ਬਿੰਦਰਾ ਵੱਲੋਂ ਇਸ ਨੇਕ ਕੰਮ ਲਈ ਹਾਈਵੇਅ ਇੰਡਸਟਰੀ ਦਾ ਕੀਤਾ ਧੰਨਵਾਦ
ਦਵਿੰਦਰ ਡੀਕੇ, ਲੁਧਿਆਣਾ, 09 ਜੁਲਾਈ 2021
ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਦੀ ਸਾਹਨੇਵਾਲ ਸਬ-ਤਹਿਸੀਲ ਅਧੀਨ ਪੈਂਦੇ ਦੋ ਸ਼ਮਸ਼ਾਨਘਾਟਾਂ ਵਿੱਚ ਤਿੰਨ ਗੈਸ ਚੈਂਬਰ ਸਥਾਪਤ ਕੀਤੇ ਗਏ ਹਨ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੀ.ਵਾਈ.ਡੀ.ਬੀ. ਦੇ ਚੇਅਰਮੈਨ ਅਤੇ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.) ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਇਹ ਗੈਸ ਚੈਂਬਰ ਇੱਕ ਘੰਟੇ ਦੇ ਅੰਦਰ ਇੱਕ ਲਾਸ਼ ਦਾ ਸਸਕਾਰ ਕਰ ਦਿੰਦੇ ਹਨ ਅਤੇ ਦੋ ਐਲ.ਪੀ.ਜੀ. ਸਿਲੰਡਰਾਂ ਦੀ ਵਰਤੋਂ ਕਰਕੇ ਤਿੰਨ ਲਾਸ਼ਾਂ ਦਾ ਅੰਤਮ ਸਸਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਗੈਸ ਚੈਂਬਰ ਨਾ ਸਿਰਫ ਰਵਾਇਤੀ ਲੱਕੜ ਅਧਾਰਤ ਸ਼ਮਸ਼ਾਨਘਾਟ ਦੇ ਮੁਕਾਬਲੇ ਸਸਤੇ ਹਨ ਸਗੋਂ ਇਸਦੀ ਵਰਤੋਂ ਰਾਹੀਂ ਸਮੇਂ ਦੀ ਵੀ ਬੱਚਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਵਾਤਾਵਰਣ ਪੱਖੀ ਚੈਂਬਰ ਜੰਗਲਾਂ ਦੀ ਕਟਾਈ ਨੂੰ ਰੋਕਣ ਵਿਚ ਮਦਦ ਕਰਨਗੇ ਜਿਸ ਨਾਲ ਕਿ ਇੱਕ ਸਾਲ ਵਿੱਚ 40 ਲੱਖ ਰੁੱਖਾਂ ਦੀ ਕਟਾਈ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾ ਦੱਸਿਆ ਕਿ ਆਮ ਤੌਰ ‘ਤੇ ਇੱਕ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਇੱਕ ਰਵਾਇਤੀ ਪ੍ਰਣਾਲੀ ਵਿੱਚ ਲਗਭਗ 4 ਕੁਇੰਟਲ ਲੱਕੜ ਦੀ ਜ਼ਰੂਰਤ ਪੈਂਦੀ ਹੈ।
ਚੇਅਰਮੈਨ ਨੇ ਸੀ.ਐਸ.ਆਰ. ਪਹਿਲਕਦਮੀ ਤਹਿਤ ਤਿੰਨ ਚੈਂਬਰਾਂ ਲਈ 15 ਲੱਖ ਰੁਪਏ ਦਾਨ ਕਰਨ ਲਈ ਹਾਈਵੇਅ ਇੰਡਸਟਰੀ ਤੋਂ ਉਮੇਸ਼ ਮੁੰਜਾਲ, ਅਮੋਲ ਮੁੰਜਾਲ, ਅੰਕੁਰ ਮੁੰਜਾਲ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਮਹੀਨਾ ਪਹਿਲਾਂ ਐਲ.ਪੀ.ਜੀ. ਗੈਸ ਚੈਂਬਰਾਂ ਲਈ ਬੇਨਤੀ ਕੀਤੀ ਸੀ।
ਸ੍ਰੀ ਬਿੰਦਰਾ ਨੇ ਦਾਅਵਾ ਕੀਤਾ ਕਿ ਪੀ.ਵਾਈ.ਡੀ.ਬੀ. ਪਹਿਲਾਂ ਹੀ ਹਰ ਵਰਗ ਦੇ ਸਹਿਯੋਗ ਲਈ ਠੋਸ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਵੱਲੋਂ 2500 ਪੀ.ਪੀ.ਈ. ਕਿੱਟਾਂ ਦੇਣ ਦੇ ਨਾਲ-ਨਾਲ 200 ਟੀਕਾਕਰਨ ਕੈਂਪ ਲਗਾ ਕੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਨਵੀਨ ਕੁਮਾਰ, ਰਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।