ਕਿਸਾਨ ਯੂਨੀਅਨਾਂ ਦੀ ਅਗਵਾਈ ‘ਚ ਪਿੰਡ ਵਾਸੀਆਂ ਨੇ ਕੀਤਾ ਸਰਪੰਚ ਦਾ ਬਾਈਕਾਟ, 6 ਪੰਚਾਂ ਨੇ ਕਿਹਾ, ਅਸੀਂ ਵੀ ਨਹੀਂ ਸਰਪੰਚ ਦੇ ਨਾਲ ,,,
ਗੁਰਸੇਵਕ ਸਹੋਤਾ, ਮਹਿਲ ਕਲਾਂ 14 ਸਤੰਬਰ 2021
ਲੰਘੀ ਕੱਲ੍ਹ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਏ ਮਹਿਲ ਕਲਾਂ ਬਲਾਕ ਦੇ ਪਿੰਡ ਚੰਨਣਵਾਲ ਦੇ ਸਰਪੰਚ ਬੂਟਾ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅੱਜ 2 ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਅਗਵਾਈ ਵਿੱਚ ਇਕੱਠੇ ਹੋਏ ਦੇ ਪਿੰਡ ਵਾਸੀਆਂ ਨੇ ਗ੍ਰਾਮ ਸਭਾ ਆਮ ਇਜ਼ਲਾਸ ਬੁਲਾ ਕੇ ਉਸ ਨਾਲੋਂ ਹਰ ਤਰਾਂ ਦੀ ਸਾਂਝ ਤੋੜਨ ਦਾ ਐਲਾਨ ਕਰ ਦਿੱਤਾ। ਲੋਕਾਂ ਨੇ ਹਿਸ ਮੌਕੇ ਪੰਚਾਇਤ ਘਰ ਨੂੰ ਵੀ ਤਾਲਾ ਜੜ੍ਹ ਦਿੱਤਾ। ਪਿੰਡ ਦੇ ਇਕੱਠ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਹੈ ਕਿ ਸਰਪੰਚ ਬੂਟਾ ਸਿੰਘ ਨੇ ਉਸ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ, ਜਿਸ ਦੇ ਖਿਲਾਫ ਦੇਸ਼ ਭਰ ਦੇ ਲੱਖਾਂ ਕਿਸਾਨ ਪਿਛਲੇ ਕਰੀਬ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਧਰਨਾ ਲਾਈ ਬੈਠੇ ਹਨ।
ਪਿੰਡ ਚੰਨਣਵਾਲ ਦੇ ਲੋਕਾਂ ਦਾ ਵੱਡਾ ਇਕੱਠ ਮੌਜੂਦਾ ਸਰਪੰਚ ਬੂਟਾ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਵੱਲੋਂ 13 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਰੋਸ ਵਜੋਂ ਗੁਰਦੁਆਰਾ ਗੁਪਤਸਰ ਸਾਹਿਬ ਪਿੰਡ ਚੰਨਣਵਾਲ ਵਿਖੇ ਹੋਇਆ। ਜਿਸ ਵਿੱਚ ਤਕਰੀਬਨ ਸਮੂਹ ਨਗਰ ਦੇ ਪਤਵੰਤੇ ਸੱਜਣ, ਸਮੂਹ ਕਲੱਬਾਂ, ਸਮੂਹ ਯੂਨੀਅਨਾਂ ਅਤੇ ਨਗਰ ਨਿਵਾਸੀ ਸ਼ਾਮਿਲ ਹੋਏ ।
ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਿੱਚ ਕਿਹਾ ਗਿਆ ਹੈ ਕਿ ਅੱਜ ਅਸੀਂ ਸਮੂਹ ਨਗਰ ਨਿਵਾਸੀ ਪਿੰਡ ਚੰਨਣਵਾਲ ਮਤਾ ਪਾਉਂਦੇ ਹਾਂ ਕਿ ਜੋ ਤਿੰਨ ਕਾਲੇ ਕਨੂੰਨਾਂ ਖਿਲਾਫ ਪਿਛਲੇ 10 ਮਹੀਨਿਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਖਿਲਾਫ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਚੱਲ ਰਿਹਾ ਹੈ । ਜਿਸ ਵਿੱਚ 600 ਤੋਂ ਵੱਧ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਅਤੇ ਸੰਯੁਕਤ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਲੋਕਾਂ ਨੇ ਰੋਸ ਵਜੋਂ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਹੋਇਆ ਹੈ। ਪਰ ਕੱਲ੍ਹ ਸਾਨੂੰ ਉਸ ਸਮੇਂ ਬਹੁਤ ਅਫਸੋਸ ਹੋਇਆ , ਜਦੋਂ ਸਾਡੇ ਵੱਲੋਂ ਬਹੁਮਤ ਨਾਲ ਬਣਾਏ ਗਏ ਸਰਪੰਚ ਬੂਟਾ ਸਿੰਘ ਆਪਣੇ ਕੁੱਝ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ । ਉਸ ਤੋਂ ਬਾਅਦ ਅਸੀਂ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਗ੍ਰਾਮ ਪੰਚਾਇਤ ਦੇ ਕੁਝ ਪੰਚਾਂ ਰਾਹੀਂ , ਉਸ ਨੂੰ ਸੁਨੇਹਾ ਲਗਾਇਆ ਕਿ ਜਾਣੇ-ਅਣਜਾਣੇ ਵਿੱਚ ਤੁਹਾਡੇ ਤੋਂ ਹੋਇਆ ਇਹ ਫੈਸਲਾ ਤੁਸੀਂ ਵਾਪਿਸ ਲੈ ਲਵੋ । ਜਿਸ ਨਾਲ ਕਿ ਪਿੰਡ ਦੀ ਭਾਈਚਾਰਕ ਸਾਂਝ ਬਣੀ ਰਹਿ ਸਕੇ । ਪਰੰਤੂ ਸਰਪੰਚ ਬੂਟਾ ਸਿੰਘ ਨੂੰ ਕਿਸਾਨੀ ਸੰਘਰਸ਼ ਨਾਲ ਕੋਈ ਹਮਦਰਦੀ ਨਹੀਂ ਹੈ। ਉਸ ਨੇ ਆਪਣੀ ਗਲਤੀ ਤੇ ਪਛਤਾਵਾ ਕਰਨ ਦੀ ਥਾਂ ਸਾਰੇ ਪਿੰਡ ਦੇ ਕੀਤੇ ਹੋਏ ਇਕੱਠ ਵਿੱਚ ਵੀ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ
ਪਿੰਡ ਵਾਸੀਆਂ ਦੇ ਇਕੱਠ ਨੇ ਐਲਾਨ ਕੀਤਾ ਕਿ ਸਰਪੰਚ ਬੂਟਾ ਸਿੰਘ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਅਸੀਂ ਸਮੂਹ ਨਗਰ ਨਿਵਾਸੀ ਬੂਟਾ ਸਿੰਘ ਨਾਲੋਂ ਬਤੌਰ ਸਰਪੰਚ ਆਪਣਾ ਰਿਸ਼ਤਾ ਨਾਤਾ ਤੋੜਦੇ ਹਾਂ ਅਤੇ ਗ੍ਰਾਮ ਸਭਾ ਰਾਹੀਂ ਅੱਜ ਦੇ ਇਕੱਠ ਵਿੱਚੋਂ ਮੰਗ ਕਰਦੇ ਹਾਂ ਕਿ ਬੂਟਾ ਸਿੰਘ ਦੀ ਸਰਪੰਚੀ ਨੂੰ ਖਾਰਿਜ ਕਰਕੇ ਬਾਕੀ ਬਚੇ 6 ਪੰਚਾਇਤ ਮੈਂਬਰਾਂ ਵਿੱਚੋਂ ਕਿਸੇ ਇੱਕ ਨੂੰ ਅਧਿਕਾਰਿਤ ਪੰਚ ਚੁਣਿਆ ਜਾਵੇ । ਅਸੀਂ ਸਮੂਹ ਨਗਰ ਨਿਵਾਸੀ ਅੱਜ ਪੰਚਾਇਤ ਘਰ ਨੂੰ ਅਗਲੇ ਹੁਕਮਾਂ ਤੱਕ ਜਿੰਦਰਾ ਲਗਾਉਂਦੇ ਹਾਂ ਅਤੇ ਪਿੰਡ ਦੇ ਹੋਰ ਵੀ ਲੋਕਾਂ ਨੂੰ ਸਖਤ ਤਾਕੀਦ ਕਰਦੇ ਹਾਂ ਜੇਕਰ ਇਸ ਤੋਂ ਬਾਅਦ ਪਿੰਡ ਦਾ ਕੋਈ ਵੀ ਵਿਅਕਤੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਵੇਗਾ । ਉਸ ਦਾ ਸਮੂਹਿਕ ਬਾਈਕਾਟ ਕੀਤਾ ਜਾਵੇਗਾ।