ਕੱਲ੍ਹ ਪਟਿਆਲਾ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ‘ਤੇ ਲਾਠੀਚਾਰਜ ਤੇ ਖਿਚ-ਧੂਹ ਕਰਨ ਦੀ ਨਿਖੇਧੀ; ਸਰਕਾਰ ਤੁਰੰਤ ਮੰਗਾਂ ਮੰਨੇ: ਕਿਸਾਨ ਆਗੂ
ਕੱਲ੍ਹ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਉਣ ਦੀ ਤਿਆਰੀ ਮੁਕੰਮਲ; ਹੁੰਮ ਹੁਮਾ ਕੇ ਧਰਨਿਆਂ ‘ਚ ਪਹੁੰਚਣ ਦੀ ਅਪੀਲ।
ਪਰਦੀਪ ਕਸਬਾ , ਬਰਨਾਲਾ: 30 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 303ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਜੰਤਰ ਮੰਤਰ ‘ਤੇ ਹੋਣ ਵਾਲੀ ਕਿਸਾਨ ਸੰਸਦ ਵਿੱਚ ਬਿਜਲੀ ਸੋਧ ਬਿੱਲ ਬਾਰੇ ਬਹਿਸ ਕੀਤੀ ਜਾਣੀ ਹੈ।ਬਰਨਾਲਾ ਦੇ ਧਰਨੇ ਵਿੱਚ ਵੀ,ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2020 ਨੂੰ ਸੰਸਦ ਦੇ ਮੌਜੂਦਾ ਸ਼ੈਸਨ ਦੌਰਾਨ ਪਾਸ ਕਰਵਾਏ ਜਾਣ ਸੰਬੰਧੀ ਖਬਰਾਂ ਦਾ ਗੰਭੀਰ ਨੋਟਿਸ ਲਿਆ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨਾਲ ਹੋਈ 11 ਗੇੜ ਦੀ।ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ ਤੇ ਪਰਾਲੀ ਸਾੜਨ ਸਬੰਧੀ ਬਿੱਲ ਨੂੰ ਵਾਪਸ ਲੈ ਲਿਆ ਜਾਵੇਗਾ। ਬਿਜਲੀ ਸੋਧ ਬਿੱਲ 2020 ਸੂਬਿਆਂ ਦੇ ਅਧਿਕਾਰਾਂ ‘ਤੇ ਨੰਗਾ ਚਿੱਟਾ ਹਮਲਾ ਹੈ। ਸਹਿਯੋਗੀ ਸੰਘਵਾਦ ਦੀਆਂ ਗੱਲਾਂ ਕਰਨ ਵਾਲੀ ਸਰਕਾਰ, ਇੱਕ ਇੱਕ ਕਰਕੇ ਸੂਬਿਆਂ ਦੇ ਸਾਰੇ ਅਧਿਕਾਰ ਆਪਣੇ ਹੱਥੀਂ ਵਿੱਚ ਲੈ ਰਹੀ ਹੈ। ਖੇਤੀ ਕਾਨੂੰਨਾਂ ਵਾਂਗ ਬਿਜਲੀ ਸੋਧ ਬਿੱਲ ਵੀ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕਵਾਇਦ ਹੈ। ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਕੇ ‘ਥੁੱਕ ਕੇ ਚੱਟਣ’ ਵਾਲੇ ਮੁਹਾਵਰੇ ਨੂੰ ਸਾਕਾਰ ਕਰ ਰਹੀ ਹੈ।
ਧਰਨੇ ਨੂੰ ਪਵਿੱਤਰ ਸਿੰਘ ਲਾਲੀ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਹੌਰ, ਗੁਰਮੇਲ ਸ਼ਰਮਾ,ਨੇਕਦਰਸ਼ਨ ਸਿੰਘ, ਬਲਵੰਤ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਪਰਮਜੀਤ ਕੌਰ ਠੀਕਰੀਵਾਲਾ, ਪ੍ਰਮਿੰਦਰ ਹੰਢਿਆਇਆ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੱਲ੍ਹ ਪੰਜਾਬ ਪੁਲਿਸ ਵੱਲੋਂ ਪਟਿਆਲਾ ‘ਚ ਮੁਲਾਜਮਾਂ ਤੇ ਪੈਨਸ਼ਨਰਾਂ ਉਪਰ ਲਾਠੀਚਾਰਜ ਕਾਰਨ ਅਤੇ ਖਿੱਚ ਧੂਹ ਕਰਕੇ ਬੇਇੱਜਤ ਕਰਨ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰਾਂ ਨੇ ਮੁਲਾਜਮਾਂ ਤੇ ਪੈਨਸ਼ਨਰਾਂ ਸਮੇਤ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਮੰਗਾਂ ਪ੍ਰਤੀ ਘੇਸਲ ਵੱਟ ਰੱਖੀ ਹੈ ਅਤੇ ਉਨ੍ਹਾਂ ਦੇ ਰੋਸ ਪ੍ਰਦਰਸ਼ਨਾਂ ਉਪਰ ਬੇਤਹਾਸ਼ਾ ਲਾਠੀਚਾਰਜ ਕੀਤਾ ਜਾਂਦਾ ਹੈ। ਸਰਕਾਰ ਦੀ ਇਸ ਵਹਿਸ਼ੀ ਕਾਰਵਾਈ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਜਾਣ । ਅੱਜ ਨਰਿੰਦਰਪਾਲ ਸਿੰਗਲਾ ਤੇ ਕਰਨੈਲ ਕੌਰ ਖੁੱਡੀ ਕਲਾਂ ਨੇ ਕਵਿਤਾਵਾਂ ਤੇ ਗੀਤ ਸੁਣਾਏ।