ਕਿਸਾਨਾਂ ਵੱਲੋਂ ਆਪਣਾ ਧਰਨਾ ਚੁੱਕਣ ਅਤੇ ਅਡਾਨੀ ਵਿਲਮਾਰ ਨੂੰ ਆਪਣਾ ਕੰਮ ਜਾਰੀ ਰੱਖਣ ਸਬੰਧੀ ਕੀਤੀ ਗੱਲਬਾਤ
ਬੀਟੀਐਨ, ਫਿਰੋਜ਼ਪੁਰ, 4 ਅਗਸਤ 2021
ਪਿੰਡ ਵਾਂ ਵਿਖੇ ਸਥਿਤ ਅਡਾਨੀ ਵਿਲਮਾਰ ਲਿਮਟਡ ਦੇ ਵਰਕਰਾਂ ਅਤੇ ਲੇਬਰ ਵੱਲੋਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਭਾਗੀਰਥ ਮੀਨਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸ ਪੀ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਬੇਨਤੀ ਕੀਤੀ।
ਵਿਲਮਾਰ ਦੇ ਵਰਕਰਾਂ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਅਡਾਨੀ ਵਿਲਮਾਰ ਅੱਗੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ ਜਿਸ ਕਾਰਨ ਵਿਲਮਾਰ ਦਾ ਕੰਮ ਵੀ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਅਡਾਨੀ ਵਿਲਮਾਰ ਦਾ ਕੰਮ ਬੰਦ ਹੋਣ ਕਾਰਨ ਵਿਲਮਾਰ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਪਲਾਂਟ ਨੂੰ ਬੰਦ ਕਰਨ ਦਾ ਫੈਂਸਲਾ ਲਿਆ ਗਿਆ ਹੈ। ਜਿਸ ਕਾਰਨ ਉਸ ਅੰਦਰ ਕੰਮ ਕਰ ਰਹੇ ਵਰਕਰ ਅਤੇ ਲੇਬਰ ਨੂੰ ਆਪਣੀ ਨੌਕਰੀ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਪਲਾਂਟ ਬੰਦ ਹੁੰਦਾ ਹੈ ਤਾਂ ਤਕਰੀਬਨ 400 ਦੇ ਕਰੀਬ ਵਰਕਰ ਅਤੇ ਲੇਬਰ ਬੇਰੁਜ਼ਗਾਰ ਹੋ ਸਕਦੀ ਹੈ। ਜਿਸ ਕਰ ਕੇ ਅੱਜ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਆਪਣੀਆਂ ਮੁਸ਼ਕਲਾ ਦੱਸਦੇ ਹੋਏ ਇਸ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਅਤੇ ਐਸਐਸਪੀ ਭਾਗੀਰਥ ਮੀਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਇਸ ਸਬੰਧੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫਿਰ ਤੋਂ ਕਿਸਾਨਾਂ ਦੇ ਅਹੁੱਦੇਦਾਰਾ ਅਤੇ ਅਡਾਨੀ ਵਿਲਮਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲੋੜ ਪੈਣ ਤੇ ਮੌਕੇ ਤੇ ਜਾ ਕੇ ਵੀ ਜਾਇਜਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਜਲਦ ਤੋਂ ਜਲਦ ਇਸ ਦਾ ਹੱਲ ਕਰ ਕੇ ਵਿਲਮਾਰ ਨੂੰ ਬੰਦ ਹੋਣ ਤੋਂ ਰੋਕਿਆ ਜਾਵੇ ਤਾਂ ਜੋ ਅੰਦਰ ਕੰਮ ਰਹੇ ਵਰਕਰ ਅਤੇ ਲੇਬਰ ਨੂੰ ਕੋਈ ਮੁਸ਼ਕਲ ਨਾ ਆਵੇ।