ਕਿਰਨਜੀਤ ਸ਼ਰਧਾਂਜਲੀ ਸਮਾਗਮ ‘ਚ ਸੰਯਕੁਤ ਕਿਸਾਨ ਮੋਰਚੇ ਦੇ ਕੌਮੀ ਆਗੂ ਸ਼ਿਰਕਤ ਤੇ ਸੰਬੋਧਨ ਕਰਨਗੇ: ਉਪਲੀ
ਕਿਸਾਨ ਸੰਸਦ ਵਰਗੇ ਨਿਵੇਕਲੇ ਘੋਲ-ਰੂਪ ਕਿਸਾਨ ਲੀਡਰਸ਼ਿਪ ਦੀ ਸੂਝ-ਬੂਝ ਦਾ ਸਬੂਤ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 1 ਅਗੱਸਤ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 305ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸ਼ਹੀਦ ਕਿਰਨਜੀਤ ਕਤਲ-ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ 12 ਅਗੱਸਤ ਨੂੰ ਆਯੋਜਿਤ ਕੀਤੇ ਜਾਣ ਵਾਲਾ 24ਵਾਂ ਸ਼ਹੀਦ ਕਿਰਨਜੀਤ ਸ਼ਰਧਾਂਜਲੀ ਸਮਾਗਮ ਇਸ ਸਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਹੈ। ਐਕਸ਼ਨ ਕਮੇਟੀ ਨੇ ਕਿਸਾਨ ਮੋਰਚੇ ਦੇ ਕੌਮੀ ਆਗੂਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਤੇ ਸੰਬੋਧਨ ਕਰਨ ਲਈ ਸੱਦਾ ਭੇਜਿਆ ਸੀ
ਜਿਸ ਨੂੰ ਸੰਯਕੁਤ ਕਿਸਾਨ ਮੋਰਚੇ ਨੇ ਸਵੀਕਾਰ ਕਰ ਲਿਆ ਹੈ। ਮੋਰਚੇ ਦੀ ਸਥਾਨਕ ਲੀਡਰਸ਼ਿਪ ਨੇ ਵੀ ਫੈਸਲਾ ਕੀਤਾ ਹੈ ਕਿ ਬਰਨਾਲਾ ਜਿਲ੍ਹੇ ‘ਚ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਸਾਰੇ ਧਰਨੇ 12 ਅਗੱਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਤਬਦੀਲ ਕੀਤੇ ਜਾਣਗੇ। ਇਜ ਸਮਾਗਮ ਵਿੱਚ ਕਿਸਾਨ ਬੀਬੀਆਂ ਤੇ ਮਰਦਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਅੱਗਲੇ ਦਿਨਾਂ ਦੌਰਾਨ ਵਿਸ਼ੇਸ਼ ਲਾਮਬੰਦੀ ਮੁਹਿੰਮ ਚਲਾਈ ਜਾਵੇਗੀ। ਆਗੂਆਂ ਨੇ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਅੱਜ ਤੋਂ ਹੀ ਇਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਦੇਣ।
ਅੱਜ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਬਲਜੀਤ ਸਿੰਘ ਚੌਹਾਨਕੇ, ਬਾਬੂ ਸਿੰਘ ਖੁੱਡੀ ਕਲਾਂ, ਹਰਜੀਤ ਸਿੰਘ ਸੰਘੇੜਾ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਰਮਨਦੀਪ ਕੌਰ, ਨੇਕਦਰਸ਼ਨ ਸਿੰਘ, ਅਮਰਜੀਤ ਕੌਰ, ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਸੰਯਕੁਤ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਅੰਦੋਲਨ ਦੇ ਨਿਵੇਕਲੇ ਤੇ ਵਿਲੱਖਣ ਰੂਪ ਸਾਹਮਣੇ ਲਿਆ ਕੇ ਬਹੁਤ ਸੁਚੱਜੀ ਲੀਡਰਸ਼ਿਪ ਹੋਣ ਦਾ ਸਬੂਤ ਦਿੱਤਾ ਹੈ। ਕਿਸਾਨ ਸੰਸਦ ਵਰਗੇ ਨਵੇਂ ਘੋਲ-ਰੂਪਾਂ ਨੇ ਜਿੱਥੇ ਦੁਨੀਆਂ ਦਾ ਧਿਆਨ ਕਿਸਾਨ ਮੰਗਾਂ ਵੱਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਖਿਚਿਆ ਉਥੇ ਕਿਸਾਨ ਲੀਡਰਸ਼ਿਪ ਦੀ ਸੂਝ ਬੂਝ ਦਾ ਵੀ ਲੋਹਾ ਮਨਵਾਇਆ। ਇਸੇ ਕਰਕੇ ਸਰਕਾਰ ਕਿਸਾਨਾਂ ਵੱਲੋਂ ਅੰਦੋਲਨ ਨੂੰ ਯੂ.ਪੀ. ਤੇ ਉਤਰਾਖੰਡ ਵਿੱਚ ਮਜਬੂਤ ਕਰਨ ਦੀ ਤਜਵੀਜ਼ ਨੂੰ ਲੈ ਕੇ ਬਹੁਤ ਫਿਕਰਮੰਦ ਨਜਰ ਆ ਰਹੀ ਹੈ।ਇਸੇ ਮਾਯੂਸੀ ‘ਚੋਂ ਯੂ.ਪੀ ਸਰਕਾਰ ਕਿਸਾਨਾਂ ਨੂੰ ਧਮਕੀਆਂ ਦੇਣ ‘ਤੇ ਉਤਰ ਆਈ ਹੈ। ਕਿਸਾਨ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ।
ਅੱਜ ਅਜੈਬ ਸਿੰਘ ਠੀਕਰੀਵਾਲਾ ਨੇ ਆਪਣੇ ਪੋਤਰੇ ਪ੍ਰਭਜੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਲੱਡੂਆਂ ਦਾ ਲੰਗਰ ਲਾਇਆ।
ਅੱਜ ਨਰਿੰਦਰਪਾਲ ਸਿੰਗਲਾ ਤੇ ਤੇਜਾ ਸਿੰਘ ਠੀਕਰੀਵਾਲਾ ਨੇ ਕਵਿਤਾ ਤੇ ਗੀਤ ਸੁਣਾਏ।
Advertisement