115 ਵੇਂ ਦਿਨ ਵੀ ਟਾਵਰ ਉਪਰ ਡਟਿਆ ਰਿਹਾ ਸੁਰਿੰਦਰਪਾਲ ਗੁਰਦਾਸਪੁਰ
ਬਲਵਿੰਦਰਪਾਲ , ਪਟਿਆਲਾ , 13 ਜੁਲਾਈ 2021
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ 115 ਵੇਂ ਦਿਨ ਵੀ ਟਾਵਰ ਉਪਰ ਡਟਿਆ ਰਿਹਾ । ਜਿੱਥੇ ਇੱਕ ਪਾਸੇ ਕੈਪਟਨ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਆਵਾਜ਼ ਸੁਣਨ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਬੇਰੁਜ਼ਗਾਰ ਅਧਿਆਪਕਾ ਉਪਰ ਤਸ਼ੱਦਦ ਢਾਹ ਰਹੀ ਹੈ ਉਥੇ ਹੀ ਦੂਜੇ ਪਾਸੇ ਕੁਦਰਤ ਵੀ ਬੇਰੁਜ਼ਗਾਰ ਅਧਿਆਪਕਾਂ ਦੀ ਪ੍ਰੀਖਿਆ ਲੈ ਰਹੀ ਹੈ । ਭਲਕੇ ਸ਼ਾਮ ਤੋਂ ਸੁਰਿੰਦਰਪਾਲ ਗੁਰਦਾਸਪੁਰ ਤੇਜ਼ ਮੀਂਹ ਹਨੇਰੀ ਵਿੱਚ ਟਾਵਰ ਉਪਰ ਡਟਿਆ ਰਿਹਾ । ਜਿਸ ਦੌਰਾਨ ਉਸ ਦੇ ਸਾਰੇ ਕੱਪੜੇ ਗਿੱਲੇ ਹੋ ਗਏ ਸਾਰੀ ਰਾਤ ਉਸ ਨੇ ਬੜੇ ਮੁਸ਼ਕਿਲਾਂ ਨਾਲ ਲੰਘਾਈ ।
ਇਸ ਮੌਕੇ ਸੁਰਿੰਦਰਪਾਲ ਗੁਰਦਾਸਪੁਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 14 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਚ ਉਸਦੇ ਵੱਲੋਂ ਆਪਣੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ । ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।