22 ਜੁਲਾਈ ਤੋਂ ਹੋਵੇਗੀ ਬਲਾਕ ਪੱਧਰ ਤੋਂ ਸ਼ੁਰੂਆਤ
ਬਲਵਿੰਦਰਪਾਲ , ਪਟਿਆਲਾ 12 ਜੁਲਾਈ : 2021
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਰੋਚਿਕ ਅਤੇ ਸਰਲ ਤਰੀਕੇ ਨਾਲ ਪੜ੍ਹਾਈ ਕਰਵਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਹਾਇਕ ਸਮੱਗਰੀ ਅਤੇ ਨਵੀਨਤਮ ਵਿਧੀਆਂ ਦੇ ਪ੍ਰਦਰਸ਼ਨ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ‘ਅਧਿਆਪਕ ਫੈਸਟ’ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਵੱਲੋਂ ਇਸ ਫੈਸਟ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਿਲਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਫੈਸਟ ਤਿੰਨ ਪੱਧਰਾਂ ਬਲਾਕ, ਜਿਲਾ ਅਤੇ ਸੂਬਾ ਪੱਧਰ ‘ਤੇ ਹੋਵੇਗਾ। ਬਲਾਕ ਪੱਧਰੀ ਫੈਸਟ 22 ਤੋਂ 24 ਜੁਲਾਈ ਤੱਕ ਹੋਵੇਗਾ। ਜਿਲ੍ਹਾ ਪੱਧਰੀ ਫੈਸਟ 26 ਤੋਂ 28 ਜੁਲਾਈ ਤੱਕ ਹੋਵੇਗਾ ਜਦਕਿ ਸੂਬਾ ਪੱਧਰੀ ਫੈਸਟ 1 ਤੋਂ 3 ਅਗਸਤ ਤੱਕ ਹੋਵੇਗਾ। ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਈਜਾਦ ਮਾਡਲ, ਸਹਾਇਕ ਸਮੱਗਰੀ, ਵਿੱਦਿਅਕ ਮੋਬਾਈਲ ਐਪ, ਵਿੱਦਿਅਕ ਖੇਡਾਂ, ਵਿੱਦਿਅਕ ਵੀਡਿਓ ਗੇਮ, ਨਵੀਨਤਮ ਚਾਰਟ, ਫਲੈਸ਼ ਕਾਰਡ, ਕਿੱਟ, ਵਿੱਦਿਅਕ ਪਲੇਅ, ਸੁੰਦਰ ਲਿਖਾਈ, ਕੈਲੀਗ੍ਰਾਫੀ ਅਤਿ ਇਨਫਰਮੇਸ਼ਨ ਟੈਕਨਾਲੋਜੀ ਆਦਿ ਦਾ ਆਨਲਾਈਨ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨੀ ਦੇ ਹਰ ਪੱਧਰ ਦੇ ਜੇਤੂ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ, ਸਨਮਾਨ ਪੱਤਰ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜੇਤੂ ਅਧਿਆਪਕਾਂ ਨੂੰ ਏ.ਸੀ.ਆਰ ਅਤੇ ਸਟੇਟ ਐਵਾਰਡ ਵਿੱਚ ਵੀ ਅੰਕ ਦਿੱਤੇ ਜਾਣਗੇ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੇਕਰ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਸੂਬਾ ਪੱਧਰੀ ਤਿੰਨ ਰੋਜ਼ਾ ਪ੍ਰਦਰਸ਼ਨੀ ਆਫ਼ਲਾਈਨ ਤਰੀਕੇ ਵੀ ਕਰਵਾਈ ਜਾ ਸਕਦੀ ਹੈ।
ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਇਸਤੇਮਾਲ ਕੀਤੀ ਜਾ ਰਹੀ ਸਹਾਇਕ ਸਮੱਗਰੀ ਅਤੇ ਵਿਧੀਆਂ ਦਾ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਨਵੀਨੀਕਰਨ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਨਿੱਜੀ ਤਜਰਬੇ ‘ਚੋਂ ਖੋਜੀਆ ਇਹਨਾਂ ਨਵੀਨਤਮ ਤਕਨੀਕਾਂ ਨਾਲ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਸਰਲ, ਸੌਖੀ ਅਤੇ ਪ੍ਰਭਾਵੀ ਬਣ ਰਹੀ ਹੈ। ਅਧਿਆਪਕਾਂ ਵੱਲੋਂ ਈਜਾਦ ਅਜਿਹੀਆਂ ਪੜ੍ਹਾਉਣ ਦੀਆਂ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਫੈਸਟ ਕਰਵਾਇਆ ਜਾਵੇਗਾ। ਇਸ ਫੈਸਟ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਵੱਲੋਂ ਖੋਜੀਆ ਨਵੀਆਂ ਪੜਾਉਣ ਤਕਨੀਕਾਂ ਅਤੇ ਸਹਾਇਕ ਸਮੱਗਰੀ ਨੂੰ ਪ੍ਰਦਰਸ਼ਨ ਜਰੀਏ ਸਾਂਝਾ ਕੀਤਾ ਜਾਵੇਗਾ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਫੈਸਟ ‘ਚ ਸਾਰੇ ਕਾਡਰਾਂ ਅਤੇ ਸਾਰੇ ਵਿਸ਼ਿਆਂ ਦੇ ਅਧਿਆਪਕ ਸ਼ਿਰਕਤ ਕਰ ਸਕਣਗੇ। ਅਧਿਆਪਕ ਇਕੱਲੇ ਜਾਂ ਗਰੁੱਪ ਗਤੀਵਿਧੀ ਦੇ ਰੂਪ ‘ਚ ਫੈਸਟ ਵਿੱਚ ਸ਼ਿਰਕਤ ਕਰ ਸਕਣਗੇ।