ਹਰਿੰਦਰ ਨਿੱਕਾ , ਬਰਨਾਲਾ 17 ਜੁਲਾਈ 2021
ਇੰਪਰੂਵਮੈਂਟ ਟਰੱਸਟ ਬਰਨਾਲਾ ਲਈ 6 ਮੈਂਬਰ ਪੰਜਾਬ ਸਰਕਾਰ ਨੇ ਨਾਮਜਦ ਕਰ ਦਿੱਤੇ ਹਨ। ਇਹ ਜਾਣਕਾਰੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਦਿੱਤੀ। ਸ਼ਰਮਾ ਨੇ ਦੱਸਿਆ ਕਿ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਸ਼ਿਫਾਰਸ਼ ਤੇ ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਚਹਿਲ , ਗੁਰਪ੍ਰੀਤ ਸਿੰਘ ਬਾਜਵਾ, ਮੁਨੀਸ਼ ਕੁਮਾਰ ਸਿੰਗਲਾ ਉਰਫ ਮਿੰਟਾ ਨੂੰ ਅਤੇ ਨਗਰ ਕੌਂਸਲ ਬਰਨਾਲਾ ਦੇ ਮੈਂਬਰਾਂ ਵਿੱਚੋਂ ਸਾਬਕਾ ਵਿਧਾਇਕ ਸਵਰਗੀ ਬਚਨ ਸਿੰਘ ਪੱਖੋ ਦੀ ਨੂੰਹ ਕੌਂਸਲਰ ਪ੍ਰਕਾਸ਼ ਕੌਰ ਪੱਖੋ , ਜਸਮੇਲ ਸਿੰਪ ਡੇਅਰੀਵਾਲਾ ਦੀ ਪਤਨੀ ਕੌਂਸਲਰ ਰਾਣੀ ਕੌਰ ਅਤੇ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਚੇਅਰਮੈਨ ਸ਼ਰਮਾ ਨੇ ਕਿਹਾ ਕਿ ਮੈਂਬਰਾਂ ਦੀ ਨਿਯੁਕਤੀ ਨਾਲ ਇੰਪਰੂਵਮੈਂਟ ਟਰੱਸਟ ਦਾ ਕੰਮ ਹੋਰ ਸੁਚਾਰੂ ਢੰਗ ਨਾਲ ਚੱਲੇਗਾ। ਉੱਧਰ ਟਰੱਸਟ ਦੇ ਨਵਨਿਯੁਕਤ ਮੈਂਬਰ ਹਰਵਿੰਦਰ ਚਹਿਲ ,ਗੁਰਪ੍ਰੀਤ ਸਿੰਘ ਬਾਜਵਾ, ਮੁਨੀਸ਼ ਕੁਮਾਰ ਸਿੰਗਲਾ ਉਰਫ ਮਿੰਟਾ, ਕੌਂਸਲਰ ਪ੍ਰਕਾਸ਼ ਕੌਰ ਪੱਖੋ , ਕੌਂਸਲਰ ਰਾਣੀ ਕੌਰ ਅਤੇ ਕੌਂਸਲਰ ਜਗਜੀਤ ਸਿੰਘ ਜੱਗੂ ਮੋਰ ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ, ਚੇਅਰਮੈਨ ਮੱਖਣ ਸ਼ਰਮਾ ਦਾ ਤਹਿਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਮਾਨਦਾਰੀ ਅਤੇ ਸ਼ਿੱਦਤ ਨਾਲ ਟਰੱਸਟ ਦਾ ਕੰਮ ਕਰਾਂਗੇ।