ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ ਨੇ 29 ਜੁਲਾਈ ਦੀ ‘ਹੱਲਾ ਬੋਲ’ ਰੈਲੀ ਦੀ ਤਿਆਰੀ ਸਬੰਧੀ ਕੀਤੀ ਬੈਠਕ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 26 ਜੁਲਾਈ 2021
ਪੰਜਾਬ ਅਤੇ ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ ਸਾਝਾਂ ਫਰੰਟ ਪੰਜਾਬ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ‘ਹੱਲਾ ਬੋਲ’ ਰੈਲੀ ਵਿੱਚ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਵੱਲੋਂ ਜਿਲ੍ਹਾ ਸੰਗਰੂਰ ਦੇ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜਮ ਭਾਗ ਲੈਣਗੇ। ਇਸ ਰੈਲੀ ਦੀ ਤਿਆਰੀ ਸੰਬੰਧੀ ਸਥਾਨਕ ਗ਼ਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਮੀਟਿੰਗ ਉਪਰੰਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਜੀਤ ਸਿੰਘ ਬਾਲੀਆਂ, ਰਘਵੀਰ ਸਿੰਘ ਭਵਾਨੀਗੜ੍ਹ, ਸ਼ੁਸ਼ਮਾ ਅਰੋੜਾ ਨੇ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਵਲੋਂ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਸਮੇਂ ਮੁਲਾਜ਼ਮਾਂ ਨਾਲ ਕੀਤੇ ਧੋਖੇ, ਵੱਖ ਵੱਖ ਵਿਭਾਗਾਂ ਵਿਚ ਠੇਕੇ ਮਾਣਭੱਤੇ ਪਾਰਟ ਟਾਈਮ ਮਸਟਰੋਲ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਟਾਲਮਟੋਲ ਕਰਨ ਵਿਰੁੱਧ ਅਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਮੰਗਾਂ ਦੀ ਪੂਰਤੀ ਲਈ ਕੀਤੀ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਲੱਖਾਂ ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ ਦੂਜੇ ਪਾਸੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਾ ਭੁਗਤਾਨ ਨਾ ਕਰਕੇ ਉਨ੍ਹਾਂ ਦੀਆਂ ਉਜਰਤਾਂ ਨੂੰ ਖੋਰਾ ਲਗਾ ਰਹੀ ਹੈ। ਪੰਜਾਬ ਦੇ ਮਾਲ ਖਜ਼ਾਨਿਆਂ ਨੂੰ ਟਰਾਂਸਪੋਰਟ, ਰੇਤ, ਸ਼ਰਾਬ, ਵਰਗੇ ਮਾਫੀਆਂ ਅੱਗੇ ਪਰੋਸ ਕੇ ਪੰਜਾਬ ਨੂੰ ਕਰਜ਼ੇ ਵਿੱਚ ਫਸਾ ਦਿੱਤਾ ਹੈ ਪਰ ਸੱਤਾ ਤੇ ਕਾਬਜ ਲੋਕਾਂ ਅਤੇ ਅਫਸਰਸ਼ਾਹੀ ਮਾਲਾਮਾਲ ਹੋ ਗਈ ਹੈ।
ਸਰਕਾਰੀ ਵਿਭਾਗਾਂ ਵਿਚ ਪਈਆਂ ਖਾਲੀ ਆਸਾਮੀਆਂ ਉਪਰ ਨਵੀਂ ਭਰਤੀ ਨਾ ਹੋਣ ਕਾਰਨ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੀ ਥਾਂ ਲਾਠੀਆਂ, ਕੇਸਾਂ ਅਤੇ ਜੇਲ੍ਹਾਂ ਨਾਲ ਨਿਵਾਜਿਆ ਜਾ ਰਿਹਾ ਹੈ। ਜਿਸ ਕਾਰਨ ਮੁਲਾਜ਼ਮਾਂ ਨੇ ਸਾਝੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਮੁਲਾਜ਼ਮ ਆਗੂ ਸਵਰਨਜੀਤ ਸਿੰਘ, ਨਿਰਭੈ ਸਿੰਘ ਖਾਈ, ਗੁਰਚਰਨ ਸਿੰਘ ਅਕੋਈ, ਮੇਘ ਰਾਜ, ਬਬਨ ਪਾਲ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਬਨਭੌਰਾ ਆਦਿ ਹਾਜ਼ਰ ਸਨ।