ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਮੱਖਣ ਸ਼ਰਮਾ, ਜਤਿੰਦਰ ਜਿੰਮੀ ਅਤੇ ਬਲਦੇਵ ਭੁੱਚਰ ਨੇ ਕੀਤਾ ਮੀਟਿੰਗ ‘ਚ ਮੁੱਦਾ ਚੁੱਕਣ ਦਾ ਐਲਾਨ
ਹਰਿੰਦਰ ਨਿੱਕਾ , ਬਰਨਾਲਾ 25 ਜੁਲਾਈ 2021
ਬਰਨਾਲਾ-ਨਾਈਵਾਲਾ ਰੋਡ ਤੇ ਬਣੇ ਫਰੈਂਡਜ ਉਪਨ ਪਲੰਥ ਤੇ ਪਨਗਰੇਨ ਏਜੰਸੀ ਵੱਲੋਂ ਸੰਭਾਲੀ ਜਾ ਰਹੀ ਐਫ.ਸੀ.ਆਈ. ਦੀ ਕਰੋੜਾਂ ਰੁਪਏ ਮੁੱਲ ਦੀ ਕਣਕ ਖੁਰਦ-ਬੁਰਦ ਕਰਨ ਦਾ ਸਾਹਮਣੇ ਆਇਆ ਮਾਮਲੇ ਦੀ ਗੂੰਜ, ਭਲਕੇ ਬਾਅਦ ਦੁਪਹਿਰ 3 ਵਜੇ ਹੋਣ ਜਾ ਰਹੀ ਜਿਲਾ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਵੀ ਸੁਣਨ ਨੂੰ ਮਿਲੇਗੀ। ਇਹ ਮੀਟਿੰਗ ਸ਼ਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਹੋਵੇਗੀ। ਇਸ ਮੁੱਦੇ ਨੂੰ ਉਠਾਉਣ ਲਈ ਸ਼ਕਾਇਤ ਨਿਵਾਰਣ ਕਮੇਟੀ ਦੇ ਤਿੰਨ ਮੈਂਬਰਾਂ ਮੱਖਣ ਸ਼ਰਮਾ, ਅਕਾਲੀ ਆਗੂ ਜਤਿੰਦਰ ਜਿੰਮੀ ਅਤੇ ਬਲਦੇਵ ਸਿੰਘ ਭੁੱਚਰ ਨੇ ਐਲਾਨ ਕਰ ਦਿੱਤਾ ਹੈ। ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਤਿੰਨੋਂ ਆਗੂਆਂ ਨੇ ਬਰਨਾਲਾ ਟੂਡੇ ਵੱਲੋ ਜ਼ੋਰਦਾਰ ਢੰਗ ਨਾਲ ਉਭਾਰੇ ਜਾ ਰਹੇ ਕਣਕ ਘੁਟਾਲੇ ਦੀ ਕਵਰੇਜ ਕਰਨ ਦੀ ਸਰਾਹਣਾ ਕਰਦਿਆਂ ਕਿਹਾ ਕਿ ਅਸੀਂ ਵੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਲੋਕ ਹਿੱਤ ਦੇ ਮੁੱਦੇ ਤੇ ਇੱਕਮੱਤ ਹਾਂ। ਜਿੰਮੀ ਨੇ ਕਿਹਾ ਕਿ ਬੇਸ਼ੱਕ ਇਹ ਏਜੰਡੇ ਦੀ ਆਈਟਮ ਨਹੀਂ ਹੈ, ਫਿਰ ਵੀ ਅਸੀਂ ਇਹ ਵੱਡੇ ਘੁਟਾਲੇ ਜਿਹੇ ਗੰਭੀਰ ਮਾਮਲੇ ਨੂੰ ਚੇਅਰਮੈਨ ਸਾਬ੍ਹ ਦੀ ਮੰਜੂਰੀ ਨਾਲ ਹਾਊਸ ਦੀ ਮੀਟਿੰਗ ਵਿੱਚ ਰੱਖਾਂਗੇ। ਉਨਾਂ ਕਿਹਾ ਕਿ ਇੱਕ ਪਾਸੇ ਦੇਸ਼ ਦੇ ਲੋਕ ਅਨਾਜ਼ ਦੀ ਥੁੜ ਨਾਲ ਮਰ ਰਹੇ ਹਨ, ਦੂਜੇ ਪਾਸੇ ਅਨਾਜ ਦੀ ਸੰਭਾਲ ਕਰਨ ਵਾਲੀਆਂ ਏਜੰਸੀਆਂ ਦੇ ਕੁੱਝ ਅਧਿਕਾਰੀ ਤੇ ਕਰਮਚਾਰੀ ਗੰਢਤੁੱਪ ਕਰਕੇ, ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਾ ਕੇ ਆਪਣੀਆਂ ਜੇਬਾਂ ਭਰਨ ਤੇ ਲੱਗੇ ਹੋਏ ਹਨ। ਮੈਂਬਰ ਬਲਦੇਵ ਸਿੰਘ ਭੁੱਚਰ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਕਣਕ ਸੰਭਾਲਣ ਵਾਲਿਆਂ ਵੱਲੋਂ ਹੀ ਖੁਰਦ ਬੁਰਦ ਕਰ ਦੇਣਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਜਿਸ ਨੂੰ ਬਰਦਾਸ਼ਤ ਹੀ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਅਸੀਂ ਚੇਅਰਮੈਨ ਸਾਬ੍ਹ ਤੋਂ ਮੰਗ ਕਰਾਂਗੇ ਕਿ ਇਹ ਬਹੁਕਰੋੜੀ ਕਣਕ ਘੁਟਾਲੇ ਦੀ ਉੱਚ ਪੱਧਰੀ ਜਾਂਚ ਖਰੀਦ ਏਜੰਸੀਆਂ ਦੀ ਬਜਾਏ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਕਰਵਾਈ ਜਾਵੇ।
-ਕੀ ਹੈ ਮੁੱਦਾ
ਫਰੈਂਡਜ ਉਪਨ ਪਲੰਥ ਬਰਨਾਲਾ ਵਿਖੇ ਐਫਸੀਆਈ ਦੀ ਕਣਕ ਪਨਗਰੇਨ ਏਜੰਸੀ ਨੂੰ ਸੰਭਾਲ ਲਈ ਦਿੱਤੀ ਗਈ ਹੈ। ਤਿੰਨ ਦਿਨ ਪਹਿਲਾਂ ਲੁਧਿਆਣਾ ਦੀ ਕ੍ਰਿਸ਼ਨਾ ਟ੍ਰੇਡਿੰਗ ਕੰਪਨੀ ਨੂੰ 4 ਮੀਟ੍ਰਿਕ ਟਨ ਕਣਕ ਲਈ ਸੰਦੀਪ/ਬੀਡੀ ਉਪਨ ਪਲੰਥ ਤੋਂ ਕਣਕ ਚੁੱਕਣ ਲਈ ਆਰ.ਉ. ਕੱਟਿਆ ਗਿਆ ਸੀ ਅਤੇ ਬਕਾਇਦਾ ਗੇਟ ਪਾਸ ਵੀ ਜਾਰੀ ਕੀਤੇ ਗਏ ਸਨ। ਪਰੰਤੂ ਕਣਕ ਫਰੈਂਡਰ ਉਪਨ ਪਲੰਥ ਤੋਂ ਚੁੱਕਣ ਲਈ 7 ਟਰੱਕ ਵਿਭਾਗ ਦੇ ਅਧਿਕਾਰੀਆਂ ਨੇ ਮਿਲੀਭੁਗਤ ਨਾਲ ਭੇਜ ਦਿੱਤੇ ਗਏ। ਇਸ ਦੀ ਭਿਣਕ ਪੈਂਦਿਆਂ ਹੀ ਮੀਡੀਆ ਕਰਮਚਾਰੀ ਅਤੇ ਕਣਕ ਘੁਟਾਲੇ ਦੀ ਸ਼ਕਾਇਤ ਕਰਨ ਵਾਲਾ ਰਜਿੰਦਰ ਕੁਮਾਰ ਗੁਪਤਾ ਵੀ ਆਪਣੇ ਹੋਰ ਸਾਥੀਆਂ ਸਣੇ ਪਹੁੰਚ ਗਿਆ। ਉਦੋਂ 7 ਟਰੱਕ ਕਣਕ ਦੇ ਭਰੇ ਖੜ੍ਹੇ ਮਿਲੇ, ਜਿੰਨਾਂ ਦਾ ਗੇਟ ਪਾਸ ਉੱਥੋਂ ਦਾ ਨਹੀਂ ਸੀ, ਜਿਸ ਨੂੰ ਰੌਲਾ ਪੈ ਜਾਣ ਤੋਂ ਬਾਅਦ ਕਟਿੰਗ ਕਰਕੇ ਬਦਲ ਦਿੱਤਾ ਗਿਆ। ਜਦੋਂਕਿ ਆਰ.ਉ. ਪੁਰਾਣਾ ਹੀ ਰਿਹਾ। ਤਕਰਾਰਬਾਜੀ ਦੇ ਦੌਰਾਨ ਹੀ 4 ਟਰੱਕ ਉੱਥੋਂ ਬਿਨਾਂ ਜਾਂਚ ਦੇ ਹੀ ਰਵਾਨਾ ਕਰ ਦਿੱਤੇ ਗਏ। ਜਦੋਂਕਿ ਤਿੰਨ ਟਰੱਕ ਜਾਂਚ ਦੀ ਗੱਲ ਕਹਿਕੇ ਉੱਥੇ ਖੜੇ ਰਹਿਣ ਦਿੱਤੇ, ਜਿਹੜੇ ਉਸ ਤੋਂ ਦੂਜੇ ਦਿਨ ਜਾਂਚ ਲਈ ਪਹੁੰਚੀ ਟੀਮ ਦੇ ਅਧਿਕਾਰੀਆਂ ਨੇ ਇਸ਼ਾਰਾ ਕਰਕੇ ਤੋਰ ਦਿੱਤੇ।
-ਟਰੱਕਾਂ ‘ਚ ਭਰੇ ਲਾਲ ਦੀ ਥਾਂ ਤੇ ਨੀਲੇ ਧਾਗੇ ਨਾਲ ਸੀਤੀ ਕਣਕ ਦੇ ਥੈਲੇ!
ਮੀਡੀਆ ਕੋਲ ਮੌਜੂਦ ਵੀਡੀਉ ਅਤੇ ਫੋਟੋਆਂ ਵਿੱਚ ਸਾਫ ਪਤਾ ਲਗ ਰਿਹਾ ਹੈ ਕਿ ਜਿਹੜੀ ਕਣਕ ਦੇ ਥੈਲੇ ਟਰੱਕਾਂ ਵਿੱਚ ਫਰੈਂਡਜ ਗੋਦਾਮ ਤੋਂ ਭਰੇ ਗਏ, ਉਨਾਂ ਥੈਲਿਆਂ ਤੇ ਨੀਲੇ ਰੰਗ ਦਾ ਧਾਗਾ ਲੱਗਿਆ ਹੋਇਆ ਸੀ, ਜਦੋਂ ਕਿ 2019/ 2020 ਦੀ ਕਣਕ ਨੂੰ ਲਾਲ ਰੰਗ ਦਾ ਧਾਗਾ ਲੱਗਿਆ ਹੋਇਆ ਹੈ। ਵਰਨਣਯੋਗ ਹੈ ਕਿ ਆਰ.ਉ ਅਨੁਸਾਰ ਕ੍ਰਿਸ਼ਨਾ ਟ੍ਰੇਡਿੰਗ ਨੂੰ 2019/2020 ਦੀ ਕਣਕ ਦਿੱਤੀ ਜਾਣੀ ਸੀ,ਜਦੋਂ ਕਿ ਨੀਲੇ ਰੰਗ ਦਾ ਧਾਗਾ, 2020/2020 ਦੀ ਸੰਭਾਲੀ ਕਣਕ ਨੂੰ ਲਾਇਆ ਹੋਇਆ ਹੈ। ਐਫਸੀਆਈ ਵਿਭਾਗ ਦੇ ਸੂਤਰਾਂ ਅਨੁਸਾਰ ਚਾਲੂ ਵਰ੍ਹੇ ਦੀ ਕਣਕ ਹਾਲੇ ਵੇਚੀ ਨਹੀਂ ਜਾ ਰਹੀ। ਹੁਣ ਸਿਰਫ 2019/2020 ਵਰ੍ਹੇ ਵਿੱਚ ਖਰੀਦੀ ਕਣਕ ਹੀ ਵੇਚਣ ਦੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਰ.ਉ ਪ੍ਰਤੀ ਟਰੱਕ 500 ਥੈਲੇ ਦਾ ਸੀ, ਜਦੋਂਕਿ ਟਰੱਕਾਂ ਵਿੱਚ 600/600 ਥੈਲਾ ਭਰਿਆ ਗਿਆ ਸੀ। ਹਿਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਿਹੜੀ ਕਣਕ ਫਰੈਂਡਰ ਪਲੰਥ ਤੋਂ ਕਥਿਤ ਗੈਰਕਾਨੂੰਨੀ ਢੰਗ ਨਾਲ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਚੁਕਵਾਈ ਗਈ, ੳਹਨਾਂ ਥੈਲਿਆਂ ਵਿੱਚ 50 ਕਿੱਲੋ ਦੀ ਬਜਾਏ 35/40 ਕਿੱਲੋ ਦੀ ਭਰਤੀ ਸੀ। ਇਸ ਤਰਾਂ ਜਿੰਨੀਆਂ ਪਰਤਾ ਉੱਧੇੜੀਆਂ ਜਾ ਰਹੀਆਂ ਹਨ। ੳਨ੍ਹੀਆਂ ਹੀ ਬੇਨਿਯਮੀਆਂ ਨਿੱਕਲ ਕੇ ਬਾਹਰ ਆ ਰਹੀਆਂ ਹਨ।