ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦਾ 42ਵਾ ਸ਼ਹੀਦੀ ਦਿਹਾਡ਼ਾ ਮਨਾਇਆ
ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ ਵੱਲੋਂ ਪਿਰਥੀ ਦੀ ਸੋਚ ‘ਤੇ ਚੱਲਣ ਦਾ ਲਿਆ ਅਹਿਦ..
ਪਰਦੀਪ ਕਸਬਾ , ਨਵੀਂ ਦਿੱਲੀ , 20 ਜੁਲਾਈ 2021
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਦਿੱਲੀ ਦੇ ਟਿੱਕਰੀ ਬਾਰਡਰ ਵਿਖੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦਾ 42ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ‘ਚ ਵੱਡੀ ਗਿਣਤੀ ‘ਚ ਕਿਸਾਨਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕਿ ਸੱਤਰਵਿਆਂ ਦੇ ਦਹਾਕੇ ‘ਚ ਉੱਠੀ ਪੰਜਾਬ ਦੀ ਵਿਦਿਆਰਥੀ ਲਹਿਰ ਦੀ ਸਿਰਮੌਰ ਕਲਗੀ ਪ੍ਰਿਥੀਪਾਲ ਸਿੰਘ ਰੰਧਾਵਾ ਨੇ ਲਗਭਗ ਇੱਕ ਦਹਾਕਾ ਪੰਜਾਬ ਦੀ ਵਿਦਿਆਰਥੀ ਲਹਿਰ ਦੀ ਅਗਵਾਈ1 ਕੀਤੀ। ਵਿਦਿਆਰਥੀਆਂ ਨੂੰ ਆਪਣੀ ਜਥੇਬੰਦਕ ਤਾਕਤ ਰਾਹੀਂ ਹੱਕੀ ਸੰਘਰਸ਼ ਲੜਨ ਦੀਆਂ ਅਜਿਹੀਆਂ ਪੈੜਾਂ ਪਾਈਆਂ ਕਿ ਜਿਨ੍ਹਾਂ ‘ਤੇ ਚੱਲ ਕੇ ਅੱਜ ਵੀ ਪੰਜਾਬ ਦੀ ਜਨਤਕ – ਜਮਹੂਰੀ ਲਹਿਰ ਅੱਗੇ ਵਧ ਰਹੀ ਹੈ। ਪਿਰਥੀ ਦੀ ਅਗਵਾਈ ‘ਚ ਨਾ ਕੇਵਲ ਵਿਦਿਆਰਥੀ ਲਹਿਰ ਉਸਰੀ ਬਲਕਿ ਉਸ ਵੱਲੋਂ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਜਥੇਬੰਦ ਹੋਣ ਲਈ ਚੇਤਨ ਕਰਨ ਦੇ ਨਾਲ ਨਾਲ ਹੋਰ ਤਬਕਿਆਂ ਦੇ ਜਥੇਬੰਦਕ ਸੰਘਰਸ਼ਾਂ ਨੂੰ ਹਮਾਇਤੀ ਕੰਨਾ ਵੀ ਲਾਇਆ ਗਿਆ ਨੌਜਵਾਨ – ਵਿਦਿਆਰਥੀਆਂ ਦੀਆਂ ਸਸਤੀਆਂ ਫੀਸਾਂ, ਬੱਸ ਪਾਸ, ਸਸਤੀਆਂ ਮੈਸਾਂ- ਕੰਟੀਨਾਂ ਦੀ ਸਹੂਲਤ ਸਸਤੇ ਰੇਟ ‘ਤੇ ਕਿਤਾਬਾਂ ਛਾਪ ਕੇ ਵਿਦਿਆਰਥੀਆਂ ਤੱਕ ਪਹੁੰਚਾਉਣ ਅਤੇ
ਵਿੱਦਿਅਕ ਸੰਸਥਾਵਾਂ ‘ਚ ਵਿਦਿਆਰਥੀਆਂ ਦੀ ਪੁੱਗਤ ਬਣਾਉਣ ਦੇ ਸਫ਼ਲ ਘੋਲ ਤਾਂ ਲੜੇ ਹੀ ਗਏ ਸਗੋਂ ਇਸ ਤੋਂ ਅੱਗੇ ਉਸ ਮੌਕੇ ਪਿ੍ਥੀ ਦੀ ਅਗਵਾਈ ‘ਚ ਪੀ ਐੱਸ ਯੂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਸਲਿਆਂ ‘ਤੇ ਲੋਕਾਂ ਦੀ ਆਵਾਜ਼ ਬਣਦੀ ਰਹੀ। ਇਸੇ ਕਰਕੇ ਉਸ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ‘ਚ ਰੋੜ ਵਾਂਗ ਚੁਭਦੇ ਪ੍ਰਿਥੀਪਾਲ ਨੂੰ ਉਸ ਸਮੇਂ ਦੀ ਅਕਾਲੀ ਹਕੂਮਤ ਵੱਲੋਂ ਗੁੰਡਿਆਂ ਹੱਥੋਂ ਸ਼ਹੀਦ ਕਰਵਾ ਦਿੱਤਾ ਗਿਆ ਸੀ।
ਅੱਜ ਦੇ ਇਸ ਪਰੋਗਰਾਮ ‘ਚ ਪੰਜਾਬ ਸਟੂਡੈਂਟਸ ਯੁਨੀਅਨ ਸ਼ਹੀਦ ਰੰਧਾਵਾ ਦੇ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਅੱਜ ਵੀ ਸਿਖਿਆ ਦੀ ਹਾਲਤ ਬਹੁਤ ਮਾੜੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਸੇ ਮਹੀਨੇ ਜਾਰੀ ਕੀਤੇ ਪੱਤਰ ਰਾਹੀਂ ਯੂਨੀਵਰਸਿਟੀ ਕੈਂਪਸ ਸਮੇਤ ਕਾਂਸਟੀਚੁਐਂਟ ਕਾਲਜਾਂ, ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ‘ਚ 10 ਫੀਸਦੀ ਵਾਧਾ ਕਰ ਦਿੱਤਾ ਹੈ। ਕਾਂਸਟੀਚੁਐਂਟ ਕਾਲਜਾਂ ‘ਚ ਪਡ਼੍ਹਦੇ ਗਰੀਬ ਅਤੇ ਪੱਛੜੇ ਤਬਕੇ ਨਾਲ ਸਬੰਧਤ ਐੱਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਉਨ੍ਹਾਂ ਕਿਹਾ ਕਿ ਸਰਕਾਰੀ ਬੇਰੁਖ਼ੀ ਕਾਰਨ ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਸੰਕਟ ਵਿਕਰਾਲ ਰੂਪ ਧਾਰਨ ਕਰ ਚੁੱਕਾ ਹੈ ਜਿਸ ਦੇ ਹੱਲ ਵਜੋਂ ਸਿੰਡੀਕੇਟ ਦੀ ਮੀਟਿੰਗ ‘ਚ ਸੁਝਾਏ ਵਿਦਿਆਰਥੀਆਂ ਦੀਆਂ ਫੀਸਾਂ, ਫੰਡਾਂ ‘ਚ ਵਾਧਾ ਕਰਨ ਦੇ ਫ਼ੈਸਲੇ ਇਸ ਦਾ ਕੋਈ ਪੱਕਾ ਹੱਲ ਨਹੀਂ ਕਰ ਪਾਉਣਗੇ। ਬਲਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਚੋਂ ਬਾਹਰ ਧੱਕਣ ਦਾ ਕਾਰਨ ਬਣਨਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੱਤੀ ਸੰਕਟ ਹੱਲ ਕਰਨ ਲਈ ਫੌਰੀ ਲੋੜੀਂਦੀ ਗਰਾਂਟ ਜਾਰੀ ਕੀਤੀ ਜਾਵੇ ਅਤੇ ਯੂਨੀਵਰਸਿਟੀ ਦੇ ਵਿੱਤੀ ਸੰਕਟ ਦੇ ਪੱਕੇ ਹੱਲ ਲਈ ਸਰਕਾਰੀ ਸਹਾਇਤਾ ਦੀ ਲਗਾਤਾਰਤਾ ਬਣਾਈ ਜਾਵੇ।
ਔਰਤ ਜਥੇਬੰਦੀ ਦੇ ਆਗੂ ਬਚਿੱਤਰ ਕੌਰ ਮੋਗਾ ਨੇ ਕਿਹਾ ਕਿ ਔਰਤਾਂ ਦੀ ਗਿਣਤੀ ਦਿੱਲੀ ਮੋਰਚੇ ‘ਚ ਵਧਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ 22 ਜੁਲਾਈ ਤੋਂ ਬਾਅਦ ਔਰਤਾਂ ਦੇ ਵੱਡੇ ਜਥੇ ਦਿੱਲੀ ਮੋਰਚੇ ‘ਚ ਪਹੁੰਚਣਗੇ ਅਤੇ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਇਸ ਘੋਲ ਨੂੰ ਜਿੱਤ ਤੱਕ ਲਿਜਾਇਆ ਜਾਵੇਗਾ।
ਸਟੇਜ ਸੰਚਾਲਨ ਦੀ ਭੂਮਿਕਾ ਗੁਰਭੇਜ ਸਿੰਘ ਰੋਹੀਵਾਲਾ ਨੇ ਬਾਖੂਬੀ ਨਿਭਾਈ ਅਤੇ ਮੇਘ ਰਾਜ ਰੱਲਾ ਨੇ ਵੀ ਸੰਬੋਧਨ ਕੀਤਾ।