332 ਪ੍ਰਕਾਰ ਦੀਆਂ ਮਿਲਦੀਆਂ ਹਨ ਸੇਵਾ ਕੇਂਦਰ ਵਿਚ ਸੇਵਾਵਾਂ -ਡਿਪਟੀ ਕਮਿਸ਼ਨਰ
ਬੀਟੀਐਨ, ਫਾਜ਼ਿਲਕਾ 4 ਅਗਸਤ 2021
ਜ਼ਿਲ੍ਹਾ ਵਾਸੀਆਂ ਨੂੰ ਸੁਖਾਵੇ ਮਾਹੌਲ ਵਿਚ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਖੋਲੇ੍ਹ ਗਏ ਸੇਵਾ ਕੇਂਦਰ ਲਾਹੇਵੰਦ ਸਾਬਿਤ ਹੋ ਰਹੇ ਹਨ। ਇਸ ਸਾਲ ਪਹਿਲੀ ਜਨਵਰੀ ਤੋਂ ਹੁਣ ਤੱਕ 88519 ਲੋਕ ਇਥੋਂ ਸਫਲਤਾਪੂਰਕ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ। ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ੍ਹ ਵਿਚ ਕੁੱਲ 19 ਸੇਵਾ ਕੇਂਦਰ ਹਨ ਜਿਨ੍ਹਾਂ ਵਿਚ 332 ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ 5 ਵਜੇ ਤੱਕ ਲੋਕਾਂ ਲਈ ਖੁੱਲੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅਬੋਹਰ ਸਬ ਡਵੀਜ਼ਨ ਅੰਦਰ 8, ਫਾਜ਼ਿਲਕਾ ਸਬ ਡਵੀਜ਼ਨ ਅੰਦਰ 6 ਅਤੇ ਜਲਾਲਾਬਾਦ ਸਬ ਡਵੀਜ਼ਨ ਵਿਖੇ 5 ਸੇਵਾ ਕੇਂਦਰ ਚਲ ਰਹੇ ਹਨ ਜਿਥੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।
ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਕੰਵਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜਨਵਰੀ 2021 ਤੋਂ ਹੁਣ ਤੱਕ ਜ਼ਿਲੇ੍ਹ ਦੇ ਸੇਵਾ ਕੇਂਦਰਾਂ ਵਿਚ 98614 ਅਰਜੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 88519 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਨਿਰਧਾਰਤ ਸਮਾਂ ਹੱਦ ਦੇ ਅੰਦਰ ਕਾਰਵਾਈ ਅਧੀਨ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਨਿਯਮਿਤ ਤੌਰ `ਤੇ ਬਕਾਇਆ ਕੇਸਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਜ਼ੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਸਾਰੀਆਂ ਸੇਵਾਵਾਂ ਨਿਰਧਾਰਤ ਸਮਾਂ ਹੱਦ ਦੇ ਅੰਦਰ ਉਪਲਬਧ ਕਰਵਾਈਆਂ ਜਾਣ।
ਹੈਲਪਲਾਈਨ ਪੋਰਟਲ 1100 ਸ਼ੁਰੂ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੇਵਾ ਕੇਂਦਰ `ਤੇ ਉਪਲਬਧ ਸੇਵਾਵਾਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਨੰਬਰ 1100 ਹੈ। ਜ਼ਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰੀ ਮਨੀਸ਼ ਠਕਰਾਲ ਨੇ ਦੱਸਿਆ ਕਿ ਹੁਣ ਤੱਕ ਇਸ ਪੋਰਟਲ `ਤੇ 95 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 83 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ 12 ਸ਼ਿਕਾਇਤਾਂ ਕਾਰਵਾਈ ਅਧੀਨ ਹਨ।
ਸੇਵਾ ਕੇਂਦਰ `ਤੇ ਬਣਦੇ ਹਨ ਆਧਾਰ ਕਾਰਡ
ਜ਼ਿਲ੍ਹਾ ਸੇਵਾ ਕੇਂਦਰ ਦੇ ਇੰਚਾਰਜ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਵਿਖੇ ਆਧਾਰ ਕਾਰਡ ਦੀਆਂ ਮਸ਼ੀਨਾ ਲਗਾਈਆਂ ਗਈਆਂ ਹਨ ਜਿਸ `ਤੇ ਆਧਾਰ ਕਾਰਡ ਬਣਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਵਿਭਾਗ ਦੇ ਸਾਂਝੇ ਕੇਂਦਰ ਨਾਲ ਸਬੰਧਤ, ਫਰਦ ਕੇਂਦਰ, ਲੇਬਰ ਕਾਰਡ ਬਣਾਉਣ ਦੀ ਸੇਵਾ, ਪਾਸਪੋਰਟ, ਅਸਲਾ ਲਾਇਸੰਸ, ਜਨਮ ਮੌਤ ਸਰਟੀਫਿਕੇਟ, ਪੈਟਰੋਲ ਪੰਪ ਦੀ ਐਨ.ਓ.ਸੀ., ਮੰਡੀ ਬੋਰਡ ਨਾਲ ਸਬੰਧਤ ਸੇਵਾਵਾਂ, ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਆਦਿ ਹੋਰ ਸੇਵਾਵਾਂ ਉਪਲਬਧ ਹਨ।
ਰਵੀ ਕੁਮਾਰ ਵੱਲੋਂ ਸੇਵਾ ਕੇਂਦਰ ਤੋਂ ਪ੍ਰਾਪਤ ਸਹੂਲਤ ਦਾ ਕੀਤਾ ਤਜਰਬਾ ਸਾਂਝਾ
ਰਵੀ ਕੁਮਾਰ ਆਪਣਾ ਤਜਰਬਾ ਸਾਂਝੇ ਕਰਦੇ ਹੋਏ ਦੱਸ ਰਹੇ ਹਨ ਕਿ ਉਹ ਸੇਵਾ ਕੇਂਦਰ ਅਬੋਹਰ ਵਿਖੇ ਜਨਮ ਸਰਟੀਫਿਕੇਟ ਬਣਾਉਣ ਲਈ ਗਏ ਸਨ।ਉਹ ਆਖਦੇ ਹਨ ਕਿ ਸੇਵਾ ਕੇਂਦਰ ਵਿਖੇ ਪਹੰੁਚ ਕੇ ਸਟਾਫ ਵੱਲੋਂ ਪਹਿਲਾਂ ਉਨ੍ਹਾਂ ਨੂੰ ਟੋਕਨ ਮੁਹੱਈਆ ਕਰਵਾਇਆ ਗਿਆ ਤੇ ਜਨਮ ਸਰਟੀਫਿਕੇਟ ਬਣਾਉਣ ਵਾਲੇ ਕਾਉਂਟਰ `ਤੇ ਜਾਣ ਲਈ ਆਖਿਆ ਗਿਆ ਜਿਸ `ਤੇ ਸਟਾਫ ਵੱਲੋਂ ਮੇਰੇ ਕੋਲੋਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਗਈ ਤੇ ਮੇਰਾ ਜਨਮ ਸਰਟੀਫਿਕੇਟ ਅਪਲਾਈ ਹੋ ਗਿਆ। ਰਵੀ ਕੁਮਾਰ ਆਖਦਾ ਹੈ ਕਿ ਜਲਦ ਸਰਟੀਫਿਕੇਟ ਬਣ ਕੇ ਤਿਆਰ ਹੋ ਜਾਵੇਗਾ।ਉਹ ਕਹਿੰਦਾ ਹੈ ਕਿ ਸੇਵਾ ਕੇਂਦਰ ਦੇ ਸਟਾਫ ਦੇ ਵਤੀਰੇ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਇਕ ਛੱਤ ਹੇਠ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਕਰਕੇ ਉਨ੍ਹਾਂ ਦੀ ਖਜਲ-ਖੁਆਰੀ ਬਚ ਸਕੀ ਹੈ।