ਯੂਨੀਵਰਸਿਟੀ ਨੂੰ ਚਲਦੀ ਰੱਖਣ ਲਈ ਇਸ ਵੇਲੇ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਲਈ ਵਿਸ਼ੇਸ਼ ਵਿੱਤੀ ਪੈਕੇਜ ਜਾਰੀ ਕਰੇ – ਵਿਦਿਆਰਥੀ ਆਗੂ
ਪਰਦੀਪ ਕਸਬਾ , ਬਰਨਾਲਾ, 14 ਜੁਲਾਈ 2021
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਯੂਨੀਵਰਸਿਟੀ ਕੈੰਪਸ,ਕਾਂਸਟੀਚੂਐਂਟ ਕਾਲਜ, ਰੀਜ਼ਨਲ ਸੈੰਟਰ ਤੇ ਨੇਬਰਹੁੱਡ ਕੈੰਪਸਸ ‘ਚ 10 ਫੀਸਦ ਵਧਾਈਆਂ ਫੀਸਾਂ ਤੇ ਯੂਨੀਵਰਸਿਟੀ ਕਾਲਜਾਂ ਨੂੰ ਦਲਿਤ ਵਿਦਿਆਰਥੀਆਂ ਤੋ ਪੀਟੀਏ ਭਰਾਉਂਣ ਦੇ ਜਾਰੀ ਕੀਤੇ ਨਾਦਰਸ਼ਾਹੀ ਫੁਰਮਾਨ ਖਿਲਾਫ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਪਰਿੰਸੀਪਲ ਰਾਹੀ ਵੀਸੀ ਡਾ.ਅਰਵਿੰਦ ਦੇ ਨਾਮ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਦੇ ਮਨਵੀਰ ਬੀਹਲਾ, ਮਨਿੰਦਰ ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਮਨਜੀਤ ਨਮੋਲ ਨੇ ਕਿਹਾ ਕਿ ਪਿਛਲੇ ਦਿਨੀਂ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ, ਕਾਂਸਟੀਚੂਐਂਟ ਕਾਲਜਾਂ, ਰੀਜਨਲ ਸੈਂਟਰਾਂ ਤੇ ਨੇਬਰਹੁੱਡ ਕੈੰਪਸਸ ਦੀਆਂ ਵਧਾਈਆਂ 10 ਫੀਸਦੀ ਫੀਸਾਂ, ਕਾਂਸਟੀਚੂਐਂਟ ਕਾਲਜਾਂ ਦੇ ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਤੇ ਨਾਲ ਹੀ ਕਾਂਸਟੀਚੂਐਂਟ ਕਾਲਜਾਂ ਚ 50 ਫੀਸਦੀ ਤੋਂ ਘੱਟ ਦਾਖਲਿਆਂ ਵਾਲੇ ਕੋਰਸ ਬੰਦ ਕਰਨ, ਜੀ.ਐਸ.ਟੀ. ਤੇ ਟਰਾਂਸਕਰਿਪਟ ਫੀਸ ਵਧਾਉਣ ਦੇ ਫੁਰਮਾਨ ਫੌਰੀ ਮੰਦਭਾਗੇ ਹਨ। ਇਹ ਕਾਲਜ ਤੇ ਯੂਨੀਵਰਸਿਟੀ ਇੱਕ ਜਨਤਕ ਅਦਾਰੇ ਹਨ ਇਸ ਲਈ ਇਨਾਂ ਦੇ ਖਰਚਿਆਂ ਦੀ ਪੂਰੀ ਜਿੰਮੇਵਾਰੀ ਸਰਕਾਰ ਨੂੰ ਚੱਕਣੀ ਚਾਹੀਦੀ ਹੈ ਪਰ ਇਸਦੇ ਉਲਟ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ ਕਰਕੇ ਇਨਾਂ ਨੂੰ ਨਿੱਜੀਕਰਨ, ਵਪਾਰੀਕਰਨ ਦੇ ਰਾਹ ਤੋਰਿਆ ਜਾ ਰਿਹਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅੱਗੇ ਰਸਨ ਕੌਰ ਨੇ ਕਿਹਾ ਕਿ ਇਹ ਕਾਲਜ ਵਿਸ਼ੇਸ਼ ਤੌਰ ਤੇ ਪੱਛੜੇ ਇਲਾਕਿਆ ਚ ਖੋਲੇ ਗਏ ਸੀ ਤਾਂ ਕਿ ਇੱਥੋ ਦੇ ਵਿਦਿਆਰਥੀਆ ਨੂੰ ਸਸਤੀ,ਮਿਆਰੀ ਤੇ ਸੌਖੀ ਸਿੱਖਿਆ ਮੁਹੱਈਆ ਕਰਾਈ ਜਾ ਸਕੇ ਪਰ ਯੂਨੀਵਰਸਿਚੀ ਲਗਾਤਾਰ ਇਨਾਂ ਦਾ ਗਲਾ ਘੋਟਣ ਲੱਗੀ ਹੋਈ ਹੈ,ਆਪਣਾ ਆਰਥਿਕ ਘਾਟਾ ਪੂਰਨ ਲਈ ਇੱਥੇ ਪੜਦੇ ਦਲਿਤ ਤੇ ਗਰੀਬ ਵਿਦਿਆਰਥੀਆਂ ਜਿਸਦੇ ਚ ਕੁੜੀਆਂ ਦੀ ਵੱਡੀ ਸੰਖਿਆ ਹੈ ‘ਤੇ ਫੀਸਾਂ ਵਧਾਕੇ,ਪੀਟੀਏ ਲਾਕੇ ਤੇ ਕੋਰਸ ਬੰਦ ਕਰਕੇ ਸਿੱਖਿਆ ਤੋ ਦੂਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਯੂਨੀਵਰਸਿਟੀ ਨੂੰ ਚਲਦੀ ਰੱਖਣ ਲਈ ਇਸ ਵੇਲੇ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਲਈ ਵਿਸ਼ੇਸ਼ ਵਿੱਤੀ ਪੈਕੇਜ ਜਾਰੀ ਕਰੇ ਤੇ ਹਰ ਇਸਦੀ ਸਲਾਨਾ ਗ੍ਰਾਂਟ ਵਿੱਚ ਵਾਧਾ ਕਰੇ, ਪਰ ਇਸਦੇ ਉਲਟ ਸਰਕਾਰ ਵੱਲੋਂ ਯੂਨੀਵਰਸਿਟੀ ਪ੍ਰਸ਼ਾਸ਼ਨ ਉੱਪਰ ਫੀਸਾਂ ਵਧਾ ਕੇ ਆਪਣੇ ਖਰਚੇ ਪੂਰੇ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਥੇਬੰਦੀਆਂ ਨੇ ਇਹ ਵਾਧਾ ਪੂਰਨ ਤੌਰ ’ਤੇ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਵਿਦਿਆਰਰਥੀਆਂ ਨੂੰ ਵਧ ਚੜ੍ਹ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਨਾਲ ਹੀ ਐਲਾਨ ਕੀਤਾ ਗਿਆ ਕਿ ਜੇਕਰ ਯੂਨੀਵਰਸਿਟੀ ਨੇ ਇਹ ਫੈਸਲੇ ਵਾਪਸ ਨਾ ਲਏ ਤਾਂ ਕਾਲਜਾਂ, ਪਿੰਡਾਂ-ਸ਼ਹਿਰਾਂ ‘ਚ ਇਸ ਖਿਲਾਫ਼ ਲਾਮਬੰਦੀ ਹੋਰ ਤੇਜ ਕੀਤੀ ਜਾਵੇਗੀ।ਇਸ ਮੌਕੇ ਰਵਿੰਦਰ ਕੌਰ, ਸਤਨਾਮ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਜਗਜੀਤ ਸਿੰਘ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਆਦਿ ਵਿਦਿਆਰਥੀ ਆਗੂ ਹਾਜਰ ਸਨ।