤੇ ਪੰਜਾਬ ਭਰ ਵਿੱਚ ਲੱਗੇ ਕਿਸਾਨ ਸੰਘਰਸ਼ ਮੋਰਚਿਆਂ ਦੇ ਅਖਾੜਿਆਂ ਵਿੱਚ ਮਨਾਇਆ ਜਾਏਗਾ।
ਇਸ ਮੌਕੇ ਸਮੂਹ ਰੰਗ ਕਰਮੀਆਂ ਅਤੇ ਲੋਕ ਪੱਖੀ ਸਾਹਿਤ ਅਤੇ ਕਲਾ ਦੇ ਖੇਤਰ ਨਾਲ ਜੁੜਕੇ ਜ਼ਿੰਦਗੀ ਭਰ ਸਫ਼ਰ ਤੇ ਰਹਿਣ ਵਾਲਿਆਂ ਨੂੰ ਵੀ ਸਿਜਦਾ ਕੀਤਾ ਜਾਏਗਾ।
ਪਲਸ ਮੰਚ ਦੀ ਸੂਬਾ ਕਮੇਟੀ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ 16 ਸਤੰਬਰ ਤੋਂ ਲੈਕੇ ਵਿਛੋੜੇ ਵਾਲੇ ਦਿਨ 27 ਸਤੰਬਰ ਤੱਕ ਪੰਜਾਬ ਭਰ ਵਿੱਚ ਨੁੱਕੜ ਨਾਟਕਾਂ, ਗੀਤ ਸੰਗੀਤ ਦੀ ਜ਼ੋਰਦਾਰ ਮੁਹਿੰਮ ਲਾਮਬੰਦ ਕੀਤੀ ਜਾਏਗੀ।
ਮੀਟਿੰਗ ‘ਚ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਹੋਰਨਾਂ ਜਨਤਕ ਜਮਹੂਰੀ ਜਥੇਬੰਦੀਆਂ ਨਾਲ ਮਿਲਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਰੰਗ ਕਰਮੀਆਂ, ਚਿਤਰਕਾਰਾਂ ਤੱਕ ਪਹੁੰਚ ਕੀਤੀ ਜਾਏਗੀ।
ਪਲਸ ਮੰਚ ਨੇ ਜਲ੍ਹਿਆਂਵਾਲਾ ਬਾਗ਼ ਟ੍ਰਸਟ ਦੇ ਮੁਖੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਰਾਤਤਵ ਵਿਭਾਗ ਤੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਕੌਮੀ ਆਜ਼ਾਦੀ ਸੰਗਰਾਮ ਦੀ ਕੌਮੀ ਇਬਾਦਤਗਾਹ ਨਾਲ ਛੇੜਛਾੜ ਕਰਕੇ ਅਮਰ ਸ਼ਹੀਦਾਂ ਅਤੇ ਕੌਮੀ ਪ੍ਰਵਾਨਿਆਂ ਦਾ ਨਿਰਾਦਰ ਕੀਤਾ ਹੈ।
ਪਲਸ ਮੰਚ 27 ਸਤੰਬਰ ਭਾਰਤ ਬੰਦ ਮੌਕੇ ਇਨਕਲਾਬੀ ਰੰਗ ਮੰਚ ਦਿਵਸ ਤੇ ਜਲ੍ਹਿਆਂਵਾਲਾ ਬਾਗ਼ ਚ ਦਾਖ਼ਲਾ ਫ਼ੀਸ ਲਈ ਲਾਈਆਂ ਮਸ਼ੀਨਾਂ ਹਟਾਉਣ ਅਤੇ ਬਾਗ਼ ਦੀ
ਇਤਿਹਾਸਕ ਵਿਰਾਸਤ ਬਹਾਲ ਕਰਨ ਦੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਸਮੂਹ ਦੇਸ਼ ਵਾਸੀਆਂ ਨੂੰ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ ਹੈ।