ਲੜਨੋਂ ਰੋਕਿਆ ਤਾਂ ਥਾਣੇਦਾਰ ਅਤੇ ਸਿਪਾਹੀਆਂ ਨੂੰ ਵੀ ਕੁੱਟਿਆ
ਹਰਿੰਦਰ ਨਿੱਕਾ , ਬਰਨਾਲਾ 8 ਸਤੰਬਰ 2021
ਪੁਲਿਸ ਥਾਣਾ ਸ਼ਹਿਣਾ ਦਾ ਇੱਕ ਥਾਣੇਦਾਰ ਜਦੋਂ 2 ਸਿਪਾਹੀਆਂ ਸਣੇ ਇੱਕ ਦੁਰਖਾਸਤ ਦੇ ਸਬੰਧ ਵਿੱਚ ਕਥਿਤ ਦੋਸ਼ੀ ਧਿਰ ਕੋਲ ਪਹੁੰਚਿਆਂ ਤਾਂ ਉਸ ਨੇ ਉਨਾਂ ਨੂੰ ਲੜਾਈ ਨਾ ਕਰਨ ਲਈ ਵਰਜਿਆ । ਪਰੰਤੂ ਅੱਗੋਂ ਦੋਸ਼ੀ ਧਿਰ ਨੇ ਥਾਣੇਦਾਰ ਸਣੇ ਪੁਲਿਸ ਮੁਲਾਜ਼ਮਾਂ ਤੇ ਹੀ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਉੱਥੋਂ ਭੱਜ ਕੇ ਆਪਣਾ ਬਚਾਅ ਕੀਤਾ। ਸਾਰੇ ਦੋਸ਼ੀ ਵਿਅਕਤੀ ਵੀ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ । ਪੁਲਿਸ ਨੇ ਥਾਣੇਦਾਰ ਦੇ ਬਿਆਨ ਪਰ 6 ਦੋਸ਼ੀਆਂ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਏ.ਐਸ.ਆਈ. ਜਗਦੇਵ ਸਿੰਘ ਨੇ ਬਿਆਨ ਤਹਿਰੀਰ ਕਰਵਾਇਆ ਕਿ ਉਹ ਸਮੇਤ ਸੀਨੀਅਰ ਸਿਪਾਹੀ ਅਮਨਦੀਪ ਸਿੰਘ ਪੇਟੀ ਨੰਬਰ 249 /ਬਰਨਾਲਾ ਅਤੇ ਸੀ-2 ਕਮਲਜੀਤ ਸਿੰਘ ਪੇਟੀ ਨੰਬਰ 547/ ਬਰਨਾਲਾ ਦੇ ਦਰਖਾਸਤ ਸਬੰਧੀ ਪਿੰਡ ਸਹਿਣਾ ਗਿਆ ਸੀ । ਉਹ, ਗੁਰਪਾਲ ਸਿੰਘ ਉਰਫ ਪਾਲਾ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਮੌਕੇ ਤੇ ਮੌਜੂਦ 2 ਹੋਰ ਨਾਮਾਲੂਮ ਵਿਅਕਤੀਆ ਨੂੰ ਸਮਝਾਉਣ ਲੱਗਾ ਕਿ ਤੁਸੀ ਦੂਸਰੀ ਪਾਰਟੀ ਨਾਲ ਨਹੀ ਲੜਨਾ ਤਾਂ ਇੰਨੇ ਵਿੱਚ ਹੀ ਉਕਤ ਵਿਅਕਤੀਆ ਨੇ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਸਾਡੇ ਸਾਰਿਆ ਪਰ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਬਹੁਤ ਕੁੱਟਮਾਰ ਵੀ ਕੀਤੀ। ਕੁੱਟਮਾਰ ਕਾਰਣ, ਪੁਲਿਸ ਪਾਰਟੀ ਦੇ ਬਹੁਤ ਸੱਟਾਂ ਵੀ ਲੱਗੀਆਂ।
ਥਾਣੇਦਾਰ ਜਗਦੇਵ ਸਿੰਘ ਨੇ ਕਿਹਾ ਕਿ ਨਾਮਜ਼ਦ ਦੋਸ਼ੀਆਂ ਨੇ ਉਸ ਦੀ ਵਰਦੀ ਦੀ ਸੱਜੀ ਜੇਬ ਵੀ ਪਾੜ ਦਿੱਤੀ। ਏ.ਐਸ.ਆਈ. ਜਗਦੇਵ ਸਿੰਘ ਨੇ ਕਿਹਾ ਕਿ ਉਹ ਸਰਕਾਰੀ ਡਿਊਟੀ ਪਰ ਸੀ, ਦੋਸ਼ੀਆਂ ਨੇ ਕੁੱਟਮਾਰ ਕਰਕੇ, ਉਨਾਂ ਦੀ ਸਰਕਾਰੀ ਡਿਊਟੀ ਵਿੱਚ ਵੀ ਅੜਿੱਕਾ ਪਾਇਆ। ਥਾਣਾ ਸ਼ਹਿਣਾ ਦੇ ਐਸ.ਐਚ.ਉ. ਨਰਦੇਵ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਏ.ਐਸ.ਆਈ ਜਗਦੇਵ ਸਿੰਘ ਦੇ ਬਿਆਨ ਦੇ ਅਧਾਰ ਪਰ ਗੁਰਪਾਲ ਸਿੰਘ ਉਰਫ ਪਾਲਾ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ 2 ਹੋਰ ਨਾਮਾਲੂਮ ਦੋਸ਼ੀਆਂ ਖਿਲਾਫ ਅਧੀਨ ਜੁਰਮ 307,353,186,332,506, 148,149 ਆਈ.ਪੀ.ਸੀ. ਤਹਿਤ ਥਾਣਾ ਸ਼ਹਿਣਾ ਵਿਖੇ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਏ.ਐਸ.ਆਈ ਮੱਖਣ ਸ਼ਾਹ ਨੂੰ ਸੌਂਪ ਦਿੱਤੀ ਹੈ। ਐਸਐਚਉ ਨਰਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।