ਸੰਯਕੁਤ ਕਿਸਾਨ ਮੋਰਚਾ: ਧਰਨੇ ਦਾ 299ਵਾਂ ਦਿਨ
ਚਮਕੌਰ ਸਾਹਿਬ ਦੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਨਿਖੇਧੀ ਕੀਤੀ; ਕੇਸ ਰੱਦ ਕਰਨ ਦੀ ਕੀਤੀ ਮੰਗ ।
ਪਰਦੀਪ ਕਸਬਾ , ਬਰਨਾਲਾ: 26 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 299ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ਅੱਠ ਮਹੀਨੇ ਪੂਰੇ ਹੋ ਚੁੱਕੇ ਹਨ। ਜਿੱਥੇ ਅੱਜ ਜੰਤਰ ਮੰਤਰ ‘ਤੇ ਲੱਗਣ ਵਾਲੀ ਕਿਸਾਨ ਸੰਸਦ ਦੀ ਕਮਾਨ ਔਰਤਾਂ ਦੇ ਹੱਥ ਦਿੱਤੀ ਗਈ
ਉਥੇ ਬਰਨਾਲਾ ਵਾਲੇ ਧਰਨੇ ਦੀ ਸਮੁੱਚੀ ਕਾਰਵਾਈ ਔਰਤਾਂ ਨੇ ਚਲਾਈ। ਅੱਜ ਸਟੇਜ ਤੋਂ ਸਿਰਫ ਔਰਤਾਂ ਨੇ ਹੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਹੀ ਬਾਕੀ ਸਬੰਧਤ ਕਾਰਜ ਨਿਭਾਏ। ਕਿਸਾਨ ਬੀਬੀਆਂ ਨੇ ਜਿਸ ਸਪੱਸ਼ਟਤਾ, ਬੇਬਾਕੀ ਤੇ ਬਾਰੀਕੀ ਨਾਲ ਖੇਤੀ ਕਾਨੂੰਨਾਂ ਦੇ ਪਰਖੜੇ ਉਧੇੜੇ, ਉਸ ਤੋਂ ਉਨ੍ਹਾਂ ਦੀ ਸਿਆਸੀ ਚੇਤਨਤਾ ਦੀ ਸਾਫ ਝਲਕ ਨਜ਼ਰੀਂ ਪਈ।
ਅੱਜ ਧਰਨੇ ਨੂੰ ਅਮਰਜੀਤ ਕੌਰ, ਚਰਨਜੀਤ ਕੌਰ, ਪ੍ਰੇਮਪਾਲ ਕੌਰ, ਗੁਰਮੀਤ ਕੌਰ ਨੱਤ, ਗੁਰਪ੍ਰੀਤ ਕੌਰ ਸਹਿਜੜਾ, ਸੁਰਜੀਤ ਕੌਰ, ਧਰਮਪਾਲ ਕੌਰ, ਜਸਲੀਨ ਕੌਰ, ਗਗਨਦੀਪ ਕੌਰ, ਜਸਪਾਲ ਕੌਰ ਕਰਮਗੜ੍ਹ,ਰਮਨਦੀਪ ਕੌਰ ਖੁੱਡੀ ਕਲਾਂ, ਜਸਵੰਤ ਕੌਰ, ਬਲਵਿੰਦਰ ਕੌਰ, ਗਮਦੂਰ ਕੌਰ ਕੁਲਰੀਆਂ,ਪਰਮਜੀਤ ਕੌਰ ਠੀਕਰੀਵਾਲਾ ਨੇ ਸੰਬੋਧਨ ਕੀਤਾ। ਔਰਤ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਖੇਤੀ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਕਿਸਾਨਾਂ ਵੱਲੋਂ ਜੰਤਰ ਮੰਤਰ ‘ਤੇ ਚਲਾਈ ਜਾ ਰਹੀ ‘ਕਿਸਾਨ ਸੰਸਦ’ ਬੇਤੁਕੀ ਕਾਰਵਾਈ ਹੈ। ਅਸਲ ਵਿੱਚ ਬੇਤੁਕਾ ਤਾਂ ਤੋਮਰ ਦਾ ਬਿਆਨ ਹੈ। ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਕਿਸਾਨ ਸੰਸਦ ‘ ਤੇ ਟਿਕੀ ਹੋਈ ਹੈ ਅਤੇ ਉਹ ਭਾਰਤ ਦੇ ਕਿਸਾਨਾਂ ਦੀ ਅੰਦੋਲਨ ਚਲਾਉਣ ਦੀ ਅਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਸੂਝ ਬੂਝ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਅੱਜ ਧਰਨੇ ਵਿੱਚ ਚਮਕੌਰ ਸਾਹਿਬ ਦੀ ਪੁਲਿਸ ਵੱਲੋਂ ਕਿਸਾਨਾਂ ਵਿਰੁੱਧ ਕੇਸ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ।ਚੇਤੇ ਕਰਾਇਆ ਜਾਂਦਾ ਹੈ ਕਿ ਦੋ ਦਿਨ ਕਾਂਗਰਸ ਦੇ ਪ੍ਰਧਾਨ ਦੀ ਫੇਰੀ ਮੌਕੇ ਕਿਸਾਨਾਂ ਨੇ ਉਸ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਸੀ ਕਿਉਂਕਿ ਉਸ ਨੇ ਤਾਜਪੋਸ਼ੀ ਮੌਕੇ ਕਿਸਾਨਾਂ ਨੂੰ ਪਿਆਸੇ ਤੇ ਖੁਦ ਨੂੰ ਖੂਹ ਕਹਿਣ ਦਾ ਹੰਕਾਰ ਦਰਸਾਇਆ ਹੈ। ਧਰਨਾਕਾਰੀਆਂ ਨੇ ਤੁਰੰਤ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ। ਅੱਜ ਪ੍ਰੀਤ ਕੌਰ ਧੂਰੀ ਨੇ ਆਪਣੇ ਜੋਸ਼ੀਲੇ ਗੀਤਾਂ ਨਾਲ ਪੰਡਾਲ ਵਿੱਚ ਜੋਸ਼ ਭਰਿਆ।