ਦਿੱਲੀ ਦੀਆਂ ਬਰੂਹਾਂ ‘ਤੇ ਹੋਰ ਵਧੇਗਾ ਇਕੱਠ ਕਿਸਾਨ ਜਥੇਬੰਦੀਆਂ ਬਣਾਈ ਅਹਿਮ ਯੋਜਨਾ

Advertisement
Spread information

ਦਿੱਲੀ ਮੋਰਚਿਆਂ ‘ਚ ਹਾਜ਼ਰੀ ਵਧਾਉਣ ਲਈ ਠੋਸ ਵਿਉਂਤਬੰਦੀ ਬਣਾਈ; ਹਰ ਹਫਤੇ ਵੱਡੇ ਜਥੇ ਜਾਇਆ ਕਰਨਗੇ: ਕਿਸਾਨ ਆਗੂ

ਕਾਰਪੋਰੇਟਾਂ ਦੇ ਕਾਰੋਬਾਰੀ ਅਦਾਰਿਆਂ ਦੀ ਘੇਰਾਬੰਦੀ: ਸਰਕਾਰੀ ਨੀਤੀਆਂ ਦਾ ਪਾਜ ਉਘੇੜਨ ਲਈ ਜਰੂਰੀ : ਕਿਸਾਨ ਆਗੂ

ਪ੍ਰੀਤਮ ਸਿੰਘ ਔਲਖ ਦੇ ਮਾਤਾ ਗੁਰਦਿਆਲ ਕੌਰ ਬਰਨਾਲਾ ਨੇ 21000 ਰੁਪਏ ਦੀ ਆਰਥਿਕ ਸਹਾਇਤਾ ਕੀਤੀ,ਸੰਚਾਲਨ ਕਮੇਟੀ ਨੇ ਧੰਨਵਾਦ ਕੀਤਾ।


ਪਰਦੀਪ ਕਸਬਾ , ਬਰਨਾਲਾ: 17 ਅਗਸਤ, 2021

ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 321ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਦਿੱਲੀ ਮੋਰਚਿਆਂ ਵਿੱਚ ਹਾਜ਼ਰੀ ਵਧਾਉਣ ਲਈ ਲਗਾਤਾਰ ਜਥੇ ਭੇਜਣ ਬਾਰੇ ਠੋਸ ਵਿਉਂਤਬੰਦੀ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਬਰਨਾਲਾ ਜਿਲ੍ਹੇ ‘ਚੋਂ ਹਰ ਹਫਤੇ ਵੱਡੇ ਜਥੇ ਭੇਜਣ ਲਈ ਪਿੰਡ- ਵਾਈਜ਼ ਤੇ ਜਥੇਬੰਦੀ- ਵਾਈਜ਼ ਲਿਸਟਾਂ ਬਣਾਈਆਂ ਜਾ ਰਹੀਆਂ ਹਨ।

ਸਥਾਨਕ ਆਗੂਆਂ ਦੀ ਅਗਵਾਈ ਹੇਠ ਹਰ ਹਫਤੇ ਵੱਡਾ ਜਥਾ ਦਿੱਲੀ ਵੱਲ ਵਹੀਰਾਂ ਘੱਤੇਗਾ ਅਤੇ ਇਸ ਸਿਲਸਿਲੇ ਦੀ ਲਗਾਤਾਰਤਾ ਬਣਾਈ ਰੱਖਣ ਲਈ ਪਿੰਡਾਂ ਵਿੱਚ ਹਰ ਹਫਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਦਿੱਲੀ ਜਾਣ ਲਈ ਧਰਨਾਕਾਰੀਆਂ ਵਿੱਚ ਜ਼ੋਰਦਾਰ ਉਤਸ਼ਾਹ ਪਾਇਆ ਗਿਆ ਜਿਨ੍ਹਾਂ ਕੇ ਵਧ ਚੜ੍ਹ ਕੇ ਲਿਸਟਾਂ ਵਿੱਚ ਆਪਣਾ ਨਾਂਅ ਲਿਖਾਇਆ।

Advertisement

ਅੱਜ ਪ੍ਰੀਤਮ ਸਿੰਘ ਔਲਖ ਦੇ ਮਾਤਾ ਗੁਰਦਿਆਲ ਕੌਰ ਬਰਨਾਲਾ ਨੇ ਕਿਸਾਨ ਧਰਨੇ ਦੀ 21000 ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਖੁਦ ਪ੍ਰੀਤਮ ਸਿੰਘ ਔਲਖ ਵੀ ਲਗਾਤਾਰ ਧਰਨੇ ਦੀ ਆਰਥਿਕ ਸਹਾਇਤਾ ਕਰਦੇ ਰਹਿੰਦੇ ਹਨ ਅਤੇ ਕਿਸਾਨ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਹੀ ਸਰਗਰਮ ਹਨ। ਸੰਚਾਲਨ ਕਮੇਟੀ ਨੇ ਮਾਤਾ ਗੁਰਦਿਆਲ ਕੌਰ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਅੱਜ ਨਛੱਤਰ ਸਿੰਘ ਸਹੌਰ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਪ੍ਰੇਮਪਾਲ ਕੌਰ,ਬਲਵੀਰ ਕੌਰ ਕਰਮਗੜ੍ਹ, ਜਸਪਾਲ ਚੀਮਾ, ਬਾਬੂ ਸਿੰਘ ਖੁੱਡੀ ਕਲਾਂ, ਬਲਜੀਤ ਸਿੰਘ ਚੌਹਾਨਕੇ, ਬੂਟਾ ਸਿੰਘ ਠੀਕਰੀਵਾਲਾ, ਕਾਕਾ ਸਿੰਘ ਫਰਵਾਹੀ ਤੇ ਨੇਕਦਰਸ਼ਨ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੁੱਝ ਲੋਕ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰ ਰਹੇ ਹਨ ਕਿ ਅਡਾਨੀ ਦੀ ਕਿਲ੍ਹਾ ਰਾਏਪੁਰ ਵਾਲੀ ਖੁਸ਼ਕ ਬੰਦਰਗਾਹ ਬੰਦ ਹੋਣ ਕਾਰਨ 4000 ਲੋਕ ਬੇਰੁਜ਼ਗਾਰ ਹੋ ਗਏ ਜਦੋਂ ਕਿ ਉਥੇ ਸਿੱਧੇ ਤੌਰ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਗਿਣਤੀ 100 ਦੇ ਕਰੀਬ ਸੀ।

ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਾਰਨ ਲੋਕ ਬੇਰੁਜ਼ਗਾਰ ਹੋ ਰਹੇ ਹਨ। ਇਹ ਪ੍ਰਚਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਅਡਾਨੀ, ਅੰਬਾਨੀ ਜਿਹੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰਿਆਂ ਦੀ ਘੇਰਾਬੰਦੀ ਇਸ ਗੱਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਰੂਰੀ ਹੈ ਕਿ ਸਰਕਾਰੀ ਨੀਤੀਆਂ ਅਸਲ ਵਿੱਚ ਕਿਸ ਦੇ ਫਾਇਦੇ ਲਈ ਹਨ। ਖੁਸ਼ਕ ਬੰਦਰਗਾਹ ਸਮੇਤ ਸਾਰੇ ਉਚ-ਤਕਨੀਕ ਅਦਾਰੇ ਰੁਜ਼ਗਾਰ ਪੈਦਾ ਨਹੀਂ ਕਰਦੇ। ਉਲਟਾ ਇਹ ਅਦਾਰੇ ਲੋਕਾਂ ਦਾ ਰੁਜ਼ਗਾਰ ਖੋਹ ਰਹੇ ਹਨ। ਕਾਰਪੋਰੇਟ-ਪੱਖੀ ਇਹ ਵਿਕਾਸ ਮਾਡਲ ਵੱਡੇ ਪੱਧਰ ‘ਤੇ ਲੋਕਾਂ ਦਾ ਰੁਜ਼ਗਾਰ ਖੋਹ ਰਿਹਾ ਹੈ।ਇੱਕ ਵੱਡਾ ਸ਼ਾਪਿੰਗ ਮਾਲ ਖੁੱਲਣ ਨਾਲ ਸੈਂਕੜੇ ਛੋਟੇ ਦੁਕਾਨਦਾਰ ਵਿਹਲੇ ਹੋ ਜਾਂਦੇ ਹਨ। ਇਸੇ ਗੱਲ ਬਾਰੇ ਲੋਕਾਂ ਨੂੰ ਚੇਤਨ ਕਰਨ ਲਈ ਇਨ੍ਹਾਂ ਕਾਰਪੋਰੇਟ ਅਦਾਰਿਆਂ ਦਾ ਘਿਰਾਉ ਕੀਤਾ ਜਾ ਰਿਹਾ ਹੈ।
ਅੱਜ ਨਰਿੰਦਰ ਪਾਲ ਸਿੰਗਲਾ ਨੇ ਇਨਕਲਾਬੀ ਕਵਿਤਾ ਸੁਣਾਈ।

Advertisement
Advertisement
Advertisement
Advertisement
Advertisement
error: Content is protected !!