ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 290ਵੇਂ ਦਿਨ
ਕਿਸਾਨ ਅੰਦੋਲਨ ਦੇ ਦਬਾਅ ਹੇਠ ਪੰਜਾਬ ਬੀਜੇਪੀ ਦਾ ਅੰਦਰੂਨੀ ਕਲੇਸ਼ ਵਧਣ ਲੱਗਿਆ।
ਪਰਦੀਪ ਕਸਬਾ , ਬਰਨਾਲਾ: 17 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 290ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮੱਘਦਾ ਰਿਹਾ। ਅੱਜ ਬੁਲਾਰਿਆਂ ਨੇ ਪਾਰਲੀਮੈਂਟ ਦੇ ਸ਼ੈਸਨ ਦੌਰਾਨ ਦਿੱਲੀ ਬਾਰਡਰਾਂ ਉਪਰ ਅੰਦੋਲਨਕਾਰੀਆਂ ਦੀ ਗਿਣਤੀ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। ਪਿੰਡਾਂ ਵਿੱਚ ਠੋਸ ਤੇ ਵਿਸਥਾਰਪੂਰਵਕ ਤਿਆਰੀ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਾਰਲੀਮੈਂਟ ਸ਼ੈਸਨ ਦੌਰਾਨ ਹਰ ਰੋਜ ਵੱਡੇ ਕਾਫਲੇ ਦਿੱਲੀ ਬਾਰਡਰਾਂ ਵੱਲ ਕੂਚ ਕਰਿਆ ਕਰਨਗੇ। ਇਸ ਪ੍ਰੋਗਰਾਮ ਲਈ ਪਿੰਡਾਂ ਦੀਆਂ ਮਹਿਲਾਵਾਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਉਤਸ਼ਾਹ ਨੂੰ ਦੇਖਦੇ ਹੋਏ ਦਿੱਲੀ ਬਾਰਡਰਾਂ ‘ਤੇ ਉਨ੍ਹਾਂ ਦੇ ਠਹਿਰਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ,ਬਲਵੀਰ ਕੌਰ ਕਰਮਗੜ੍ਹ, ਰੂਪ ਸਿੰਘ ਢਿੱਲਵਾਂ, ਬਰਿੰਦਰ ਸ਼ਰਮਾ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਕਾਕਾ ਸਿੰਘ ਫਰਵਾਹੀ, ਅਮਰਜੀਤ ਕੌਰ, ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਬੀਜੇਪੀ ਉਪਰ ਕਿਸਾਨ ਅੰਦੋਲਨ ਦਾ ਦਬਾਅ ਵਧਣ ਲੱਗਿਆ ਹੈ। ਹਰ ਆਏ ਦਿਨ ਇਸ ਪਾਰਟੀ ਦੇ ਨੇਤਾ ਆਪਣੀ ਲੀਡਰਸ਼ਿਪ ਵਿਰੁੱਧ ਬਗਾਵਤ ਕਰ ਰਹੇ ਹਨ। ਅਨਿਲ ਜੋਸ਼ੀ ਨੇ ਕਿਸਾਨਾਂ ਦੀ ਗੱਲ ਸੁਣਨ ਬਾਰੇ ਬੋਲਿਆ ਤਾਂ ਉਸ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਉਸ ਤੋਂ ਬਾਅਦ ਕਈ ਹੋਰ ਬੀਜੇਪੀ ਨੇਤਾ ਕਿਸਾਨਾਂ ਦੀ ਗੱਲ ਸੁਣਨ ਬਾਰੇ ਆਪਣੀ ਆਵਾਜ਼ ਉਠਾਉਣ ਲੱਗੇ ਹਨ। ਇਹ ਕਿਸਾਨ ਅੰਦੋਲਨ ਦੀ ਇਖਲਾਕੀ ਜਿੱਤ ਹੈ ਅਤੇ ਜਲਦੀ ਹੀ ਇਹ ਅੰਦੋਲਨ ਹਕੀਕੀ ਜਿੱਤ ਵੀ ਹਾਸਲ ਕਰ ਲਵੇਗਾ।
ਉਧਰ ਵੀਆਰਸੀ ਰਿਲਾਇੰਸ ਮਾਲ ਬਰਨਾਲਾ ਅੱਗੇ ਲੱਗਿਆ ਪਿਛਲੇ 290 ਦਿਨ ਤੋਂ ਲੱਗਿਆ ਹੋਇਆ ਧਰਨਾ ਵੀ ਪੂਰੇ ਜੋਸ਼ ਨਾਲ ਜਾਰੀ ਰਿਹਾ। ਇਥੇ ਮੇਜਰ ਸਿੰਘ ਸੰਘੇੜਾ, ਬਲਵਿੰਦਰ ਸਿੰਘ,ਮੱਘਰ ਸਿੰਘ , ਨਾਜਰ ਸਿੰਘ ਸਿੰਘ, ਦਲੀਪ ਸਿੰਘ ਭੋਲਾ ਤੇ ਜਰਨੈਲ ਸਿੰਘ ਆਦਿ ਹਾਜ਼ਰ ਸਨ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਅਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ ਗਾਇਣ ਕੀਤਾ।