ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ: ਰਾਮਵੀਰ
ਹਰਪ੍ਰੀ਼ਤ ਕੌਰ ਬਬਲੀ, ਸੰਗਰੂਰ, 4 ਅਗਸਤ 2021
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੋ ਰਹੇ ਕੋਵਿਡ-19 ਕੇਸਾਂ ਦਾ ਵਾਧਾ ਇਹ ਦਰਸਾਉਂਦਾ ਹੈ ਕਿ ਬਿਮਾਰੀ ਅਜੇ ਖ਼ਤਮ ਨਹੀਂ ਹੋਈ ਅਤੇ ਸਾਨੂੰ ਸਾਵਧਾਨੀ ਦੀ ਅਜੇ ਵੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹਫ਼ਤਾਵਰੀ ਫ਼ੇਸਬੁੱਕ ਲਾਇਵ ਪ੍ਰੋਗਰਾਮ ਦੌਰਾਨ ਜਿਲ੍ਹਾ ਵਾਸੀਆਂ ਨਾਲ ਰੂ-ਬ-ਰੂ ਹੁੰਦਿਆਂ ਕੀਤਾ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਸੂਬੇ ’ਚ ਕੋਰੋਨਾਵਾਇਰਸ ਦੇ ਘਟੇ ਪ੍ਰਕੋਪ ਨੂੰ ਦੇਖਦਿਆਂ ਸਰਕਾਰ ਵੱਲੋਂ ਪਾਬੰਦੀਆਂ ’ਚ ਛੋਟ ਦਿੱਤੀ ਗਈ ਹੈ ਪਰ ਇਹ ਛੋਟਾਂ ਤਾਂ ਹੀ ਬਰਕਰਾਰ ਰਹਿ ਸਕਦੀਆਂ ਹਨ ਜੇਕਰ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੋਵਿਡ-19 ਦੇ ਕੇਸਾਂ ਨੂੰ ਵੱਧਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਭੀੜ ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਸੈਨੇਟਾਇਜ਼ਰ ਨਾਲ ਸਾਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਘਰੋਂ ਬਾਹਰ ਨਿਕਲਣ ਮੌਕੇ ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ’ਚ ਮੱਛਰਾਂ ਦੇ ਵਾਧੇ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਬਿਮਾਰੀਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ, ਇਸ ਲਈ ਆਪਣੇ ਆਸ-ਪਾਸ ਪਾਣੀ ਨੂੰ ਖੜ੍ਹਨ ਤੋਂ ਰੋਕਿਆ ਜਾਵੇ। ਉਨ੍ਹਾ ਕਿਹਾ ਕਿ ਹਫ਼ਤੇ ’ਚ ਘੱਟੋ ਘੱਟ ਇੱਕ ਵਾਰ ਆਪਣੇ ਘਰਾਂ ਅਤੇ ਕੰਮ ਕਾਜ਼ ਵਾਲੀਆਂ ਥਾਵਾਂ ’ਤੇ ਕੂਲਰਾਂ, ਗਮਲਿਆਂ, ਫਰਿੱਜ ਦੀਆਂ ਟ੍ਰੇਆਂ ਆਦਿ ਵਿੱਚੋਂ ਪਾਣੀ ਕੱਢ ਕੇ ਸਾਫ਼ ਕੀਤਾ ਜਾਵੇ। ਉਨ੍ਹਾ ਕਿਹਾ ਕਿ ਫ਼ਾਲਤੂ ਪਏ ਟਾਇਰਾਂ, ਟੁੱਟੇ ਫੁੱਟੇ ਬਰਤਨਾਂ ਆਦਿ ਵਿੱਚ ਵੀ ਬਰਸਾਤਾਂ ਦਾ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਪਸ਼ੂਆਂ ਦੇ ਚਾਰੇ ਦੀ ਗੁਣਵੱਤਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਉਣ ਲਈ ਇਹ ਬਹੁਤ ਢੁੱਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਆਈ-ਹਰਿਆਲੀ ਐਪ ਰਾਹੀਂ ਸਰਕਾਰੀ ਨਰਸਰੀਆਂ ਤੋਂ ਮੁਫ਼ਤ ਬੂਟੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਕਰਨਾ ਵੀ ਯਕੀਨੀ ਬਣਾਇਆ ਜਾਵੇ।