ਕੱਟਣੀ ਹੋਊ ਸਜ਼ਾ ਤੇ ਭਰਨਾ ਪਊ 1 ਲੱਖ ਰੁਪਏ ਜੁਰਮਾਨਾ
ਹਰਿੰਦਰ ਨਿੱਕਾ , ਬਰਨਾਲਾ, 9 ਅਗਸਤ 2021
ਕਰੀਬ ਗਿਆਰਾਂ ਮਹੀਨੇ ਪਹਿਲਾਂ ਆਪਣੀ ਨੂੰਹ ਨੂੰ ਬੇਰਿਹਮੀ ਨਾਲ ਮੌਤ ਦੇ ਘਾਟ ਉਤਾਰ ਦੇਣ ਵਾਲੇ ਸੌਹਰੇ ਨੂੰ ਮਾਨਯੋਗ ਅਦਾਲਤ ਨੇ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ । ਜਾਣਕਾਰੀ ਅਨੁਸਾਰ ਪਿਛਲੇ ਸਾਲ 1 ਸਤੰਬਰ 2020 ਨੂੰ ਪਿੰਡ ਠੀਕਰੀਵਾਲਾ ਵਿਖੇ ਗੁਰਚਰਨ ਸਿੰਘ ਉਰਫ ਚਰਨਾ ਨੇ ਆਪਣੀ ਨੂੰਹ ਲਵਪ੍ਰੀਤ ਕੌਰ ਦੇ ਸਿਰ ਵਿੱਚ ਕਹੀ ਮਾਰਕੇ ਅਤੇ ਪੈਟਰੋਲ ਪਾਉਣ ਤੋਂ ਬਾਅਦ ਲਗਾ ਦਿੱਤੀ ਸੀ, ਉਸ ਸਮੇਂ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਘਰ ਵਿੱਚ ਨਹੀਂ ਸੀ, ਉਸਨੂੰ ਪਹਿਲਾਂ ਗੁਆਂਢੀਆਂ ਦੀ ਮੱਦਦ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਸੀ, ਉੱਥੋਂ ਉਸਨੂੰ ਪੀ ਜੀ ਆਈ ਚੰਡੀਗੜ, ਜਿੱਥੇ ਲਵਪ੍ਰੀਤ ਕੌਰ ਦੀ ਲਗਭਗ 12 ਦਿਨਾਂ ਬਾਅਦ ਮੌਤ ਹੋ ਗਈ ਸੀ।
ਪੀ ਜੀ ਆਈ ਚੰਡੀਗੜ ਵਿੱਚ ਪੁਲਿਸ ਨੇ ਉਸਦਾ ਬਿਆਨ ਲਿਖਿਆ ਅਤੇ ਡਾਕਟਰ ਨੇ ਤਸਦੀਕ ਕੀਤਾ। ਜਿਸ ਦੇ ਆਧਰਾ ’ਤੇ ਦੋਸ਼ੀ ਗੁਰਚਰਨ ਸਿੰਘ ਖ਼ਿਲਾਫ਼ ਐਫਆਈਆਰ: 128, 1 ਨਵੰਬਰ 2020 ਥਾਣਾ ਬਰਨਾਲਾ ਵਿਖੇ ਕੇਸ ਦਰਜ ਹੋਇਆ ਸੀ। ਜਿਸ ਦਾ ਚਲਾਨ ਪੇਸ਼ ਹੋਣ ਬਾਅਦ ਮਾਨਯੋਗ ਜਿਲਾ ਤੇ ਸ਼ੈਸਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵਿੱਚ ਸੁਣਵਾਈ ਹੋਈ। ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਮੁੱਦਈ ਧਿਰ ਦੇ ਸੀਨੀਅਰ ਫੌਜ਼ਦਾਰੀ ਵਕੀਲ ਜਤਿੰਦਰ ਕੁਮਾਰ ਬਹਾਦਰਪੁਰੀਆ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ ਗੁਰਚਰਨ ਸਿੰਘ ਉਰਫ਼ ਚਰਨਾ ਨੂੰ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।