ਰਾਜਪੁਰਾ ਦੀ ਘਟਨਾ ਲਈ ਬੀਜੇਪੀ ਨੇਤਾ ਜਿੰਮੇਵਾਰ; ਕਿਸਾਨਾਂ ਨੂੰ ਉਕਸਾ ਤੇ ਮਾਹੌਲ ‘ਚ ਤਣਾਅ ਪੈਦਾ ਕਰ ਰਹੇ ਬੀਜੇਪੀ ਨੇਤਾ।
ਬੀਕੇਯੂ ਏਕਤਾ ਡਕੌਦਾ ਦੇ ਬਾਨੀ ਪ੍ਰਧਾਨ,ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।
ਪਰਦੀਪ ਕਸਬਾ , ਬਰਨਾਲਾ: 13 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 286ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਬੀਜੇਪੀ ਨੇਤਾਵਾਂ ਨੇ ਅਜਿਹੀਆਂ ਕਾਰਵਾਈਆਂ ਕੀਤੀਆਂ ਅਤੇ ਬਿਆਨ ਜਾਰੀ ਕੀਤੇ ਹਨ ਜਿਸ ਨਾਲ ਪੰਜਾਬ ਦੇ ਮਾਹੌਲ ਵਿੱਚ ਤਣਾਅ ਪੈਦਾ ਹੋਇਆ ਹੈ। ਬੀਜੇਪੀ ਨੇਤਾ ਆਪਣੇ ਬੋਲਾਂ ਤੇ ਅਮਲਾਂ ਰਾਹੀਂ ਕਿਸਾਨਾਂ ਦੇ ਜਖਮਾਂ ‘ਤੇ ਨਮਕ ਛਿੜਕ ਰਹੇ ਹਨ। ਰਾਜਪੁਰੇ ਦੀ ਘਟਨਾ ਵੀ ਬੀਜੇਪੀ ਨੇਤਾਵਾਂ ਵੱਲੋਂ ਕਿਸਾਨਾਂ ਵਿਰੁੱਧ ਭੜਕਾਊ ਸ਼ਬਦਾਵਲੀ ਵਰਤਣ ਅਤੇ ਪਿਸਤੌਲ ਕੱਢ ਦੇ ਧਮਕੀ ਦੇਣ ਕਾਰਨ ਵਾਪਰੀ। ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ ਅਤੇ ਉਹ ਸ਼ਾਤਮਈ ਢੰਗ ਨਾਲ ਆਪਣੇ ਇਸ ਹੱਕ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਪਰ ਉਹ ਧਮਕੀਆਂ ਅੱਗੇ ਝੁਕਨਗੇ ਨਹੀਂ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਨਾਮ ਸਿੰਘ ਠੀਕਰੀਵਾਲਾ,ਬਾਬੂ ਸਿੰਘ ਖੁੱਡੀ ਕਲਾਂ, ਹਰਜੀਤ ਸਿੰਘ ਸੰਘੇੜਾ, ਨਛੱਤਰ ਸਿੰਘ ਸਾਹੌਰ, ਪ੍ਰੇਮਪਾਲ ਕੌਰ, ਬਲਵੀਰ ਕੌਰ ਕਰਮਗੜ੍ਹ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਬਲਜੀਤ ਸਿੰਘ ਚੌਹਾਨਕੇ, ਮੇਲਾ ਸਿੰਘ ਕੱਟੂ, ਗੁਰਮੇਲ ਸ਼ਰਮਾ ਨੇ ਸੰਬੋਧਨ ਕੀਤਾ।
ਅੱਜ ਬੀਕੇਯੂ ਡਕੌਂਦਾ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਦੀ 11 ਵੀਂ ਬਰਸੀ ਦਾ ਦਿਨ ਸੀ। ਦੋ ਮਿੰਟ ਦਾ ਮੌਨ ਧਾਰ ਕੇ ਉਸ ਮਹਾਨ ਕਿਸਾਨ ਨੇਤਾ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ ਜਿਸ ਨੇ ਤਾ-ਉਮਰ ਕਿਸਾਨ ਤੇ ਲੋਕ ਘੋਲਾਂ ਦੇ ਲੇਖੇ ਲਾ ਦਿੱਤੀ। ਮਰਹੂਮ ਬਲਕਾਰ ਸਿੰਘ ਡਕੌਂਦਾ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਸੰਘਰਸ਼ ਨੂੰ ਜਾਰੀ ਰੱਖਣ ਦਾ ਜੋਰਦਾਰ ਅਹਿਦ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਮਰਹੂਮ ਬਲਕਾਰ ਸਿੰਂਘ ਡਕੌਂਦਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਮੌਜੂਦਾ ਕਿਸਾਨ ਅੰਦੋਲਨ ਪ੍ਰਤੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰੀਏ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਰਾਹੀਂ ਪੰਡਾਲ ਚ ਜੋਸ਼ ਭਰਿਆ।