ਕਣਕ ਕਿਤੋਂ ਦੀ ਤੇ ਗੇਟ ਪਾਸ ਕਿਸੇ ਹੋਰ ਦਾ,,,
ਮਾਲਦਾਰ ਤੇ ਪ੍ਰਭਾਵਸ਼ਾਲੀ ਇੰਸਪੈਕਟਰ ਦੀ ਸ਼ਾਸ਼ਨ-ਪ੍ਰਸ਼ਾਸ਼ਨ ‘ਚ ਬੋਲਦੀ ਤੂਤੀ
ਸ਼ਕਾਇਤਕਰਤਾ ਬੋਲਿਆ-ਅਫਸਰਾਂ ਨੂੰ ਦਿੱਤੀ ਸੂਚਨਾ, ਕਿਸੇ ਨੇ ਮੇਰੀ ਗੱਲ ਨਹੀਂ ਸੁਣੀ
ਹਰਿੰਦਰ ਨਿੱਕਾ , ਬਰਨਾਲਾ 24 ਜੁਲਾਈ 2021
ਜੇ ਵਾੜ ਹੀ ਖੇਤ ਨੂੰ ਖਾਏ, ਫਿਰ ਖੇਤ ਨੂੰ ਕੌਣ ਬਚਾਏ ਦੀ ਕਹਾਵਤ ਬਰਨਾਲਾ- ਨਾਈਵਾਲਾ ਰੋਡ ਤੇ ਪੈਂਦੇ ਫਰੈਂਡਜ ਉਪਨ ਪਲੰਥ ਤੋਂ ਕਥਿਤ ਤੌਰ ਤੇ ਕਰੀਬ 4 ਕਰੋੜ ਰੁਪਏ ਦੀ ਕਣਕ ਖੁਰਦ ਬੁਰਦ ਹੋ ਜਾਣ ਤੇ ਪੂਰੀ ਢੁੱਕਦੀ ਹੈ। ਕਰੋੜਾਂ ਰੁਪਏ ਦੇ ਕਣਕ ਘੁਟਾਲੇ ਦੀਆਂ ਸ਼ਕਾਇਤਾਂ ਕਰਨ ਦੇ ਬਾਵਜੂਦ ਵੀ ਅਨਾਜ਼ ਖੁਰਦ ਬੁਰਦ ਕਰਨ ਦਾ ਸਿਲਿਸਲਾ ਰੁਕਣ ਦੀ ਬਜਾਏ ਹਰ ਦਿਨ ਸਾਰਸ ਦੀ ਪੂੰਛ ਵਾਂਗ ਵੱਧਦਾ ਹੀ ਜਾ ਰਿਹਾ ਹੈ। ਕਰੋੜਾਂ ਰੁਪਏ ਦੀ ਕਣਕ ਖੁਰਦ ਬੁਰਦ ਕਰਨ ਵਾਲੇ ਇੱਕ ਮਾਲਦਾਰ ਤੇ ਪ੍ਰਭਾਵਸ਼ਾਲੀ ਇੰਸਪੈਕਟਰ ਦੀ ਪ੍ਰਸ਼ਾਸ਼ਨ ਤੇ ਸਰਕਾਰੇ ਦਰਬਾਰੇ ਬੋਲਦੀ ਤੂਤੀ ਕਾਰਣ, ਕੁੱਝ ਜਿੰਮੇਵਾਰ ਅਧਿਕਾਰੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਬਜਾਏ, ਸਿਰਫ ਗੋਲਮੋਲ ਰਿਪੋਰਟਾਂ ਕਰਕੇ ਘੋਟਾਲਾ ਕਰਨ ਵਾਲਿਆਂ ਦੀ ਪਿੱਠ ਥਾਪੜ ਕੇ ਆਪਣਾ ਆਪਣਾ ਹਿੱਸਾ ਲੈ ਕੇ ਅੱਗੇ ਤੁਰ ਜਾਂਦੇ ਹਨ। ਜਿਸ ਕਾਰਣ ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਇਸੇ ਹੀ ਪਲੰਥ ਤੇ ਲੰਘੀ ਕੱਲ੍ਹ ਵੀ ਕਿਸੇ ਹੋਰ ਪਲੰਥ ਲਈ ਜਾਰੀ ਗੇਟ ਪਾਸ ਨੂੰ ਬਦਲ ਕੇ 7 ਟਰੱਕ ਕਣਕ ਦੇ ਭਰੇ ਗਏ, ਪਰੰਤੂ ਇਸ ਸਬੰਧੀ ਰੌਲਾ ਪੈ ਜਾਣ ਤੇ 4 ਟਰੱਕ ਤਾਂ ਉੱਥੋਂ ਕਣਕ ਲੱਦ ਕੇ ਤੋਰ ਦਿੱਤੇ ਗਏ, ਜਦੋਂ ਕਿ 3 ਕਣਕ ਦੇ ਭਰੇ ਹੋਏ ਟਰੱਕ ਕੱਲ੍ਹ ਸ਼ਾਮ ਤੱਕ ਫਰੈਂਡਜ ਉਪਨ ਪਲੰਥ ਅੰਦਰ ਹੀ ਖੜ੍ਹੇ ਸਨ। ਜਦੋਂ ਮੀਡੀਆ ਵਾਲੇ , ਮੌਕੇ ਤੇ ਪਹੁੰਚੇ ਤਾਂ ਪਲੰਥ ਤੇ ਤਾਇਨਾਤ ਚੌਂਕੀਦਾਰ ਅਮਰਜੀਤ ਵੀ ਉੱਥੋਂ ਖਿਸਕ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਵੀ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਥਿਤ ਤੌਰ ਤੇ ਗੈਰਕਾਨੂੰਨੀ ਢੰਗ ਨਾਲ ਪਲੰਥ ਤੋਂ ਲੱਖਾਂ ਰੁਪਏ ਮੁੱਲ ਦੀ ਕਣਕ ਚੁਕਵਾਈ ਗਈ ਹੈ। ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਪ੍ਰੀਤਮਹਿੰਦਰ ਸਿੰਘ ਨੇ ਪੁੱਛਣ ਤੇ ਮੰਨਿਆ ਕਿ 400 ਮੀਟ੍ਰਿਕ ਟਨ ਕਣਕ ਦਾ ਆਰਉ ਲੁਧਿਆਣਾ ਦੀ ਕ੍ਰਿਸ਼ਨਾ ਟ੍ਰੇਡਰਜ ਫਰਮ ਦੇ ਨਾਮ ਤੇ ਸੀ। ਜਿੰਨਾਂ ਨੂੰ ਸੰਦੀਪ ਪਲੰਥ ਤੋਂ ਮਾਲ ਚੁਕਵਾਇਆ ਜਾਣਾ ਸੀ। ਪਰੰਤੂ ਉੱਥੇ ਪਹਿਲਾਂ ਸਪੈਸ਼ਲ ਲੱਗਣ ਕਾਰਣ ਘਟੇ ਮਾਲ ਕਾਰਣ, ਗੇਟ ਪਾਸ ਬਦਲ ਕੇ ਫਰੈਂਡਰ ਪਲੰਥ ਤੋਂ ਬਕਾਇਆ ਰਹਿੰਦਾ ਮਾਲ ਚੁੱਕਵਾਇਆ ਗਿਆ ਹੈ। ਐਫਸੀਆਈ ਦੇ ਆਲ੍ਹਾ ਮਿਆਰੀ ਸੂਤਰਾਂ ਦੀ ਮੰਨੀਏ ਤਾਂ ਕਿਸੇ ਵੀ ਜ਼ਾਰੀ ਹੋਏ ਆਰਉ ਲਈ ਜਾਰੀ ਗੇਟ ਪਾਸ ਬਦਲਣ ਦਾ ਅਧਿਕਾਰੀ ਆਲ੍ਹਾ ਅਧਿਕਾਰੀਆਂ ਦੀ ਮੰਜੂਰੀ ਤੋਂ ਬਿਨਾਂ ਸੰਭਵ ਨਹੀਂ ਹੁੰਦਾ।
ਕਿਸੇ ਨੇ ਮੇਰੀ ਗੱਲ ਨਹੀਂ ਸੁਣੀ,,,
ਨਾਈਵਾਲਾ ਰੋਡ ਤੇ ਪੈਂਦੇ ਅਤੇ ਵਿਵਾਦਾਂ ‘ਚ ਘਿਰੇ ਪਲੰਥ ਵਾਲੀ ਥਾਂ ਪਹੁੰਚੇ ਸ਼ਕਾਇਤਕਰਤਾ ਰਜਿੰਦਰ ਗੁਪਤਾ ਨੇ ਕਿਹਾ ਕਿ ਉਸ ਨੇ ਪਹਿਲਾਂ ਤੋਂ ਹੀ ਇਸ ਪਲੰਥ ਤੋਂ ਖੁਰਦ ਬੁਰਦ ਕੀਤੇ ਜਾ ਚੁੱਕੇ ਅਨਾਜ਼ ਦੀ ਸ਼ਕਾਇਤ ਵੱਖ ਵੱਖ ਅਧਿਕਾਰੀਆਂ ਨੂੰ ਕੀਤੀ ਹੋਈ ਹੈ। ਜਦੋਂ ਸਬੰਧਿਤ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਪਲੰਥ ਤੇ ਫਿਜੀਕਲ ਅਤੇ ਰਿਕਾਰਡ ਦੀ ਜਾਂਚ ਲਈ ਟੀਮ ਪਹੁੰਚ ਰਹੀ ਹੈ ਤਾਂ ਉਨਾਂ ਚੁੱਪ ਚਪੀਤੇ ਇਸ ਪਲੰਥ ਤੋਂ ਹਜਾਰਾਂ ਥੈਲੇ ਕਣਕ ਦੀਆਂ ਬੋਰੀਆਂ ਦੇ ਟਰੱਕਾਂ ਰਾਹੀਂ ਚੁੱਕਵਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਆਪਣੇ ਹੋਰ ਸਾਥੀਆਂ ਸਣੇ, ਪਲੰਥ ਤੇ ਪਹੁੰਚਿਆਂ ਤਾਂ ਟਰੱਕਾਂ ਕੋਲ ਹੋਰ ਪਲੰਥ ਦੇ ਗੇਟ ਪਾਸ ਸਨ, ਜਦੋਂ ਕਿ ਕਣਕ ਫਰੈਂਡਜ ਪਲੰਥ ਤੋਂ ਢੋਈ ਜਾ ਰਹੀ ਸੀ। ਉਨਾਂ ਕਿਹਾ ਕਿ ਮੈਂ ਤੁਰੰਤ ਹੀ ਜਿਲ੍ਹੇ ਦੇ ਫੂਡ ਸਪਲਾਈ ਵਿਭਾਗ/ ਸਿਵਲ ਪ੍ਰਸ਼ਾਸ਼ਨ ਦੇ ਆਲ੍ਹਾ ਅਧਿਕਾਰੀਆਂ ਅਤੇ ਪੁਲਿਸ ਦੇ ਕੰਟਰੋਲ ਰੂਮ/ਥਾਣਾ ਸਦਰ ਅਤੇ ਹੋਰ ਆਲ੍ਹਾ ਪੁਲਿਸ ਅਧਿਕਾਰੀਆਂ ਨੂੰ ਵੀ ਇਸ ਗੜਬੜ ਘੋਟਾਲੇ ਦੀ ਸੂਚਨਾ ਮੈਸਜ ਭੇਜ ਕੇ ਅਤੇ ਫੋਨ ਕਰਕੇ ਵੀ ਦਿੱਤੀ। ਪਰੰਤੂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਮੌਕੇ ਤੇ ਜਾਂਚ ਕਰਨ ਲਈ ਨਹੀਂ ਪਹੁੰਚਿਆ, ਬੱਸ ਪੀਸੀਆਰ ਦੇ ਸਿਰਫ 2 ਕਰਮਚਾਰੀ ਰਾਤ ਮੂੰਹ ਹਨ੍ਹੇਰੇ , ਉੱਥੇ ਖਾਨਾਪੂਰਤੀ ਕਰਨ ਲਈ, ਉਦੋਂ ਪਹੁੰਚੇ , ਜਦੋਂ ਉੱਥੋਂ ਮੇਲਾ ਬਿੱਝੜ ਚੁੱਕਿਆ ਸੀ। ਵਰਨਣਯੋਗ ਹੈ ਕਿ ਉਕਤ ਮਾਲਦਾਰ ਇੰਸਪੈਕਟਰ ਦਾ ਨਾਂ ਪਹਿਲਾਂ ਲਕਸ਼ਮੀ ਰਾਈਸ ਮਿੱਲ ਹੰਡਿਆਇਆ ਵਿੱਚੋਂ ਵਿਜੀਲੈਂਸ ਦੀ ਟੀਮ ਵੱਲੋਂ ਕੁੱਝ ਸਮਾਂ ਪਹਿਲਾਂ ਬਰਾਮਦ ਕੀਤੇ 5300 ਕਣਕ ਦੇ ਗੱਟਿਆਂ ਦੇ ਮਾਮਲੇ ਨਾਲ ਵੀ ਜੁੜਿਆ ਹੋਇਆ ਹੈ। ਇਸ ਘੋਟਾਲੇ ਦੀ ਤਹਿ ਤੱਕ ਜੁੜੇ ਵਿਅਕਤੀਆਂ ਦਾ ਕਹਿਣਾ ਹੈ ਕਿ ਇਸ ਘੁਟਾਲੇ ਦੀ ਅਹਿਮ ਕੜੀ ਇੱਕ ਦਰਜਾ ਚਾਰ ਕਰਮਚਾਰੀ ਹੈ, ਜਿਸ ਦੀ ਮਾਮੂਲੀ ਪੁੱਛਗਿੱਛ ਤੋਂ ਬਾਅਦ ਹੀ ਬਹੁਕਰੋੜੀ ਘੋਟਾਲੇ ਦੀ ਤੰਦਾਂ ਉੱਧੜਣ ਨੂੰ ਜਿਆਦਾ ਦੇਰ ਨਹੀਂ ਲੱਗੇਗੀ।
ਆਲ੍ਹਾ ਪੁਲਿਸ ਅਧਿਕਾਰੀ ਤੱਕ ਵੀ ਲੱਖਾਂ ਰੁਪਏ ਪਹੁੰਚਣ ਦੀ ਚਰਚਾ
ਮਲਾਈਦਾਰ ਮਹਿਕਮੇ ਦੇ ਮਾਲਦਾਰ ਇੰਸਪੈਕਟਰ ਦੇ ਖੇਮੇ ਨਾਲ ਜੁੜੇ ਕੁੱਝ ਸੂਤਰਾਂ ਅਨੁਸਾਰ ਕੱਲ੍ਹ ਜਦੋਂ ਮਾਮਲਾ ਚਰਚਾ ਵਿੱਚ ਆਇਆ ਤਾਂ ਕਿਸੇ ਸੰਭਾਵੀ ਪੁਲਿਸ ਕਾਰਵਾਈ ਨੂੰ ਰੋਕਣ ਲਈ ਇੱਕ ਭੁੱਕੀ ਵਾਲੇ ਨੇ ਵੀ ਮਾਮਲੇ ਨੂੰ ਰਫਾ ਦਫਾ ਕਰਨ ਲਈ ਸਿਰੀ ਕੱਢ ਲਈ । ਚਰਚਾ ਇਹ ਵੀ ਹੈ ਕਿ ਉਸ ਨੇ ਪੁਲਿਸ ਕਾਰਵਾਈ ਰੁਕਵਾਉਣ ਦੇ ਨਾਮ ਤੇ ਲੱਖਾਂ ਰੁਪਏ ਦਾ ਮੋਟਾ ਲੈਣ ਦੇਣ ਵੀ ਕਰ ਲਿਆ । ਜਦੋਂ ਕਿ ਜਿਸ ਪੁਲਿਸ ਅਧਿਕਾਰੀ ਦੇ ਨਾਂ ਤੇ ਰੁਪਏ ਲਏ ਗਏ ਦੱਸੇ ਜਾ ਰਹੇ ਹਨ , ਉਸ ਪੁਲਿਸ ਅਫਸਰ ਦੀ ਇਮਾਨਦਾਰੀ ਦੀ ਵੀ ਲੋਕ ਸੌਂਹ ਖਾਣ ਲਈ ਤਿਆਰ ਹਨ। ਪਰੰਤੂ ਲੋਕ ਇਸ ਗੱਲ ਤੋਂ ਹੈਰਾਨ ਜਰੂਰ ਹਨ ਕਿ ਪੈਸਾ ਕਿਸੇ ਕੋਲ ਪਹੁੰਚਿਆ ਜਾਂ ਨਹੀਂ, ਇਹ ਤਾਂ ਅਫਵਾਹ ਵੀ ਹੋ ਸਕਦੀ ਹੈ। ਪਰੰਤੂ ਆਖਿਰ ਕੋਈ ਵੀ ਅਧਿਕਾਰੀ ਮੌਕੇ ਤੇ ਕਾਰਵਾਈ ਕਰਨ ਲਈ ਕਿਉਂ ਨਹੀਂ ਪਹੁੰਚਿਆ, ਇਹ ਸਵਾਲ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ।