ਘਰਦੀਆਂ ਔਰਤਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਕੀਤਾ ਗਿਆ ਸੀ ਗ੍ਰੰਥੀ ਕੁਲਦੀਪ ਸਿੰਘ ਤੇ ਹਮਲਾ
ਕੁਲਦੀਪ ਸਿੰਘ ਦੇ ਢਿੱਡ ਤੇ ਦਰਬਾਰਾ ਸਿੰਘ ਨੇ ਕੀਤੇ 10 ਅਤੇ ਗਲ ਤੇ ਵੀ ਕੀਤੇ ਸਨ ਕਈ ਵਾਰ
ਹਰਿੰਦਰ ਨਿੱਕਾ , ਬਰਨਾਲਾ 10 ਜੁਲਾਈ 2021
ਆਪਣੇ ਘਰਦੀਆਂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਖਫਾ ਹੋ ਕੇ ਗ੍ਰੰਥੀ ਕੁਲਦੀਪ ਸਿੰਘ ਸੇਖਾ ਨੂੰ ਲੰਘੀ ਕੱਲ੍ਹ ਮੌਤ ਦੇ ਘਾਟ ਉਤਾਰ ਦੇਣ ਵਾਲੇ ਦਰਬਾਰਾ ਸਿੰਘ ਉਰਫ ਭੋਲਾ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਥਾਣਾ ਸਦਰ ਬਰਨਾਲਾ ਦੇ ਐਸ.ਐਚ.ੳ. ਜਸਵਿੰਦਰ ਸਿੰਘ ਨੇ ਦਿੱਤੀ। ਐਸ.ਐਚ.ੳ ਨੇ ਦੱਸਿਆ ਕਿ ਦੋਸ਼ੀ ਦਰਬਾਰਾ ਸਿੰਘ ਵਾਸੀ ਸੇਖਾ ਦੇ ਖਿਲਾਫ ਮ੍ਰਿਤਕ ਗ੍ਰੰਥੀ ਕੁਲਦੀਪ ਸਿੰਘ ਦੇ ਬੇਟੇ ਵਰਿੰਦਰ ਸਿੰਘ ਵਾਸੀ ਪਿੰਡ ਸੇਖਾ ਦੇ ਬਿਆਨ ਪਰ ਹੱਤਿਆ ਦਾ ਕੇਸ ਦਰਜ਼ ਕੀਤਾ ਸੀ, ਉਦੋਂ ਤੋਂ ਹੀ ਪੁਲਿਸ ਦੋਸ਼ੀ ਦੀ ਭਾਲ ਵਿੱਚ ਲੱਗੀ ਹੋਈ ਸੀ। ਆਖਿਰ ਪੁਲਿਸ ਪਾਰਟੀ ਨੇ ਫਰਵਾਹੀ ਮੋੜ ਤੋਂ ਹੱਤਿਆਰੇ ਦਰਬਾਰਾ ਸਿੰਘ ਉਰਫ ਭੋਲਾ ਨੂੰ ਗਿਰਫਤਾਰ ਕਰਕੇ, ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਦੋਸ਼ੀ ਨੇ ਪੁੱਛਗਿੱਛ ਦੌਰਾਨ ਇੰਕਸ਼ਾਫ ਕੀਤਾ ਕਿ ਕਰੀਬ 30 ਕੁ ਵਰ੍ਹੇ ਪਹਿਲਾਂ ਗ੍ਰੰਥੀ ਕੁਲਦੀਪ ਸਿੰਘ ,ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਸ ਨਾਲ ਨਜ਼ਾਇਜ ਸਬੰਧ ਬਣਾਉਣਾ ਚਾਹੁੰਦਾ ਸੀ। ਉਦੋਂ ਵੀ ਕੁਲਦੀਪ ਸਿੰਘ ਨੂੰ ਅਜਿਹਾ ਕਰਨ ਤੋਂ ਵਰਜਿਆ ਸੀ। ਜਿਸ ਤੋਂ ਬਾਅਦ ਉਹ ਪਿੰਡ ਛੱਡ ਕੇ ਚਲਾ ਗਿਆ ਸੀ। ਹੁਣ ਉਹ ਉਸਨੂੰ ਪਿੰਡ ਆਇਆ ਅੱਖਾਂ ਸਾਹਮਣੇ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਿਆ। ਔਰਤਾਂ ਨੂੰ ਤੰਗ ਕਰਨ ਸਬੰਧੀ ਦੋਸ਼ ਦਾ ਜਿਕਰ ਮ੍ਰਿਤਕ ਦੇ ਬੇਟੇ ਵਰਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਵੀ ਕੀਤਾ ਹੈ ਕਿ ਦੋਸ਼ੀ ਨੇ ਕੁਲਦੀਪ ਸਿੰਘ ਪਰ ਹਮਲਾ ਕਰਨ ਸਮੇਂ ਲਲਕਾਰਾ ਮਾਰਿਆ ਸੀ ਕਿ ਤੂੰ ਉਸ ਦੇ ਪਰਿਵਾਰ ਦੀਆਂ ਔਰਤਾਂ ਨੂੰ ਤੰਗ ਕਰਦਾ ਰਿਹਾ ਹੈ। ਐਸ.ਐਚ.ੳ ਨੇ ਕਿਹਾ ਕਿ ਦੋਸ਼ੀ ਨੂੰ ਪੁਲਿਸ ਰਿਮਾਂਡ ਲੈਣ ਲਈ, ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਤਾਂਕਿ ਦੋਸ਼ੀ ਤੋਂ ਹੱਤਿਆ ਲਈ ਵਰਤਿਆ ਤੇਜ਼ਧਾਰ ਹਥਿਆਰ ਬਰਛਾ ਆਦਿ ਬਰਾਮਦ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਹਾਲੇ ਪੁੱਛ ਪੜਤਾਲ ਜਾਰੀ ਹੈ। ਵਰਣਨਯੋਗ ਹੈ ਕਿ ਲੰਘੀ ਕੱਲ੍ਹ ਸਵੇਰੇ ਕਰੀਬ 2 ਵਜੇ ਗ੍ਰੰਥੀ ਕੁਲਦੀਪ ਸਿੰਘ ਨੂੰ ਦਰਬਾਰਾ ਸਿੰਘ ਨੇ ਉਦੋਂ ਕਤਲ ਕਰ ਦਿੱਤਾ ਸੀ,ਜਦੋਂ ਉਹ ਆਪਣੇ ਬੇਟੇ ਵਰਿੰਦਰ ਸਿੰਘ ਨਾਲ ਸਕੂਟਰੀ ਤੇ ਗੁਰੂਦੁਆਰਾ ਪਾਤਸ਼ਾਹੀ ਨੌਂਵੀ ‘ਚ ਰੌਲ ਯਾਨੀ ਪਾਠ ਕਰਨ ਲਈ ਜਾ ਰਿਹਾ ਸੀ। ਕੁਲਦੀਪ ਸਿੰਘ ਆਪਣੇ ਬਚਾਅ ਲਈ ਰਜਵਾਹੇ ਵਿੱਚ ਕੁੱਦ ਗਿਆ ਸੀ। ਪਰੰਤੂ ਦਰਬਾਰਾ ਸਿੰਘ ਨੇ ਵੀ ਰਜਬਾਹੇ ਵਿੱਚ ਵੜ੍ਹਕੇ ਵੀ ਉਸ ਦਾ ਪਿੱਛਾ, ਮੌਤ ਦੇ ਘਾਟ ਉਤਾਰ ਕੇ ਹੀ ਛੱਡਿਆ ਸੀ। ਮ੍ਰਿਤਕ ਦੀ ਲਾਸ਼ ਰਜਵਾਹੇ ਵਿੱਚੋਂ ਬਰਾਮਦ ਹੋਈ ਸੀ।
ਬੇਰਹਿਮੀ ਨਾਲ ਕੀਤਾ ਗਿਆ ਕਤਲ
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਗੁੱਸਾ ਚੰਡਾਲ ਦਾ ਰੂਪ ਹੁੰਦਾ ਹੈ। ਇਸ ਦਾ ਮਿਸਾਲ ਇਸ ਕਤਲ ਦੀ ਘਟਨਾ ਤੋਂ ਵੀ ਇੱਕ ਵਾਰ ਫਿਰ ਸਾਬਿਤ ਹੁੰਦੀ ਹੈ ਕਿ ਆਪਣੀ ਭੈਣ ਨਾਲ ਕਰੀਬ 30 ਵਰ੍ਹੇ ਪਹਿਲਾਂ ਕੀਤੀ ਛੇਡਛਾੜ ਅਤੇ ਜਬਰਦਸਤੀ ਨੂੰ ਦਰਬਾਰਾ ਸਿੰਘ ਹਾਲੇ ਤੱਕ ਵੀ ਜਿਹਨ ਵਿੱਚੋਂ ਕੱਢ ਨਹੀਂ ਸਕਿਆ। ਇੱਨਾਂ ਹੀ ਨਹੀਂ ਪੋਸਟਮਾਰਟਮ ਰਿਪੋਰਟ ਨੇ ਵੀ ਬੇਰਹਿਮੀ ਨਾਲ ਕੀਤੇ ਕਤਲ ਦੀ ਪੁਸ਼ਟੀ ਕਰ ਦਿੱਤੀ ਹੈ। ਦੋਸ਼ੀ ਨੇ ਕੁਲਦੀਪ ਸਿੰਘ ਤੋਂ ਆਪਣੀ ਇੱਜਤ ਦਾ ਬਦਲਾ ਲੈਣ ਲਈ ਕੁਲਦੀਪ ਸਿੰਘ ਨੇ ਢਿੱਡ ਤੇ 10 ਬਰਛੇ ਮਾਰੇ , ਇੱਥੇ ਹੀ ਬੱਸ ਨਹੀਂ ਦੋਸ਼ੀ ਨੇ ਕੁਲਦੀਪ ਦੇ ਗਲ ਤੇ ਵੀ ਕਈ ਵਾਰ ਕੀਤੇ। ਜਦੋਂ ਕੁਲਦੀਪ ਸਿੰਘ ਜਾਨ ਬਚਾਉਣ ਲਈ ਰਜਬਾਹੇ ਵਿੱਚ ਕੁੱਦਿਆ ਤਾਂ ਦੋਸ਼ੀ ਨੇ ਉਸ ਦੇ ਪਿੱਛੇ ਹੀ ਛਾਲ ਮਾਰ ਦਿੱਤੀ ਅਤੇ ਪਾਣੀ ਵਿੱਚ ਵੜ੍ਹ ਕੇ ਵੀ ਹਮਲਾ ਕੀਤਾ। ਜਿਸ ਨਾਲ ਕੁਲਦੀਪ ਸਿੰਘ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।