ਡਿਪਟੀ ਕਮਿਸ਼ਨਰ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ
ਹਰਪ੍ਹੀਤ ਕੌੌੌੌੌੌੌਰ ਬਬਲੀ, ਸੰਗਰੂਰ, 22 ਜੁਲਾਈ: 2021
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਅੱਜ ਮੂਨਕ ਤੇ ਘੱਗਰ ਨੇੜਲੇ ਜ਼ਿਲ੍ਹੇ ਦੇ ਹੋਰ ਇਲਾਕਿਆਂ ਦਾ ਅਚਨਚੇਤੀ ਦੌਰਾ ਕਰਕੇ ਘੱਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਾਲ ਦੀ ਘੜੀ ਘੱਗਰ ‘ਚ ਪਾਣੀ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਲੋੜ ਮੁਤਾਬਕ ਫੰਡ ਮੌਜੂਦ ਹਨ ਅਤੇ ਕਿਸੇ ਵੀ ਸਥਿਤੀ ਨਾਲ ਸੁਚੱਜੇ ਢੰਗ ਨਾਲ ਨਜਿੱਠਣ ਲਈ ਸਾਰੇ ਇੰਤਜ਼ਾਮ ਹਨ। ਇਸ ਮੌਕੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਸਰਕਾਰ ਦੀ ਤਰਫੋਂ ਪੂਰਨ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਕਿਸੇ ਵੀ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਹਾਲ ਦੀ ਘੜੀ ਵਿੱਚ ਅਜਿਹਾ ਕੋਈ ਵੀ ਸੰਕਟ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਉਹ ਇਸ ਮਾਮਲੇ ‘ਤੇ ਕਿਸੇ ਵੀ ਵੇਲੇ ਪ੍ਰਸ਼ਾਸਨ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੁਆਰਾ ਮੁਰੰਮਤ ਪ੍ਰਕਿਰਿਆ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਜਿਹੜੇ ਨਾਜ਼ੁਕ ਸਥਾਨ ਹਨ ਉਨ੍ਹਾਂ ਦੀ ਢੁਕਵੀਂ ਮੁਰੰਮਤ ਸਬੰਧੀ ਪ੍ਰਕਿਰਿਆ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਅਗੇਤੇ ਤੌਰ ’ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਐਸ.ਡੀ.ਐਮ. ਆਕਾਸ਼ ਬਾਂਸਲ ਸਮੇਤ ਹੋਰਨਾਂ ਅਧਿਕਾਰੀਆ ਨੂੰ ਪਿੰਡਾਂ ਦੇ ਨਿਵਾਸੀਆਂ ਨਾਲ ਲਗਾਤਾਰ ਤਾਲਮੇਲ ਰੱਖਣ ਅਤੇ ਜਾਇਜ਼ਾ ਲੈਂਦੇ ਰਹਿਣ ਦੀ ਹਦਾਇਤ ਵੀ ਕੀਤੀ।