ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਦੀ ਖੱਜਲ ਖੁਆਰੀ ਅਤੇ ਮੰਦਹਾਲੀ ਖ਼ਿਲਾਫ਼ ਵਿੱਢੇ ਸੰਘਰਸ਼ ‘ਚ ਪੇਂਡੂ ਮਜ਼ਦੂਰਾਂ ਦੀ ਹੋਈ ਜਿੱਤ
ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਪੇਂਡੂ ਮਜ਼ਦੂਰਾਂ ਵੱਲੋਂ ਰੱਖੀਆਂ ਮੰਗਾਂ ਨੂੰ ਮੰਨਿਆ
ਪਰਦੀਪ ਕਸਬਾ, ਫ਼ਰੀਦਕੋਟ, 17 ਅਗਸਤ 2021
ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਲਈ ਪੁਖਤਾ ਪ੍ਰਬੰਧ ਨਾ ਹੋਣ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੱਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੰਘਰਸ਼ ਦਾ ਬਿਗਲ ਵਜਾਇਆ ਗਿਆ, ਬੇਸ਼ੱਕ ਹਸਪਤਾਲ ਪ੍ਰਸ਼ਾਸਨ ਦੇ ਕੁਝ ਅਧਿਕਾਰੀਆ ਨੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਖਿਲਾਫ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕ ਆਗੂਆਂ ਨਾਲ ਡਟੇ ਰਹੇ ਅੰਤ ਵਿਚ ਆਗੂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸਫਲ ਹੋ ਗਏ ।
ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ)ਦੀ ਅਗਵਾਈ ਹੇਠ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ (ਟੀਬੀ ਅਤੇ ਛਾਤੀ) ਸਰਕਾਰੀ ਹਸਪਤਾਲ ਫ਼ਰੀਦਕੋਟ ਵਿਖੇ ਰਾਤ ਨੂੰ ਬਿਜਲੀ ਚਲੇ ਜਾਣ ਤੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ਾਂ ਦੀ ਹੁੰਦੀ ਖੱਜਲ ਖੁਆਰੀ , ਪਾਣੀ ਦਾ ਪ੍ਰਬੰਧ ਨਾ ਹੋਣ ,ਲੈਟਰੀਨਾਂ, ਬਾਥਰੂਮਾਂ ਦੀ ਸਫ਼ਾਈ ਨਾ ਹੋਣ ਅਤੇ ਸਕਿਓਰਿਟੀ ਦਾ ਪ੍ਰਬੰਧ ਨਾ ਹੋਣ ਖ਼ਿਲਾਫ਼ ਮੈਡੀਕਲ ਸੁਪਰਡੈਂਟ ਫਰੀਦਕੋਟ ਨੂੰ ਡੈਪੂਟੇਸ਼ਨ ਮਿਲਿਆ । ਮੈਡੀਕਲ ਸੁਪਰਡੈਂਟ ਨੇ ਤੁਰੰਤ ਐਕਸ਼ਨ ਲੈਂਦਿਆਂ ਮੰਗਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਆੜੇ ਹੱਥੀਂ ਲਿਆ ।
ਡੈਪੂਟੇਸ਼ਨ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾਈ ਆਗੂ ਬਿਮਲ ਕੌਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਗੁਰਵਿੰਦਰ ਸਿੰਘ, ਸਾਜਨ ਸਿੰਘ ਰੂਪ ਸਿੰਘ, ਕਾਹਨ ਸਿੰਘ ਆਦਿ ਸ਼ਾਮਿਲ ਸਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹਸਪਤਾਲ ਵਿਚ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਖ਼ਿਲਾਫ਼ ਸੰਘਰਸ਼ ਕਰਨਾ ਸਾਡਾ ਮੁੱਢਲਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਨੇ ਸਾਡੇ ਵੱਲੋਂ ਪੇਸ਼ ਕੀਤੀਆਂ ਮੰਗਾਂ ਨੂੰ ਮੰਨ ਲਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੰਨੀਆਂ ਗਈਆਂ ਮੰਗਾਂ ਨੂੰ ਅਮਲ ਵਿੱਚ ਲਾਗੂ ਨਾ ਕੀਤਾ ਤਾਂ ਜਥੇਬੰਦੀਆਂ ਮੁੜ ਕੇ ਸੰਘਰਸ਼ ਦੇ ਰਾਹ ਪੈਣਗੀਆਂ ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਲੋਕ ਬਿਮਾਰੀਆਂ ਸ਼ਿਕਾਰ ਹੋ ਰਹੇ ਹਨ ਪਰ ਪੰਜਾਬ ਸਰਕਾਰ ਫੋਕੇ ਦਾਅਵੇ ਠੋਕ ਰਹੀ ਹੈ ।
ਵਰਨਣਯੋਗ ਹੈ ਕਿ ਜਦੋਂ ਉਪਰੋਕਤ ਮੰਗਾਂ ਸਬੰਧੀ ਮੈਡੀਕਲ ਸੁਪਰਡੈਂਟ ਨੂੰ ਮੰਗ ਪੱਤਰ ਦੇਣ ਲਈ ਜਾਇਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਸਟਾਫ ਦੇ ਕੁਝ ਅਧਿਕਾਰੀ ਡੈਪੂਟੇਸ਼ਨ ਮਿਲਣ ਗਏ ਆਗੂਆਂ ਖ਼ਿਲਾਫ਼ ਮਰੀਜਾਂ ਨੂੰ ਭੜਕਾਅ ਰਹੇ ਸਨ ।ਅਜਿਹਾ ਕਰਨ ਪਿੱਛੇ ਕਾਰਨ ਸਾਫ਼ ਤੇ ਸਪੱਸ਼ਟ ਹੈ ਕਿ ਕਿ ਉਹ ਇਹ ਨਹੀਂ ਚਾਹੁੰਦੇ ਕਿ ਮਰੀਜ਼ ਅਤੇ ਉਨ੍ਹਾਂ ਦੇ ਨਾਲ ਆਏ ਹੋਏ ਰਿਸ਼ਤੇਦਾਰ ਆਪਣੀ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨ ।