ਬਰਨਾਲਾ ਵਿਚ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਆਜ਼ਾਦੀ ਦਿਹਾੜਾ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲਹਿਰਾਇਆ ਕੌਮੀ ਝੰਡਾ
ਹਰਿੰਦਰ ਨਿੱਕਾ , ਬਰਨਾਲਾ, 15 ਅਗਸਤ 2021
ਜ਼ਿਲ੍ਹਾ ਬਰਨਾਲਾ ਵਿੱਚ 75 ਵਾਂ ਆਜ਼ਾਦੀ ਦਿਹਾੜਾ ਸਾਦੇ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ, ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜ਼ਿਲਾ ਵਾਸੀਆਂ ਦੇ ਨਾਂ ਸੰਦੇਸ਼ ਦਿੰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਤੇ ਇਨਾਂ ਕੁਰਬਾਨੀਆਂ ਸਦਕਾ ਦੇਸ਼ ਨੂੰ ਆਜ਼ਾਦੀ ਮਿਲੀ। ਉਨਾਂ ਕਿਹਾ ਕਿ ਸਾਂਝੇ ਹੰਭਲੇ ਨਾਲ ਅਸੀਂ ਕਰੋਨਾ ਨੂੰ ਵੀ ਜ਼ਰੂਰ ਮਾਤ ਦੇਵਾਂਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਪੰਜਾਬ ਸੂਬਾ ਅੱਜ ਖੇਤੀਬਾੜੀ, ਬਿਜਲੀ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ, ਵਾਤਾਵਰਣ ਪੱਖੀ ਮਾਹੌਲ ਸਿਰਜਣ, ਉਦਯੋਗ, ਨਾਗਰਿਕ ਸੇਵਾਵਾਂ ਅਤੇ ਵੀ.ਆਈ.ਪੀ. ਕਲਚਰ ਖਤਮ ਕਰਨ ਕਰਕੇ ਨਾਮਣਾ ਖੱਟ ਰਿਹਾ ਹੈ। ਪੰਜਾਬ ਸਰਕਾਰ ਨੇ ਜਿੱਥੇ ਫਸਲਾਂ ਹੱਥੋਂ-ਹੱਥ ਚੁਕਾਈਆਂ ਅਤੇ 48 ਘੰਟਿਆਂ ਅੰਦਰ ਫਸਲਾਂ ਦੀ ਅਦਾਇਗੀ ਕਰਵਾਈ ਉੱਥੇ ਹੀ ਲੱਖਾਂ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਹਾਲ ਹੀ ਵਿੱਚ 12ਵੀਂ ’ਚ ਪੜਦੇ ਮੁੰਡੇ-ਕੁੜੀਆਂ ਨੂੰ ਸਮਾਰਟ ਫੋਨ ਦਿੱਤੇ ਹਨ। ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਤੇ ਆਸ਼ੀਰਵਾਦ ਸਕੀਮ ਤਹਿਤ ਗ਼ਰੀਬ ਧੀਆਂ ਨੂੰ ਉਨਾਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਵਿੱਤੀ ਸਹਾਇਤਾ ਰਾਸ਼ੀ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕੀਤੀ ਹੈ। ਜੰਗਲ ਖੇਤਰਾਂ ’ਤੇ ਹੋਏ ਨਾਜਾਇਜ਼ ਕਬਜਿਆਂ ਨੂੰ ਛੁਡਾ ਕੇ ਉੱਥੇ ਪਲਾਂਟੇਸ਼ਨ ਕਰਵਾਈ ਗਈ ਹੈ। ਸੂਬਾ ਸਰਕਾਰ ਨੇ ਸਾਲ 2017 ’ਚ ਨਵੀਂ ਉਦਯੋਗਿਕ ਨੀਤੀ ਬਣਾਈ, ਜਿਸ ਤਹਿਤ ਹੁਣ ਤੱਕ ਦੇ ਸਮੇ ਦੌਰਾਨ ਸੂਬੇ ’ਚ 91 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ। ਇਸ ਨਿਵੇਸ਼ ’ਚ 3 ਹਜ਼ਾਰ ਦੇ ਲਗਭੱਗ ਫ਼ਰਮਾਂ ਸ਼ਾਮਲ ਹਨ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਵਿਚ ਬੇਟੀ ਬਚਾਓ, ਬੇਟੀ ਪੜਾਓ ਉਪਰਾਲਿਆਂ ਨਾਲ ਜ਼ਿਲੇ ’ਚ ਲੜਕੀਆਂ ਦੀ ਜਨਮ ਦਰ ਵਧੀ ਹੈ। ਸਾਲ 2019-20 ਵਿਚ ਲਿੰਗ ਅਨੁਪਾਤ 895 ਸੀ, ਜੋ ਕਿ 2020-21 ਵਿਚ ਵਧ ਕੇ 964 ਹੋ ਗਿਆ। ਜਨਵਰੀ 2021 ਤੋਂ ਹੁਣ ਤੱਕ ਬਰਨਾਲਾ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 14 ਲੱਖ 38 ਹਜ਼ਾਰ 168 ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕੇ ਬਰਾਮਦ ਕੀਤੇ ਗਏ ਹਨ। 7.849 ਕਿਲੋਗ੍ਰਾਮ ਹੈਰੋਇਨ ਤੇ ਇਸ ਤੋਂ ਇਲਾਵਾ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਬਰਨਾਲਾ ਪੁਲੀਸ ਵੱਲੋਂ 46 ਲੱਖ 42 ਹਜ਼ਾਰ 500 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਨਗਰ ਕੌਂਸਲ ਬਰਨਾਲਾ ਵੱਲੋਂ ਪਿਛਲੇ 6 ਮਹੀਨਿਆਂ ਵਿਚ 2 ਕਰੋੜ ਦੇ ਕੰਮ ਕਰਵਾਏ ਗਏ ਹਨ। ਜ਼ਿਲੇ ਦੇ ਪਿੰਡਾਂ ਨੂੰ ਜਿੱਥੇ ਸ਼ਹਿਰੀ ਤਰਜ਼ ’ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਵਧੇਰੇ ਐਸ.ਸੀ ਆਬਾਦੀ ਵਾਲੇ 9 ਪਿੰਡ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣੇ ਗਏ ਹਨ, ਜਿਨਾਂ ਨੂੰ ਵਿਕਾਸ ਕਾਰਜਾਂ ਲਈ ਪਹਿਲੇ ਪੜਾਅ ਅਧੀਨ 85 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ।
ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਵਿਭਾਗ ਵੱਲੋਂ ਜ਼ਿਲਾ ਬਰਨਾਲਾ ਵਿਚ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਾਰਜਾਂ ਲਈ ਆਸ਼ੀਰਵਾਦ ਸਕੀਮ ਤਹਿਤ ਸਾਲ 2020-21 ਵਿਚ 1078 ਕੇਸ ਪਾਸ ਕੀਤੇ ਗਏ ਹਨ, ਜਿਨਾਂ ਨੂੰ 2 ਕਰੋੜ 26 ਲੱਖ 38 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।ਪਾਣੀ ਦੀ ਬੱਚਤ ਦੇ ਯਤਨਾਂ ਲਈ ਜ਼ਿਲੇ ਵਿਚ 63 ਲੱਖ ਦੀ ਲਾਗਤ ਨਾਲ 14 ਸੀਚੇਵਾਲ ਮਾਡਲ ਅਤੇ 61 ਲੱਖ ਦੀ ਲਾਗਤ ਨਾਲ 15 ਥਾਪਰ ਮਾਡਲ ਬਣਵਾਏ ਗਏ ਹਨ। ਇਸ ਤੋਂ ਇਲਾਵਾ 81 ਲੱਖ ਦੀ ਲਾਗਤ ਨਾਲ 36 ਨਵੇਂ ਪਾਰਕਾਂ ਦਾ ਟੀਚਾ ਹੈ, ਜਿਨਾਂ ਵਿਚੋਂ 7 ਮੁਕੰਮਲ ਹਨ।
ਇਸ ਮੌਕੇ ਮੁੱਖ ਮਹਿਮਾਨ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਵਿਧਾਇਕ ਪਿਰਮਲ ਸਿੰਘ ਧੌਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮੱਖਣ ਸ਼ਰਮਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਤੇ ਬੀਬੀ ਸੁਰਿੰਦਰ ਕੌਰ ਵਾਲੀਆ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਵੀ ਵਿਸ਼ੇੇਸ਼ ਤੌਰ ’ਤੇ ਹਾਜ਼ਰ ਰਹੇ, ਜਿਨਾਂ ਨੂੰ ਹਾਲ ਹੀ ਵਿੱਚ ਗ੍ਰਹਿ ਮੰਤਰੀ ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ ਲਈ ਚੁਣਿਆ ਗਿਆ ਹੈ। ਇਸ ਮੌਕੇ ਬਰਨਾਲਾ ਪੁਲੀਸ ਦੀ ਟੁਕੜੀ ਵੱਲੋਂ ਸ਼ਾਨਦਾਰ ਪਰੇਡ ਕੀਤੀ ਗਈ। ਪੁਲੀਸ ਟੁਕੜੀ ਦੀ ਅਗਵਾਈ ਇੰਸਪੈਕਟਰ ਬਲਜੀਤ ਸਿੰਘ ਅਤੇ ਪੁਲੀਸ ਬੈਂਡ ਦੀ ਅਗਵਾਈ ਇੰਸਪੈਕਟਰ ਗੁਰਚਰਨ ਸਿੰਘ ਵੱੱਲੋਂ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ, ਵੀਲ ਚੇਅਰਾਂ ਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਅਤੇ ਵੱਖ ਵੱਖ ਖੇਤਰਾਂ ਵਿੱਚ ਚੰਗੀਆਂ ਸੇਵਾਵਾਂ ਨਿਭਾਉਣ ਵਾਲਿਆਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ, ਵਧੀਕ ਸੈਸ਼ਨ ਜੱਜ ਸ੍ਰੀ ਬਰਜਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਨਵਲ ਰਾਮ, ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਐਸਪੀ ਜਗਵਿੰਦਰ ਸਿੰਘ ਚੀਮਾ, ਐਸਪੀ ਸਤਵੀਰ ਸਿੰਘ ਅਟਵਾਲ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਸ੍ਰੀ ਗੁਰਜੀਤ ਰਾਮਨਵਾਸੀਆ, ਉਪ ਪ੍ਰਧਾਨ ਸ੍ਰੀ ਨਰਿੰਦਰ ਗਰਗ ਨੀਟਾ, ਮਾਰਕੀਟ ਕਮੇਟੀ ਬਰਨਾਲਾ ਦੇ ਚੇਅਰਮੈਨ ਸ੍ਰੀ ਅਸ਼ੋਕ ਮਿੱਤਲ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ’ਤੇ ਪਾਈ ਨਵੀਂ ਪਿਰਤਆਜ਼ਾਦੀ ਦੇ ਸ਼ੁੱਭ ਦਿਹਾੜੇ ਮੌਕੇ ਜ਼ਿਲਾ ਪ੍ਰਸ਼ਾਸਨ ਬਰਨਾਲਾ ਨੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਸੋਚ ਸਦਕਾ ਨਵੀਂ ਪਿਰਤ ਪਾਈ ਹੈ। ਆਜ਼ਾਦੀ ਦਿਹਾੜੇ ਮੌਕੇ ਵੱਖ ਵੱਖ ਖੇਤਰਾਂ ਵਿਚ ਚੰਗੀਆਂ ਸੇਵਾਵਾਂ ਦੇਣ ਬਦਲੇ ਸ਼ਖ਼ਸੀਅਤਾਂ ਦਾ ਸਨਮਾਨ ਰਵਾਇਤੀ ਚਿੰਨਾਂ ਦੀ ਬਜਾਏ ਪੌਦਿਆਂ ਨਾਲ ਕਰਕੇ ਘਰ ਘਰ ਹਰਿਆਲੀ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ. ਸਾਧੂ ਸਿੰਘ ਧਰਮਸੋਤ ਵੱਲੋਂ ਸਾਰੀਆਂ ਸ਼ਖ਼ਸੀਅਤਾਂ ਦਾ ਪੌਦਿਆਂ ਨਾਲ ਸਨਮਾਨ ਕੀਤਾ ਗਿਆ।