ਹਾਥੀ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ, ਕਲੋਨੀ ‘ਚੋਂ ਗਾਇਬ ਹੋਇਆ ਨਕਸ਼ੇ ‘ਚ ਦਿਖਾਇਆ ਐਲ ਟਾਈਪ ਪਾਰਕ
ਹਰਿੰਦਰ ਨਿੱਕਾ , ਬਰਨਾਲਾ 30 ਜੁਲਾਈ 2021
ਸ਼ਹਿਰ ਦੇ ਕੁੱਝ ਕਲੋਨਾਈਜ਼ਰਾਂ ਦੀਆਂ ਮਨਮਾਨੀਆਂ ਤੋਂ ਕਲੋਨੀਆਂ ਵਿੱਚ ਪਲਾਟ ਖਰੀਦਣ ਅਤੇ ਰਿਹਾਇਸ਼ ਰੱਖਣ ਵਾਲੇ ਲੋਕ ਖੁਦ ਨੂੰ ਠੱਗਿਆ ਠੱਗਿਆ ਮਹਿਸੂਸ ਕਰਨ ਲੱਗ ਪਏ ਹਨ। ਮਹਿਸੂਸ ਵੀ ਕਿਉਂ ਨਾ ਕਰਨ, ਜਦੋਂ ਕਲੋਨਾਈਜ਼ਰਾਂ ਵੱਲੋਂ ਲੋਕਾਂ ਨੂੰ ਪਲਾਟ ਵੇਚਣ ਸਮੇਂ ਦਿਨ ਦੀਵੀ ਦਿਖਾਏ ਸੁਪਨਿਆਂ ਦੀ ਹਕੀਕਤ ਜਮੀਨ ਤੇ ਕਿੱਧਰੇ ਦਿਖਾਈ ਹੀ ਨਹੀਂ ਦਿੰਦੀ। ਹਾਲਤ ਇਹ ਹੈ ਕਿ ਕਲੋਨਾਈਜ਼ਰਾਂ ਦੀ ਉੱਚ ਪਹੁੰਚ ਅਤੇ ਨੋਟਾਂ ਦੀ ਚਮਕ ਦਮਕ ਕਾਰਣ ਪਲਾਟ ਹੋਲਡਰ ਅਕਸਰ ਹੀ ਕਲੋਨਾਈਜ਼ਰ ਅੱਗੇ ਹਾਰ ਜਾਂਦੇ ਹਨ।
ਕਲੋਨਾਈਜ਼ਰ ਦੇ ਕਾਰਨਾਮਿਆਂ ਦਾ ਕੌੜਾ ਸੱਚ
ਕਲੋਨਾਈਜ਼ਰ ਦੇ ਕਾਰਨਾਮਿਆਂ ਦਾ ਕੌੜਾ ਸੱਚ ਹਕੀਕਤ ਦੀ ਕਸੌਟੀ ਦੇ ਪਰਖਣ ਲਈ ਬਰਨਾਲਾ ਟੂਡੇ ਦੀ ਟੀਮ ਨੇ ਹੰਡਿਆਇਆ-ਬਰਨਾਲਾ ਰੋਡ ਤੇ ਬਣੀ ਉਮ ਸਿਟੀ ਕਲੋਨੀ ਦਾ ਦੌਰਾ ਕੀਤਾ। ਦੌਰੇ ਦੌਰਾਨ ਕਲੋਨੀ ਅੰਦਰ ਬੇਨਿਯਮੀਆਂ ਦਾ ਭੂਤ ਸਿਰ ਚੜ੍ਹਕੇ ਬੋਲਿਆ। ਗਰਾਉਂਡ ਜੀਰੋ ਰਿਪੋਰਟ ਅਨੁਸਾਰ ਕਲੋਨਾਈਜ਼ਰ ਦੀਆਂ ਕੌਂਸਲ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕੀਤੀਆਂ ਬੇਨਿਯਮੀਆਂ ਦਾ ਪਤਾ ਹੁੰਦਿਆਂ ਸੁੰਦਿਆਂ ਵੀ ਕਲੋਨੀ ਵਾਸੀ ਡਾਹਢਿਆਂ ਅੱਗੇ ਹਿੱਕ ਤਾਣ ਕਿ ਆਪਣੇ ਹੱਕ ਦੀ ਗੱਲ ਕਰਨ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ। ਕਲੋਨੀ ਵਾਸੀ ਔਖੇ ਜਰੂਰ ਹਨ, ਮੁੱਢਲੀਆਂ ਸਹੂਲਤਾਂ ਦੀ ਘਾਟ ਨਾਲ ਲੰਬੇ ਅਰਸੇ ਤੋਂ ਜੂਝ ਰਹੇ ਕੁੱਝ ਲੋਕਾਂ ਨੇ ਦੱਸਿਆ ਕਿ ਕਲੋਨਾਈਜ਼ਰ ਦੇ ਖਿਲਾਫ ਅਵਾਜ ਬੁਲੰਦ ਕਰਨ ਲਈ ਕਈ ਵਾਰ ਕਲੋਨੀ ਦੀ ਵੈਲਫੇਅਰ ਲਈ ਸੁਸਾਇਟੀ ਕਾਇਮ ਕਰਨ ਲਈ ਕਈ ਵਾਰ ਯਤਨ ਕੀਤੇ ਗਏ, ਪਰ ਕਲੋਨਾਈਜ਼ਰ ਤੋਂ ਨਿੱਜੀ ਲਾਭ ਪ੍ਰਾਪਤ ਕਰ ਰਹੇ ਕੁੱਝ ਵਿਅਕਤੀ ਲੋਕਾਂ ਦੀ ਏਕਤਾ ਨੂੰ ਖਿੰਡਾ ਦਿੰਦੇ ਹਨ। ਲੋਕਾਂ ਅਨੁਸਾਰ ਕਲੋਨਾਈਜ਼ਰ ਖਿਲਾਫ ਲੋਕਾਂ ਵਿੱਚ ਕਾਫੀ ਰੋਸ ਹੈ, ਅੰਦਰ ਹੀ ਅੰਦਰ ਸੁਲਗ ਰਹੀ ਰੋਸ ਦੀ ਅੱਗ ਛੇਤੀ ਹੀ ਭਾਂਬੜ ਬਣ ਕੇ ਉੱਠਣ ਲਈ ਤਿਆਰ ਬਰ ਤਿਆਰ ਹੈ। ਕਲੋਨੀ ਦੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਕਲੋਨੀ ਦੇ ਕਾਫੀ ਲੋਕਾਂ ਨੇ ਲੜਾਈ ਲੜਨ ਦਾ ਮਨਭ ਬਣਾ ਲਿਆ ਹੈ।
ਕਲੋਨਾਈਜ਼ਰ ਵੱਲੋਂ ਕਲੋਨੀ ਅਪਰੂਵ ਕਰਵਾਉਣ ਸਮੇਂ ਅਤੇ ਪਲਾਟ ਵੇਚਣ ਸਮੇਂ ਕਲੋਨੀ ਵਿੱਚ ਜੋ ਪਾਰਕ ਨਕਸ਼ੇ ਵਿੱਚ ਦਿਖਾਏ ਗਏ ਸਨ, ਜਿੰਨਾਂ ਦੀ ਹਕੀਕਤ ਦਾ ਇੱਕ ਇੱਕ ਕਰਕੇ ਪਰਦਾ ਚੁੱਕਿਆ ਜਾਵੇਗਾ। ਉਮ ਸਿਟੀ ਕਲੋਨੀ ਅੰਦਰ ਇੱਕ ਐਲ ਟਾਈਪ ਪਾਰਕ ਨਕਸ਼ੇ ਵਿੱਚ ਦਿਖਾਇਆ ਗਿਆ ਸੀ। ਜਿਸ ਦੇ ਇੱਕ ਪਾਸੇ ਪਲਾਟ ਨੰਬਰ 183 ਅਤੇ ਇੱਕ ਪਾਸੇ ਪਲਾਟ ਨੰਬਰ 44 ਦਰਜ਼ ਹੈ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਨਕਸ਼ੇ ਵਿੱਚ ਦਿਖਾਇਆ L ਟਾਈਪ ਪਲਾਟ ਹੁਣ ਆਈਤ ਅਕਾਰ ਦਾ ਰਹਿ ਗਿਆ ਹੈ। ਕਲੋਨਾਈਜ਼ਰ ਨੇ L ਦਾ ਅਕਾਰ ਦੇਣ ਲਈ ਛੱਡਿਆ ਹਿੱਸਾ ਹੁਣ ਅਣਅਧਿਕਾਰਿਤ ਤੌਰ ਤੇ ਕਲੋਨੀ ਨਾਲ ਬਾਅਦ ਵਿੱਚ ਜੋੜੇ ਜਮੀਨ ਦੇ ਟੁਕੜੇ ਨੂੰ ਜਾਣ ਲਈ ਸੜ੍ਹਕ ਤਿਆਰ ਕਰਨ ਦੀ ਨੀਂਹ ਰੱਖ ਦਿੱਤੀ ਹੈ, ਜਦੋਂ ਕਿ ਪਾਲਟ ਦੇ ਬਿਲਕੁਲ ਨਾਲ ਪਾਰਕ ਦੀ ਥਾਂ ਤੇ ਪਲਾਟ ਦੀ ਤਰਾਂ ਇੱਕ ਹਿੱਸੇ ਦੀ ਨੀਂਹ ਭਰਨੀ ਸ਼ੁਰੂ ਕਰ ਦਿੱਤੀ ਹੈ। ਕਲੋਨਾਈਜ਼ਰ ਦੇ ਯਤਨਾਂ ਤੋਂ ਸਾਫ ਹੋ ਰਿਹਾ ਹੈ ਕਿ ਕਲੋਨਾਈਜ਼ਰ ਪਾਰਕ ਲਈ ਰਾਖਣਾ ਕਾਫੀ ਹਿੱਸਾ ਪਾਰਕ ਤੋਂ ਵੱਖ ਕਰ ਰਿਹਾ ਹੈ। ਜਦੋਂਕਿ ਕਲੋਨਾਈਜ਼ਰ ਦਾ ਲੋਕਾਂ ਨੂੰ ਦਿਖਾਇਆ ਗਿਆ ਨਕਸ਼ਾ L ਟਾਈਪ ਪਾਰਕ ਦੀ ਗਵਾਹੀ ਭਰ ਰਿਹਾ ਹੈ। ਕਲੋਨਾਈਜਰ ਦੀਆਂ ਬੇਨਿਯਮੀਆਂ ਸਬੰਧੀ ਕੌਂਸਲ ਦੇ ਐਮ.ਈ. ਚਰਨਪਾਲ ਸਿੰਘ ਨੇ ਕਿਹਾ ਕਿ ਉਨਾਂ ਹਾਲੇ ਕੁੱਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ, ਕਲੋਨੀ ਸਬੰਧੀ ਕੌਂਸਲ ਕੋਲ ਜਮ੍ਹਾ ਰਿਕਾਰਡ ਦੀ ਪੜਤਾਲ ਤੋਂ ਬਾਅਦ ਉਹ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।