ਬਜ਼ੁਰਗ ਦੀ ਦਿ੍ੜਤਾ, ਆਪਣੇ ਵਿਸ਼ਵਾਸ ਲਈ ਫੌਲਾਦੀ ਨਿਸ਼ਚਾ, ਬੇਜੋੜ ਹੌਂਸਲਾ ਅਤੇ ਗਰੀਬ ਖ਼ਲਕਤ ਨਾਲ ਉਸਦੀ ਬੇਪਨਾਹ ਮੁਹੱਬਤ ਹਰ ਸ਼ਖਸ ਦਾ ਧਿਆਨ ਆਪਣੇ ਵੱਲ ਖਿੱਚਦਾ ਰਿਹਾ -ਨਰਾਇਣ ਦੱਤ
ਪਰਦੀਪ ਕਸਬਾ, ਬਰਨਾਲਾ , 6 ਜੁਲਾਈ 2021
ਐਲਗਾਰ ਪ੍ਰੀਸ਼ਦ ਨਾਲ ਜੋੜਕੇ ਭੀਮਾ-ਕੋਰੇਗਾਓਂ ਕੇਸ ਵਿੱਚ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਡੱਕੇ ਆਦਿਵਾਸੀ ਹੱਕਾਂ ਦੇ ਘੁਲਾਟੀਏ ਸਟੇਨ ਸਵਾਮੀ ਜੋ ਦੋ ਦਿਨ ਪਹਿਲਾਂ ਵੈਂਟੀਲੇਟਰ `ਤੇ ਸਨ , ਅਖੀਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਮਹੀਨਾ ਕੁ ਪਹਿਲਾਂ ਉਹ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਉਹ 84 ਸਾਲ ਦੇ ਸਨ । ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਨੇ ਫਿਰ ਵੀ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਅਤੇ ਸਿਰਫ਼ ਜੇਲ੍ਹ ਹਸਪਤਾਲ ਤੋਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜ ਦਿੱਤਾ । ਬੇਸ਼ੱਕ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਜਾਰੀ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ ਸੀ ਪਰ ਇਹ ਸਿਰਫ਼ ਮਗਰਮੱਛ ਦੇ ਹੰਝੂ ਸਨ । ਅਸਲ ਵਿੱਚ ਇਸ ਲੋਕ ਦੋਖੀ ਪੵਬੰਧ ਨੇ ਜਹੀਨ ਬੁੱਧੀਜੀਵੀ ਦਾ ਸਿਆਸੀ ਕਤਲ ਕਰ ਦਿੱਤਾ ਹੈ।
ਇਨਕਲਾਬੀ ਕੇਂਦਰ,ਪੰਜਾਬ ਵੱਲੋਂ ਸਟੇਨ ਸਵਾਮੀ ਦੀ ਮੌਤ ਲਈ ਇਸ ਜਾਬਰ ਤੇ ਲੁਟੇਰੇ ਰਾਜ ਨੂੰ ਜਿੰਮੇਵਾਰ ਠਹਿਰਾਇਆ ਹੈ। ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਸਟੇਨ ਸਵਾਮੀ ਨੇ ਆਪਣੀ ਸਾਰੀ ਉਮਰ ਹਿੰਦੋਸਤਾਨੀ ਆਵਾਮ ਦੇ ਸਭ ਤੋਂ ਦੱਬੇ-ਕੁਚਲੇ ਵਰਗ ਆਦਿ-ਵਾਸੀਆਂ ਦੇ ਕਾਰਪੋਰੇਟੀ ਅਤੇ ਰਾਜਕੀ ਦਮਨ ਖਿਲਾਫ਼ ਸੰਗਰਾਮ ਨੂੰ ਸਮਰਪਿਤ ਕਰ ਦਿੱਤੀ ਸੀ, ਦੇ ਖਿਲਾਫ਼ ਹਕੂਮਤੀ ਤੰਤਰ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ । ਇਹੀ ਜਲ, ਜੰਗਲ, ਜਮੀਨ ਆਦਿਵਾਸੀ ਲੋਕਾਂ ਦੇ ਜੀਵਨ ਅਧਾਰ, ਜੀਵਨ ਸੱਭਿਆਚਾਰ ਹੈ।
ਆਗੂਆਂ ਸਟੇਨ ਸਵਾਮੀ ਬਾਰੇ ਜਾਬਰ ਰਵੱਈਏ ਬਾਰੇ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਪੂਨਾ ਪੁਲਿਸ ਅਤੇ ਉਸ ਤੋਂ ਬਾਅਦ ਮੁਲਕ ਦੀ ਸਭ ਤੋਂ ਤਾਕਤਵਰ “ਅੱਤਵਾਦ ਵਿਰੋਧੀ” ਏਜੰਸੀ ਯਾਨੀ ਕਿ ਕੌਮੀ ਜਾਂਚ ਏਜੰਸੀ/ਐਨ ਆਈ ਏ ਦੀ “ਪੜਤਾਲ” ਤੋਂ ਬਾਅਦ ਫਾਦਰ ਸਟੇਨ ਸਵਾਮੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਹ ਵੀ ਬਗਾਵਤ ਅਤੇ ਦਹਿਸ਼ਤ ਵਰਗੇ ਸੰਗੀਨ ਜੁਰਮ ਅਧੀਨ ਕਿ ਉਹ ਮਾਓਵਾਦੀ ਸੀ, ਮਾਓਵਾਦੀ ਸਰਗਰਮੀਆਂ ਵਿੱਚ ਬਹੁਤ ਹੀ ਸਰਗਰਮ ਸੀ, ਉਹਨਾਂ ਲਈ ਫੰਡ ਇਕੱਠੇ ਕਰਦਾ ਸੀ; ਉਸਤੋਂ ਵੀ ਜਿਆਦਾ ਇਸ ਨਾਲ ਜੁੜੀ ਮਨਹੂਸ ਮਾਓਵਾਦੀ ਭੀਮੇ ਕੋਰੇਗਾਂਵ ਸਾਜਿਸ਼ ਦਾ ਹਿੱਸਾ ਸੀ।
ਉਸ ਨੂੰ ਆਪਣੀ ਗਿ੍ਫ਼ਤਾਰੀ ਦਾ ਖਦਸ਼ਾ ਸੀ, ਇਸ ਕਰਕੇ ਉਸ ਨੇ ਦੋ ਦਿਨ ਪਹਿਲਾਂ ਆਪਣਾ ਬਿਆਨ ਦਰਜ ਕਰਵਾ ਦਿੱਤਾ ਸੀ। ਉਸ ਨੂੰ ਪਤਾ ਸੀ ਕਿ ਜੋ ਉਸ ਨਾਲ ਹੋਣ ਜਾ ਰਿਹਾ ਹੈ,ਉਹ ਕੋਈ ਅਨੋਖੀ ਗੱਲ ਨਹੀਂ। ਪ੍ਰਸਿੱਧ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਵੀਆਂ, ਸਰਗਰਮ ਕਾਰਕੁੰਨਾਂ ਅਤੇ ਵਿਦਿਆਰਥੀ ਆਗੂਆਂ ਨੂੰ ਪਹਿਲਾਂ ਹੀ ਜੇਲੀਂ ਤੁੰਨਿਆ ਜਾ ਚੁੱਕਾ ਸੀ,ਜਿਸਦਾ ਇੱਕ ਹੀ ਕਾਰਣ ਸੀ ਕਿ ਉਹ ਜਨਤਕ ਤੌਰ ਤੇ ਸਰਕਾਰੀ ਨੀਤੀਆਂ ਦੇ ਖਿਲਾਫ਼ ਬੋਲਦੇ ਸਨ। ਉਸਨੇ ਐਲਾਨੀਆ ਕਿਹਾ ਸੀ ਕਿ ਮੈਨੂੰ ਉਹਨਾਂ ਵਰਗਾ ਬਣਕੇ ਨਾਂ ਸਿਰਫ਼ ਸਕੂਨ ਮਿਲਦਾ ਹੈ ਬਲਕਿ ਮੈਂ ਖਾਮੋਸ਼ ਦਰਸ਼ਕ ਬਣਿਆ ਨਹੀਂ ਰਹਿਣਾ ਚਾਹੁੰਦਾ।
ਆਗੂਆਂ ਕਿਹਾ ਕਿ ਇਸ ਬਜ਼ੁਰਗ ਦੀ ਦਿ੍ੜਤਾ, ਆਪਣੇ ਵਿਸ਼ਵਾਸ ਲਈ ਫੌਲਾਦੀ ਨਿਸ਼ਚਾ, ਬੇਜੋੜ ਹੌਂਸਲਾ ਅਤੇ ਗਰੀਬ ਖ਼ਲਕਤ ਨਾਲ ਉਸਦੀ ਬੇਪਨਾਹ ਮੁਹੱਬਤ ਹਰ ਸ਼ਖਸ ਦਾ ਧਿਆਨ ਆਪਣੇ ਵੱਲ ਖਿੱਚਦਾ ਰਿਹਾ ਹੈ। ਬਰਾਜ਼ੀਲੀ ਕੈਥੋਲਿਕ ਆਰਕਬਿਸ਼ਪ ਹੈਲਡਰ ਕੈਮਾਰਾ ਨੂੰ ਉਹ ਆਪਣਾ ਮਾਰਗ ਦਰਸ਼ਕ ਮੰਨਦਾ ਸੀ ਜਿਸਨੇ ਇੱਕ ਵਾਰ ਕਿਹਾ ਸੀ,” ਜਦੋਂ ਮੈਂ ਪੁੱਛਦਾ ਹਾਂ ਕਿ ਲੋਕ ਭੁੱਖੇ ਕਿਵੇਂ ਹਨ ਤਾਂ ਉਹ ਮੈਨੂੰ ਕਮਿਊਨਿਸਟ ਗਰਦਾਨ ਦਿੰਦੇ ਹਨ।” ਇਸੇ ਕਰਕੇ ਸਟੇਨ ਸਵਾਮੀ ਹਮੇਸ਼ਾ ਹਕੂਮਤ ਦੀਆਂ ਅੱਖਾਂ ਵਿੱਚ ਰੋੜ ਬਣਕੇ ਰੜਕਦਾ ਰਿਹਾ। ਭਾਵੇਂ ਹਕੂਮਤ ਨੇ ਸਟੇਨ ਸਵਾਮੀ ਦਾ ਜਿਸਮਾਨੀ ਰੂਪਚ ਕਤਲ ਕਰ ਦਿੱਤਾ ਹੈ ,ਪਰ ਸਟੇਨ ਸਵਾਮੀ ਹਮੇਸ਼ਾ ਹਮੇਸ਼ ਲਈ ਅਮਰ ਹੋ ਗਿਆ ਹੈ। ਉਹ ਸੰਘਰਸ਼ਸ਼ੀਲ ਕਾਫਲਿਆਂ ਲਈ ਵਿਚਾਰਾਂ ਦੇ ਰੂਪਚ ਪ੍ਰੇਰਨਾ ਦਿੰਦਾ ਰਹੇਗਾ। ਇਨਕਲਾਬੀ ਕੇਂਦਰ,ਪੰਜਾਬ ਸਟੇਨ ਸਵਾਮੀ ਵੱਲੋਂ ਜੀਵੀ ਜਿੰਦਗੀ ਉੱਤੇ ਮਾਣ ਮਹਿਸੂਸ ਕਰਦਾ ਹੈ।